ਭਾਰਤੀ ਹਥਿਆਰਬੰਦ ਸੈਨਾਵਾਂ ਦੇ ਸਨਮਾਨ ’ਚ ਭਾਜਪਾ ਨੇ ਫ਼ਿਰੋਜ਼ਪੁਰ ’ਚ ਕੱਢੀ ‘ਤਿਰੰਗਾ ਯਾਤਰਾ’
ਫੌਜਾਂ ਵਲੋਂ ਪਾਕਿ ’ਤੇ ਹਮਲਾ ਕਰਕੇ ਦਿਖਾਇਆ ਜੋਸ਼ ਵਿਸ਼ਵ ਭਰ ’ਚ ਗੂੰਜਿਆ- ਹੀਰਾ ਸੋਢੀ
ਭਾਰਤੀ ਹਥਿਆਰਬੰਦ ਸੈਨਾਵਾਂ ਦੇ ਸਨਮਾਨ ’ਚ ਭਾਜਪਾ ਨੇ ਫ਼ਿਰੋਜ਼ਪੁਰ ’ਚ ਕੱਢੀ ‘ਤਿਰੰਗਾ ਯਾਤਰਾ’
– ਫੌਜਾਂ ਵਲੋਂ ਪਾਕਿ ’ਤੇ ਹਮਲਾ ਕਰਕੇ ਦਿਖਾਇਆ ਜੋਸ਼ ਵਿਸ਼ਵ ਭਰ ’ਚ ਗੂੰਜਿਆ- ਹੀਰਾ ਸੋਢੀ
ਫ਼ਿਰੋਜ਼ਪੁਰ, 15 ਮਈ, 2025: ਅੱਜ ਭਾਜਪਾ ਵਲੋਂ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਸਨਮਾਨ ’ਚ ਫ਼ਿਰੋਜ਼ਪੁਰ ਅੰਦਰ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਕਾਕੜ ਦੀ ਅਗਵਾਈ ਹੇਠ ਤਿਰੰਗਾ ਯਾਤਰਾ ਕੱਢੀ ਗਈ, ਜੋ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਤੋਂ ਰਵਾਨਾ ਹੋਈ ਅਤੇ ਦਿੱਲੀ ਗੇਟ ਫ਼ਿਰੋਜ਼ਪੁਰ ਸ਼ਹਿਰ ਵਿਖੇ ਸਮਾਪਤ ਹੋਈ। ਇਹ ਯਾਤਰਾ ਦੇਸ਼ ਭਗਤੀ ਦੇ ਜੈਕਾਰਿਆਂ ਨਾਲ ਗੂੰਜਦੀ ਰਹੀ, ਕਿਉਂਕਿ ਸੜਕਾਂ ’ਤੇ ‘ਜੈ ਹਿੰਦ’, ‘ਭਾਰਤ ਮਾਤਾ ਕੀ ਜੈ’ ਤੇ ਹਿੰਦੂਸਤਾਨ ਜਿੰਦਾਬਾਦ ਦੇ ਨਾਅਰੇ ਗੂੰਜਦੇ ਰਹੇ।
ਇਸ ਤਿਰੰਗਾ ਯਾਤਰਾ ’ਚ ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਦੇ ਸਪੁੱਤਰ ਅਨੁਮੀਤ ਸਿੰਘ ਹੀਰਾ ਸੋਢੀ ਸਾਬਕਾ ਸੂਚਨਾ ਕਮਿਸ਼ਨਰ ਪੰਜਾਬ ਸ਼ਾਮਿਲ ਹੋਏ, ਜਿੰਨਾਂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਜਿਸ ਤਰ੍ਹਾਂ ਸਾਡੀਆਂ ਤਿੰਨਾਂ ਫੌਜਾਂ ਦੇ ਜਵਾਨਾਂ ਨੇ ਪਾਕਿਸਤਾਨ ਨੂੰ ਜਵਾਬ ਦਿੱਤਾ, ਪੂਰੀ ਦੁਨੀਆ ਨੇ ਉਨ੍ਹਾਂ ਦੀ ਹਿੰਮਤ ਨੂੰ ਸਵੀਕਾਰ ਕੀਤਾ ਹੈ।
ਫੌਜਾਂ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਕੋਈ ਭਾਰਤ ਨੂੰ ਛੇੜਦਾ ਹੈ ਤਾਂ ਅਸੀਂ ਉਨ੍ਹਾਂ ਨੂੰ ਬਖਸ਼ਾਂਗੇ ਨਹੀਂ। ਉਨ੍ਹਾਂ ਕਿਹਾ ਕਿ ਇਹ ਅੱਜ ਕੋਈ ਪਾਰਟੀ ਦਾ ਪ੍ਰੋਗਰਾਮ ਨਹੀਂ ਹੈ, ਇਹ ਹਿੰਦੂਸਤਾਨ ਦਾ ਪ੍ਰੋਗਰਾਮ ਹੈ ਅਤੇ ਦੇਸ਼ ਦੀ ਏਕਤਾ ਦਾ ਸਬੂਤ ਦੇਣ ਵਾਲਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਭਾਰਤ ਦੀ ਸ਼ਾਂਤੀ ਨੂੰ ਕਮਜ਼ੋਰੀ ਨਾ ਸਮਝੇ। ਆਪੇ੍ਰਸ਼ਨ ਸਿੰਧੂਰ ਜ਼ਰੀਏ ਭਾਰਤ ਨੇ ਪਹਿਲਗਾਮ ਦਾ ਬਦਲਾ ਲਿਆ ਹੈ ਅਤੇ ਪਾਕਿਸਤਾਨ ਵਿਚਲੇ 9 ਅੱਤਵਾਦੀ ਟਿਕਾਣੇ ਤਬਾਹ ਕਰ ਦਿੱਤੇ ਹਨ। ਹੀਰਾ ਸੋਢੀ ਨੇ ਕਿਹਾ ਕਿ ਭਾਰਤੀ ਸੈਨਿਕਾਂ ਨੇ ਜਿਹੜੇ ਹਮਲੇ ਕਰਕੇ ਆਪਣਾ ਜੋਸ਼ ਦਿਖਾਇਆ ਹੈ, ਉਸ ਦਾ ਨਤੀਜਾ ਸਾਰੇ ਵਿਸ਼ਵ ਵਿਚ ਗੂੰਜ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪੇ੍ਰਸ਼ਨ ਸਿੰਧੂਰ ਕਰਕੇ ਭਾਰਤ ਨੇ ਵਿਸ਼ਵ ਨੂੰ ਦੱਸ ਦਿੱਤਾ ਹੈ ਕਿ ਭਾਰਤ ਅੱਤਵਾਦ ਨੂੰ ਬਰਦਾਸ਼ਤ ਨਹੀਂ ਕਰੇਗਾ।
ਇਸ ਮੌਕੇ ਦਵਿੰਦਰ ਸਿੰਘ ਜੰਗ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਭਾਜਪਾ, ਨਸੀਬ ਸਿੰਘ ਸੰਧੂ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਹਰਿੰਦਰ ਸਿੰਘ ਕੁਲ ਜ਼ਿਲ੍ਹਾ ਵਾਈਸ ਪ੍ਰਧਾਨ ਭਾਜਪਾ, ਲਖਬੀਰ ਸਿੰਘ ਸੰਧੂ ਮੰਡਲ ਪ੍ਰਧਾਨ ਝੋਕ ਹਰੀ ਹਰ, ਰਾਜਨਬੀਰ ਸਿੰਘ ਢਿੱਲੋਂ, ਮਨਜੀਤ ਸਿੰਘ ਧੰਜੂ, ਅਸ਼ੋਕ ਬਹਿਲ, ਅਸ਼ਵਨੀ ਗਰੋਵਰ, ਦਵਿੰਦਰ ਬਜਾਜ, ਰਾਜੇਸ਼ ਨਿੰਦੀ, ਅਮਰਜੀਤ ਸਿੰਘ ਘਾਰੂ, ਇੰਦਰ ਗੁਪਤਾ ਆਦਿ ਵੱਡੀ ਗਿਣਤੀ ’ਚ ਭਾਜਪਾ ਵਰਕਰ ਹਾਜ਼ਰ ਸਨ।