ਜਾਤੀ ਅਧਾਰਤ ਜਨਗਣਨਾ ਹੋਣ ਨਾਲ ਓਬੀਸੀ ਭਾਈਚਾਰੇ ਦੀ ਅਸਲ ਤਸਵੀਰ ਆਏਗੀ ਸਾਹਮਣੇ : ਪਾਲਾ ਬੱਟੀ, ਜਸਪਾਲ ਹਾਂਡਾ
ਜਨਗਣਨਾ ਮਗਰੋਂ ਬੀਸੀ ਭਾਈਚਾਰੇ ਨੂੰ ਮਿਲੇਗਾ ਬਣਦਾ ਹੱਕ: ਭਗਵਾਨ ਸਿੰਘ ਸਾਮਾ,ਐਡਵੋਕੇਟ ਬਲਜੀਤ ਸਿੰਘ ਕੰਬੋਜ਼
ਜਾਤੀ ਅਧਾਰਤ ਜਨਗਣਨਾ ਹੋਣ ਨਾਲ ਓਬੀਸੀ ਭਾਈਚਾਰੇ ਦੀ ਅਸਲ ਤਸਵੀਰ ਆਏਗੀ ਸਾਹਮਣੇ : ਪਾਲਾ ਬੱਟੀ, ਜਸਪਾਲ ਹਾਂਡਾ
ਜਨਗਣਨਾ ਮਗਰੋਂ ਬੀਸੀ ਭਾਈਚਾਰੇ ਨੂੰ ਮਿਲੇਗਾ ਬਣਦਾ ਹੱਕ: ਭਗਵਾਨ ਸਿੰਘ ਸਾਮਾ,ਐਡਵੋਕੇਟ ਬਲਜੀਤ ਸਿੰਘ ਕੰਬੋਜ਼
ਫਿਰੋਜ਼ਪੁਰ, ਮਈ 3, 2025: ਕੇਂਦਰ ਸਰਕਾਰ ਵੱਲੋਂ ਸਮੁੱਚੇ ਭਾਰਤ ਦੇਸ਼ ਵਿੱਚ ਜਾਤੀ ਅਧਾਰਿਤ ਜਨਗਣਨਾ ਕਰਾਉਣ ਸਬੰਧੀ ਲਏ ਗਏ ਫੈਸਲੇ ਦਾ ਪੂਰੇ ਭਾਰਤ ਦੇਸ਼ ਵਿੱਚ ਓਬੀਸੀ ਭਾਈਚਾਰੇ ਦੇ ਸੰਗਠਨਾਂ ਵੱਲੋਂ ਭਰਪੂਰ ਸਵਾਗਤ ਕੀਤਾ ਜਾ ਰਿਹਾ ਹੈ। ਪਿਛਲੇ ਲੰਬੇ ਸਮੇਂ ਤੋਂ ਇੰਟਰਨੈਸ਼ਨਲ ਸਰਵ ਕੰਬੋਜ ਸਮਾਜ (ਰਜਿ:) ਅਤੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਕਮੇਟੀ (ਰਜਿ:) ਫਿਰੋਜਪੁਰ ਵੱਲੋਂ ਭਾਰਤ ਸਰਕਾਰ,ਨੈਸ਼ਨਲ ਕਮਿਸ਼ਨ ਫਾਰ ਬੈਕਵਰਡ ਕਲਾਸ ਸਮੇਤ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਦੇ ਮੁਖੀਆਂ ਤੇ ਨੁਮਾਇੰਦਿਆਂ ਨੂੰ ਅਨੇਕਾਂ ਵਾਰ ਮੰਗ ਪੱਤਰ ਭੇਜ ਕੇ ਜਾਤੀ ਅਧਾਰਤ ਜਨਗਣਨਾ ਕਰਵਾਉਣ ਅਤੇ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਸਬੰਧੀ ਲਿਖਿਆ ਗਿਆ ਸੀ।
ਇਸੇ ਸੰਦਰਭ ਵਿੱਚ ਕੇਂਦਰ ਸਰਕਾਰ ਵੱਲੋਂ ਓਬੀਸੀ ਭਾਈਚਾਰੇ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇਹ ਕਦਮ ਪੁੱਟਿਆ ਗਿਆ ਜਾਪਦਾ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਕਬਾਲ ਚੰਦ ਕੰਬੋਜ ਪਾਲਾ ਬੱਟੀ ਰਾਸ਼ਟਰੀ ਪ੍ਰਧਾਨ ਇੰਟਰਨੈਸ਼ਨਲ ਸਰਵ ਕੰਬੋਜ਼ ਸਮਾਜ ਨੇ ਕਰਦਿਆਂ ਦੱਸਿਆ ਕਿ ਜਾਤੀ ਅਧਾਰਤ ਜਨਗਣਨਾ ਹੋਣ ਨਾਲ ਸਮੁੱਚੇ ਦੇਸ਼ ਵਿੱਚ ਓਬੀਸੀ ਭਾਈਚਾਰੇ ਦੀ ਅਸਲ ਤਸਵੀਰ ਸਾਹਮਣੇ ਆਵੇਗੀ ਅਤੇ ਪਿਛਲੇ ਲੰਬੇ ਸਮੇਂ ਤੋਂ ਦਾਖਲਿਆਂ, ਨੌਕਰੀਆਂ,ਤਰੱਕੀਆਂ ਆਦਿ ਲਈ ਮੰਗ ਕਰ ਰਹੇ ਦੇਸ਼ਵਾਸੀਆਂ ਨੂੰ ਬਣਦਾ ਹੱਕ ਮਿਲੇਗਾ।
ਭਗਵਾਨ ਸਿੰਘ ਸਾਮਾ ਨੂਰਪੁਰ ਪ੍ਰਧਾਨ ਸ਼ਹੀਦ ਊਧਮ ਸਿੰਘ ਮਮੋਰੀਅਲ ਕਮੇਟੀ ਨੇ ਗੱਲਬਾਤ ਦੌਰਾਨ ਕਿਹਾ ਕਿ ਜਾਤੀ ਅਧਾਰਤ ਜਨਗਣਨਾ ਹੋਣ ਨਾਲ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਤੌਰ ਤੇ ਪੱਛੜੇ ਹੋਏ ਪਛੜੀਆਂ ਸ਼੍ਰੇਣੀਆਂ ਭਾਈਚਾਰੇ ਨੂੰ ਹੁਣ ਬਣਦਾ ਹੱਕ ਮਿਲਣ ਦੀ ਆਸ ਜਾਗੀ ਹੈ।ਇਸੇ ਸੰਦਰਭ ਵਿੱਚ ਗੱਲਬਾਤ ਕਰਦੇ ਹੋਏ ਜਸਪਾਲ ਹਾਂਡਾ ਮੁੱਖ ਸਲਾਹਕਾਰ ਇੰਟਰਨੈਸ਼ਨਲ ਸਰਬ ਕੰਬੋਜ ਸਮਾਜ ਨੇ ਕਿਹਾ ਕਿ ਜਾਤੀ ਅਧਾਰਤ ਜਨਗਣਨਾ ਹੋਣ ਤੋਂ ਬਾਅਦ ਅੰਕੜੇ ਸਾਹਮਣੇ ਆਉਣ ਨਾਲ ਪਂਛੜੀਆਂ ਸ਼੍ਰੇਣੀਆਂ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਦਾ ਸਰਬ ਪੱਖੀ ਵਿਕਾਸ ਕਰਨ ਲਈ ਨੀਤੀਆਂ ਦਾ ਬਣਨਾ ਆਸਾਨ ਹੋ ਜਾਏਗਾ।ਇਸ ਨਾਲ 50 ਪ੍ਰਤੀਸ਼ਤ ਰਾਖਵੇਂਕਰਨ ਦੀ ਹੱਦ ਖਤਮ ਹੋਣ ਦੀ ਵੀ ਸੰਭਾਵਨਾ ਹੈ।
ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲੀ ਜਾਤੀ ਅਧਾਰਤ ਜਨਗਣਨਾ 1881 ਅਤੇ ਸਭ ਤੋਂ ਅਖੀਰਲੀ ਜਾਤੀ ਅਧਾਰਤ ਜਨਗਣਨਾ ਸੰਨ 1941 ਵਿੱਚ ਹੋਈ ਸੀ ਪਰ ਦੂਸਰੇ ਵਿਸ਼ਵ ਯੁੱਧ ਕਾਰਨ ਅੰਕੜੇ ਜਾਰੀ ਨਹੀਂ ਕੀਤੇ ਜਾ ਸਕੇ। ਆਜ਼ਾਦ ਭਾਰਤ ਵਿੱਚ ਓਬੀਸੀ ਭਾਈਚਾਰੇ ਨਾਲ ਸਬੰਧਿਤ ਜੋ ਵੀ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ,ਇਹ 1931 ਵਿੱਚ ਹੋਈ ਜਾਤੀ ਅਧਾਰਤ ਜਨਗਣਨਾ ਨੂੰ ਆਧਾਰ ਬਣਾ ਕੇ ਹੀ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਆਜ਼ਾਦੀ ਤੋਂ ਬਾਅਦ ਹਰੇਕ 10 ਸਾਲ ਬਾਅਦ ਮਰਦਮਸ਼ੁਮਾਰੀ ਤਾਂ ਹੁੰਦੀ ਹੈ ਲੇਕਿਨ ਕੇਵਲ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨ ਜਾਤੀ ਨੂੰ ਹੀ ਮਰਦਮਸ਼ੁਮਾਰੀ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ,ਜਦਕਿ ਓਬੀਸੀ ਜਾਤੀ ਨੂੰ ਇਸ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ।ਬੜੇ ਲੰਬੇ ਸਮੇਂ ਦੇ ਸੰਘਰਸ਼ ਤੋਂ ਬਾਅਦ ਜਾਤੀ-ਅਧਾਰਤ ਮਰਦਮਸ਼ੁਮਾਰੀ ਹੋਣ ਦੀ ਆਸ ਜਾਗੀ ਹੈ।
ਇਸ ਸਮੇਂ ਐਡਵੋਕੇਟ ਬਲਜੀਤ ਸਿੰਘ ਨੇ ਦੱਸਿਆ ਕਿ ਕੰਬੋਜ ਭਾਈਚਾਰੇ ਵੱਲੋਂ ਪਿਛਲੇ ਸਾਲ ਗੋਲੂ ਕਾ ਮੋੜ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਇੱਕ ਵਿਸ਼ਾਲ ਕੰਬੋਜ ਭਾਈਚਾਰਾ ਸੰਮੇਲਨ ਕੀਤਾ ਗਿਆ ਸੀ ਜਿਸ ਦਾ ਮੁੱਖ ਮੰਤਵ ਜਾਤੀ ਅਧਾਰਤ ਜਨਗਣਨਾ ਕਰਵਾਉਣਾ, ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਤੁਰੰਤ ਲਾਗੂ ਕਰਨਾ ਅਤੇ ਕੰਬੋਜ ਜਾਤੀ ਨੂੰ ਪਛੜੀਆਂ ਸ਼੍ਰੇਣੀਆਂ ਵਿੱਚੋਂ ਬਾਹਰ ਨਾ ਕੱਢਣ ਸਬੰਧੀ ਮਤੇ ਪੇਸ਼ ਕੀਤੇ ਗਏ ਸਨ ਅਤੇ ਪੱਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਸੰਗਠਨਾਂ ਨੇ ਇਨ੍ਹਾਂ ਮਤਿਆਂ ਦੀ ਪ੍ਰਵਾਨਗੀ ਸਬੰਧੀ ਇੱਕਮੁਠਤਾ ਦੀ ਇਹਨਾਂ ਦਾ ਪ੍ਰਗਟਾਵਾ ਕੀਤਾ ਸੀ।
ਇਸ ਤੋਂ ਇਲਾਵਾ ਜਸਬੀਰ ਸਿੰਘ ਆਬਕਾਰੀ ਵਿਭਾਗ,ਪਰਮਿੰਦਰ ਹਾਂਡਾ,ਜਸਬੀਰ ਜੋਸਨ, ਰਣਦੀਪ ਹਾਂਡਾ,ਸਰਬਜੀਤ ਸਿੰਘ ਭਾਵੜਾ, ਸੁਖਦੇਵ ਬੱਟੀ,ਹਰਬੰਸ ਲਾਲ ਪੱਪੂ ਸਰਪੰਚ ਆਦਿ ਹਾਜ਼ਰ ਸਨ।





