“ਯੂਥ ਚੱਲਿਆ ਬੂਥ” ਤਹਿਤ ਵੋਟਰ ਜਾਗਰੂਕਤਾ ਵਾਕਥਨ ਦਾ ਆਯੋਜਨ
ਨੌਜਵਾਨ ਵੋਟਰਾਂ ਨੇ ਵਾਕਥਨ ਰਾਹੀਂ ਵੋਟ ਪਾਉਣ ਦਾ ਦਿੱਤਾ ਸੁਨੇਹਾ
ਲੋਕ ਸਭਾ ਚੋਣਾਂ 2024
“ਯੂਥ ਚੱਲਿਆ ਬੂਥ” ਤਹਿਤ ਵੋਟਰ ਜਾਗਰੂਕਤਾ ਵਾਕਥਨ ਦਾ ਆਯੋਜਨ
ਨੌਜਵਾਨ ਵੋਟਰਾਂ ਨੇ ਵਾਕਥਨ ਰਾਹੀਂ ਵੋਟ ਪਾਉਣ ਦਾ ਦਿੱਤਾ ਸੁਨੇਹਾ
ਫ਼ਿਰੋਜ਼ਪੁਰ, 30 ਮਈ 2024:
ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਵੋਟਰਾਂ ਖਾਸਕਰ ਨੌਜਵਾਨ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ “ਯੂਥ ਚੱਲਿਆ ਬੂਥ” ਦੇ ਬੈਨਰ ਹੇਠ ਵੋਟਰ ਜਾਗਰੂਕਤਾ ਵਾਕਥਨ ਸਥਾਨਕ ਹਾਕੀ ਸਟੇਡੀਅਮ ਤੋਂ ਆਯੋਜਿਤ ਕੀਤੀ ਗਈ। ਇਸ ਮੌਕੇ ਵਾਕਥਨ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਨੌਜਵਾਨਾਂ ਵੱਲੋਂ ਵੋਟਰ ਪ੍ਰਣ, ਸੈਲਫ਼ੀ ਬੋਰਡ ਨਾਲ ਸੈਲਫ਼ੀ ਕਰਵਾ ਕੇ ਵੋਟ ਪਾਉਣ ਦਾ ਅਹਿਦ ਲਿਆ ਗਿਆ। ਇਸ ਵਾਕਥਨ ਨੂੰ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਫ਼ਿਰੋਜ਼ਪੁਰ ਡਾ. ਚਾਰੂਮਿਤਾ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਉਨ੍ਹਾਂ ਨਾਲ ਸਹਾਇਕ ਕਮਿਸ਼ਨਰ (ਜ) ਸ੍ਰੀ ਸੂਰਜ, ਤਹਿਸੀਲਦਾਰ ਚੋਣਾਂ ਸ੍ਰੀ ਚਾਂਦ ਪ੍ਰਕਾਸ਼ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਇਸ ਮੌਕੇ ਡਾ. ਚਾਰੂਮਿਤਾ ਨੇ ਕਿਹਾ ਕਿ ਚੋਣ ਕਮਿਸ਼ਨਰ ਵੱਲੋਂ ਲੋਕ ਸਭਾ ਚੋਣਾਂ ਲਈ ਦਿੱਤੇ “ਇਸ ਵਾਰ 70 ਪਾਰ” ਦੇ ਟੀਚੇ ਨੂੰ ਹਾਸਲ ਕਰਨ ਦੇ ਮੰਤਵ ਨਾਲ ਸਵੀਪ ਪ੍ਰੋਗਰਾਮ ਅਧੀਨ ਜ਼ਿਲ੍ਹੇ ਅੰਦਰ ਜੰਗੀ ਪੱਧਰ ‘ਤੇ ਜਾਗਰੂਕਤਾ ਗਤੀਵਿਧੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਅੱਜ ਨੌਜਵਾਨਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਨ ਵਾਸਤੇ ਇਸ ਵਾਕਥਨ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 01 ਜੂਨ ਨੂੰ ਹੋਣ ਵਾਲੀਆਂ ਵੋਟਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਦੱਸਿਆ ਕਿ ਵੋਟਾਂ ਪਾਉਣ ਦਾ ਸਮਾਂ ਸਵੇਰੇ 07:00 ਵਜੇ ਤੋਂ ਲੈਕੇ ਸ਼ਾਮ 06:00 ਵਜੇ ਤੱਕ ਹੈ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਹੀਟ ਵੇਵ / ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਵੇਰੇ ਛੇਤੀ ਤੋਂ ਛੇਤੀ ਵੋਟ ਪਾ ਕੇ ਘਰ ਪਰਤਿਆ ਜਾਵੇ।
ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ਼੍ਰੀ ਸੂਰਜ ਨੇ ਵੀ ਵੋਟਰਾਂ ਨੂੰ ਵੋਟ ਜ਼ਰੂਰ ਪਾਉਣ ਦਾ ਸੁਨੇਹਾ ਦਿੱਤਾ। ਉਨ੍ਹਾਂ ਦੱਸਿਆ ਕਿ 1 ਜੂਨ ਨੂੰ ਵੋਟਿੰਗ ਵਾਲੇ ਦਿਨ ਵੋਟਰਾਂ ਨੂੰ ਗਰਮੀ ਤੋਂ ਬਚਾਉਣ ਲਈ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ।
ਵਾਕਥਨ ਵਿੱਚ ਪਹਿਲਾ ਸਥਾਨ ਗੁਰਜੀਤ ਸਿੰਘ, ਦੂਸਰਾ ਸਥਾਨ ਮਨਮੀਤ ਸਿੰਘ ਅਤੇ ਤੀਜਾ ਸਥਾਨ ਰਨਬੀਰ ਸਿੰਘ ਤੇ ਗਗਨਦੀਪ ਕੌਰ ਨੇ ਹਾਸਲ ਕੀਤਾ। ਪਹਿਲੇ ਦੱਸ ਸਥਾਨਾਂ ਤੇ ਆਉਣ ਵਾਲੇ ਨੌਜਵਾਨਾਂ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਵੱਲੋਂ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਸਵੀਪ ਕੌਆਰਡੀਨੇਟਰ ਡਾ. ਸਤਿੰਦਰ ਸਿੰਘ, ਸਕੱਤਰ ਰੈੱਡ ਕਰਾਸ ਸ੍ਰੀ ਅਸ਼ੋਕ ਬਹਿਲ, ਡੀ.ਡੀ.ਐਫ਼. ਸ੍ਰੀ ਸੌਰਭ ਕੁਮਾਰ, ਸਵੀਪ ਕੌਆਰਡੀਨੇਟਰ ਕਮਲ ਸ਼ਰਮਾ, ਲਖਵਿੰਦਰ ਸਿੰਘ, ਡਾ. ਬੋਹੜ ਸਿੰਘ, ਰਜਿੰਦਰ ਕੁਮਾਰ, ਸਰਬਜੀਤ ਸਿੰਘ ਭਾਵੜਾ, ਅਮਰਜੋਤੀ ਮਾਂਗਟ, ਹਾਕੀ ਕੋਚ ਮਨਮੀਤ ਸਿੰਘ ਰੂਬਲ, ਸਵੀਮਿੰਗ ਕੋਚ ਗਗਨ ਮਾਟਾ, ਕੋਚ ਗੁਰਜੀਤ ਸਿੰਘ, ਕਬੱਡੀ ਕੋਚ ਅਵਤਾਰ ਕੌਰ ਸਮੇ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।