Ferozepur News

ਗੁਰੂਹਰਸਹਾਏ ਵਿਖੇ ਹਲਕਾ ਪੱਧਰੀ ਚੋਣ ਸਾਖਰਤਾ ਮੁਕਾਬਲੇ ਕਰਵਾਏ ਗਏ

9 ਵਿੱਦਿਅਕ ਸੰਸਥਾਵਾਂ ਦੇ 28 ਵਿਦਿਆਰਥੀਆਂ ਨੇ ਲੇਖ ਲਿਖਣ ਅਤੇ ਕੁਇਜ਼ ਮੁਕਾਬਲਿਆਂ ਵਿੱਚ ਦਿਖਾਈ ਆਪਣੀ ਪ੍ਰਤਿਭਾ

ਗੁਰੂਹਰਸਹਾਏ ਵਿਖੇ ਹਲਕਾ ਪੱਧਰੀ ਚੋਣ ਸਾਖਰਤਾ ਮੁਕਾਬਲੇ ਕਰਵਾਏ ਗਏ

ਗੁਰੂਹਰਸਹਾਏ ਵਿਖੇ ਹਲਕਾ ਪੱਧਰੀ ਚੋਣ ਸਾਖਰਤਾ ਮੁਕਾਬਲੇ ਕਰਵਾਏ ਗਏ

9 ਵਿੱਦਿਅਕ ਸੰਸਥਾਵਾਂ ਦੇ 28 ਵਿਦਿਆਰਥੀਆਂ ਨੇ ਲੇਖ ਲਿਖਣ ਅਤੇ ਕੁਇਜ਼ ਮੁਕਾਬਲਿਆਂ ਵਿੱਚ ਦਿਖਾਈ ਆਪਣੀ ਪ੍ਰਤਿਭਾ

ਫਿਰੋਜ਼ਪੁਰ, 17-11-2026: ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਫਿਰੋਜ਼ਪੁਰ ਸ੍ਰੀਮਤੀ ਦੀਪਸ਼ਿਖਾ ਸ਼ਰਮਾ (ਆਈ.ਏ.ਐੱਸ.) ਦੀ ਰਹਿਨੁਮਾਈ, ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਐੱਸ.ਡੀ.ਐੱਮ. ਗੁਰੂਹਰਸਹਾਏ ਸ੍ਰੀ ਹਰਦੀਪ ਸਿੰਘ (ਪੀ.ਸੀ.ਐੱਸ.) ਦੀ ਅਗਵਾਈ ਅਤੇ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਡਾ. ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਿਧਾਨ ਸਭਾ ਹਲਕਾ 78-ਗੁਰੂਹਰਸਹਾਏ ਦੇ ਹਲਕਾ ਪੱਧਰੀ ਚੋਣ ਸਾਖਰਤਾ ਕਲੱਬ ਮੁਕਾਬਲੇ ਸਕੂਲ ਆਫ਼ ਐਮੀਨੈਂਸ, ਗੁਰੂਹਰਸਹਾਏ ਵਿਖੇ ਕਰਵਾਏ ਗਏ।

ਪ੍ਰਿੰਸੀਪਲ ਸ. ਕਰਨ ਸਿੰਘ ਧਾਲੀਵਾਲ , ਸੁਪਰਡੈਂਟ ਕੇਵਲ ਕ੍ਰਿਸ਼ਨ ਦੀ ਦੇਖ-ਰੇਖ ਅਤੇ ਹਲਕਾ ਸਵੀਪ ਕੋਆਰਡੀਨੇਟਰ ਸ. ਪਰਵਿੰਦਰ ਸਿੰਘ ਦੇ ਤਾਲਮੇਲ ਨਾਲ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ 6 ਸਕੂਲਾਂ ਅਤੇ 3 ਕਾਲਜਾਂ ਦੇ ਕੁੱਲ 28 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਲੇਖ ਲਿਖਣ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ‘ਸ਼ੁੱਧ ਵੋਟਰ ਸੂਚੀ ਦਾ ਮਹੱਤਵ’ ਅਤੇ ‘ਵੋਟ ਪਾਉਣ ਦਾ ਮਹੱਤਵ’ ਵਿਸ਼ਿਆਂ ਉੱਤੇ ਆਪਣੇ ਵਿਚਾਰ ਪੇਸ਼ ਕੀਤੇ। ਕੁਇਜ਼ ਮੁਕਾਬਲੇ ਲਈ ਪਹਿਲਾਂ ਸਕ੍ਰੀਨਿੰਗ ਟੈਸਟ ਲਿਆ ਗਿਆ, ਉਪਰੰਤ ਚਾਰ ਰਾਊਂਡਾਂ ਵਿੱਚ ਵੋਟਰ ਰਜਿਸਟ੍ਰੇਸ਼ਨ, ਵੋਟਰ ਸੂਚੀ ਦੀ ਤਿਆਰੀ, ਈ.ਵੀ.ਐਮ ਅਤੇ ਵੀ.ਵੀ.ਪੈਟ, ਮਤਦਾਨ ਪ੍ਰਕਿਰਿਆ ਅਤੇ ਵੋਟਾਂ ਦੀ ਗਿਣਤੀ ਨਾਲ ਸਬੰਧਤ ਪ੍ਰਸ਼ਨਾਂ ਰਾਹੀਂ ਵਿਦਿਆਰਥੀਆਂ ਦੀ ਚੋਣ ਪ੍ਰਣਾਲੀ ਬਾਰੇ ਜਾਣਕਾਰੀ ਪਰਖੀ ਗਈ।

ਸਕੂਲ ਵਰਗ ਦੇ ਲੇਖ ਲਿਖਣ ਮੁਕਾਬਲੇ ਵਿੱਚ ਸਕੂਲ ਆਫ਼ ਐਮੀਨੈਂਸ ਗੁਰੂਹਰਸਹਾਏ ਦੀਆਂ ਮਾਨਵਤੀ ਅਤੇ ਮਨਪ੍ਰੀਤ ਕੌਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜੇ ਕੇ ਉਤਾੜ ਦੀਆਂ ਸਿਮਰਨਜੀਤ ਕੌਰ ਅਤੇ ਮਨਪ੍ਰੀਤ ਕੌਰ ਨੇ ਸਾਂਝੇ ਤੌਰ ’ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖੋ ਕੇ ਬਹਿਰਾਮ ਦੇ ਪਰਗਟ ਸਾਹਿਬ ਸਿੰਘ ਅਤੇ ਰਜਨੀ ਨੇ ਦੂਜਾ ਸਥਾਨ ਅਤੇ ਸਰਕਾਰੀ ਹਾਈ ਸਕੂਲ ਖੁੰਦਰ ਉਤਾੜ ਦੇ ਲਖਵਿੰਦਰ ਸਿੰਘ ਅਤੇ ਰਿੰਕੂ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕੁਇਜ਼ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖੋ ਕੇ ਬਹਿਰਾਮ ਦੀਆਂ ਮੁਸਕਾਨਪ੍ਰੀਤ ਕੌਰ ਅਤੇ ਸਿਮਰਨਜੀਤ ਕੌਰ ਨੇ ਪਹਿਲਾ, ਸਰਕਾਰੀ ਹਾਈ ਸਕੂਲ ਮੋਹਨ ਕੇ ਹਿਠਾੜ ਦੀਆਂ ਸੋਨਿਕਾ ਅਤੇ ਸੀਰਤ ਨੇ ਦੂਜਾ ਅਤੇ ਸਕੂਲ ਆਫ਼ ਐਮੀਨੈਂਸ ਗੁਰੂਹਰਸਹਾਏ ਦੇ ਪ੍ਰਤਿੱਗਿਆ ਅਤੇ ਆਰੀਅਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਕਾਲਜ ਵਰਗ ਦੇ ਲੇਖ ਲਿਖਣ ਮੁਕਾਬਲੇ ਵਿੱਚ ਅਗਰਵਾਲ ਨਰਸਿੰਗ ਕਾਲਜ ਦੀਆਂ ਬਿੰਦਰ ਕੌਰ ਅਤੇ ਜਸ਼ਨਪ੍ਰੀਤ ਕੌਰ ਨੇ ਪਹਿਲਾ, ਐੱਚ.ਕੇ.ਐੱਲ. ਕਾਲਜ ਆਫ਼ ਨਰਸਿੰਗ ਦੀਆਂ ਕੋਮਲਪ੍ਰੀਤ ਕੌਰ ਅਤੇ ਨੇਹਾ ਨੇ ਦੂਜਾ ਅਤੇ ਐੱਸ.ਯੂ.ਐੱਸ. ਕਾਲਜ ਮੋਹਨ ਕੇ ਦੀਆਂ ਦੋਵੇਂ ਵਿਦਿਆਰਥਣਾਂ ਮਨਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਕਾਲਜ ਵਰਗ ਦੇ ਕੁਇਜ਼ ਮੁਕਾਬਲੇ ਵਿੱਚ ਅਗਰਵਾਲ ਕਾਲਜ ਦੇ ਦਾਰਿਸ ਅਤੇ ਐਸ਼ਪ੍ਰੀਤ ਕੌਰ ਨੇ ਪਹਿਲਾ, ਐੱਸ.ਯੂ.ਐੱਸ. ਕਾਲਜ ਮੋਹਨ ਕੇ ਦੇ ਮਨੀਸ਼ਾ ਅਤੇ ਸ਼ੁਭਿੰਦਰ ਸਿੰਘ ਨੇ ਦੂਜਾ ਅਤੇ ਐੱਚ.ਕੇ.ਐੱਲ. ਕਾਲਜ ਆਫ਼ ਨਰਸਿੰਗ ਦੇ ਮਨਪ੍ਰੀਤ ਸਿੰਘ ਅਤੇ ਮਨਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਅਤੇ ਹੋਰਨਾਂ ਭਾਗੀਦਾਰਾਂ ਨੂੰ ਸ਼ਮੂਲੀਅਤ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਦਾ ਉਦੇਸ਼ ਵਿਦਿਆਰਥੀਆਂ ਨੂੰ ਭਾਰਤੀ ਚੋਣ ਪ੍ਰਣਾਲੀ ਨਾਲ ਜਾਣੂ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਅੰਦਰ ਸੁਤੰਤਰ, ਨਿਰਪੱਖ ਅਤੇ ਨੈਤਿਕ ਮਤਦਾਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ।

ਸਵੀਪ ਪ੍ਰੋਗਰਾਮ ਤਹਿਤ ਪੰਜਾਬ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਕੀਤਾ ਗਿਆ ਇਹ ਉਪਰਾਲਾ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਵੋਟਰ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣ ਦੀ ਦਿਸ਼ਾ ਵਿੱਚ ਇੱਕ ਸਾਰਥਕ ਕਦਮ ਹੈ। ਅਜਿਹੇ ਮੁਕਾਬਲੇ ਵਿਦਿਆਰਥੀਆਂ ਲਈ ਸਿਰਫ਼ ਆਪਣੀ ਪ੍ਰਤਿਭਾ ਦੇ ਪ੍ਰਦਰਸ਼ਨ ਦਾ ਮੌਕਾ ਹੀ ਨਹੀਂ, ਸਗੋਂ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਸਮਝਣ ਅਤੇ ਜੀਵਨ ਵਿੱਚ ਅਪਣਾਉਣ ਦਾ ਇੱਕ ਪ੍ਰਭਾਵਸ਼ਾਲੀ ਮਾਧਿਅਮ ਵੀ ਹਨ।

ਇਸ ਮੌਕੇ , ਪ੍ਰੋਫੈਸਰ ਵਰੁਣ ਮੈਣੀ ਮੁਨੀਸ਼ ਮੋਂਗਾ, ਮੈਡਮ ਐਲਿਸ਼ਾ, ਮੈਡਮ ਸੁਧਾ ਦੇਵੀ, ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਨੁਮਾਇੰਦੇ ਅਤੇ ਵਿਦਿਆਰਥੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button