
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ 2 ਰੋਜ਼ਾ ਲਾਅਨ ਟੈਨਿਸ ਮੁਕਾਬਲੇ ਸਫਲਤਾਪੂਰਵਕ ਸੰਪੰਨ

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ 2 ਰੋਜ਼ਾ ਲਾਅਨ ਟੈਨਿਸ ਮੁਕਾਬਲੇ ਸਫਲਤਾਪੂਰਵਕ ਸੰਪੰਨ
ਫ਼ਿਰੋਜ਼ਪੁਰ, 1-10-2026:ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫ਼ਿਰੋਜ਼ਪੁਰ ਵਿਖੇ ਚੱਲ ਰਹੇ ਸਾਲਾਨਾ ਖੇਡ ਮੁਕਾਬਲਿਆਂ ਦੀ ਲੜੀ ਤਹਿਤ 30 ਸਤੰਬਰ ਅਤੇ 1 ਅਕਤੂਬਰ 2026 ਨੂੰ 2 ਰੋਜ਼ਾ ਲਾਅਨ ਟੈਨਿਸ (Lawn Tennis) ਮੈਚਾਂ ਦਾ ਆਯੋਜਨ ਬੜੀ ਧੂਮਧਾਮ ਨਾਲ ਕੀਤਾ ਗਿਆ। ਇਹ ਮੁਕਾਬਲੇ ਯੂਨੀਵਰਸਿਟੀ ਦੇ ਮਾਣਯੋਗ ਵਾਈਸ ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਜੀ ਦੀ ਯੋਗ ਰਹਿਨੁਮਾਈ ਹੇਠ ਸਫਲਤਾਪੂਰਵਕ ਕਰਵਾਏ ਗਏ।
ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਾਜੀਵ ਅਰੋੜਾ ਜੀ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਇੱਕ ਅਹਿਮ ਹਿੱਸਾ ਹਨ, ਜੋ ਸਾਨੂੰ ਅਨੁਸ਼ਾਸਨ, ਮਿਹਨਤ ਅਤੇ ਹਾਰ-ਜਿੱਤ ਨੂੰ ਬਰਾਬਰ ਸਵੀਕਾਰ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ।
ਇਹਨਾਂ ਲਾਅਨ ਟੈਨਿਸ ਮੁਕਾਬਲਿਆਂ ਵਿੱਚ ਡਿਗਰੀ ਬੁਆਏਜ਼ ਦੇ 20 ਵਿਦਿਆਰਥੀਆਂ (Degree Boys) ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿੱਚੋਂ ਭਾਰਤ ਪਟਿਆਲ (B.Tech CSE, 4th Year) ਨੇ ਪਹਿਲਾ ਸਥਾਨ, ਅਰਜੁਨ (B.Tech CSE, 1st Year) ਨੇ ਦੂਜਾ ਸਥਾਨ ਅਤੇ ਰੋਬਿਨ (B.Tech CSE, 1st Year) ਨੇ ਤੀਜਾ ਸਥਾਨ ਹਾਸਲ ਕੀਤਾ।
ਇਹਨਾਂ ਲਾਅਨ ਟੈਨਿਸ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਈਵੈਂਟ ਇੰਚਾਰਜ ਡਾ. ਮਨਜਿੰਦਰ ਸਿੰਘ ਅਤੇ ਕੋ-ਈਵੈਂਟ ਇੰਚਾਰਜ ਸ਼੍ਰੀ ਮਹੇਸ਼ ਕੁਮਾਰ ਨੇ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਅਤੇ ਲਗਨ ਨਾਲ ਨਿਭਾਈ।
ਖੇਡਾਂ ਦੌਰਾਨ ਖੇਡ ਪ੍ਰਧਾਨ ਡਾ. ਅਰੁਣ ਕੁਮਾਰ ਅਸਾਤੀ ਨੇ ਖੁਦ ਲਾਅਨ ਟੈਨਿਸ ਕੋਰਟ ਵਿੱਚ ਪਹੁੰਚ ਕੇ ਖਿਡਾਰੀਆਂ ਦਾ ਹੌਂਸਲਾ ਵਧਾਇਆ ਅਤੇ ਉਹਨਾਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ।
ਸਪੋਰਟਸ ਇੰਚਾਰਜ (ਗਰਲਜ਼) ਮੈਡਮ ਨਵਦੀਪ ਕੌਰ ਝੱਜ ਦੀ ਦੇਖ-ਰੇਖ ਹੇਠ 2 ਦਿਨ ਚੱਲੇ ਇਹਨਾਂ ਮੈਚਾਂ ਵਿੱਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ, ਜਿਸ ਵਿੱਚ ਸਪੋਰਟਸ ਇੰਚਾਰਜ (ਡਿਗਰੀ ਬੁਆਏਜ਼) ਤਲਵਿੰਦਰ ਸਿੰਘ ਨੇ ਵੀ ਪੂਰਾ ਸਹਿਯੋਗ ਦਿੱਤਾ।
ਵਾਈਸ ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਜੀ ਅਤੇ ਰਜਿਸਟਰਾਰ ਡਾ. ਰਾਜੀਵ ਅਰੋੜਾ ਜੀ ਨੇ ਸਾਰੇ ਜੇਤੂ ਖਿਡਾਰੀਆਂ ਅਤੇ ਪ੍ਰਬੰਧਕੀ ਟੀਮ ਨੂੰ ਇਸ ਸਫ਼ਲ ਆਯੋਜਨ ਲਈ ਵਧਾਈ ਦਿੱਤੀ।




