Ferozepur News

ਭਾਸ਼ਾ ਵਿਭਾਗ, ਪੰਜਾਬ ਵੱਲੋਂ ਫ਼ਿਰੋਜ਼ਪੁਰ ਜ਼ੋਨ ਦੇ ਪੰਜਾਬੀ ਨਾਟਕ ਮੁਕਾਬਲਿਆਂ ਦਾ ਸ਼ਾਨਦਾਰ ਆਯੋਜਨ

ਮਿੱਟੀ ਦਾ ਬਾਵਾ’ ਨਾਟਕ ਪਹਿਲੇ ਸਥਾਨ ’ਤੇ ਰਿਹਾ ਤੇ ਦੀਪਕ ਕੰਬੋਜ਼ ਨੂੰ ‘ਸਰਵੋਤਮ ਨਿਰਦੇਸ਼ਕ’ ਐਲਾਨਿਆ ਗਿਆ।

ਭਾਸ਼ਾ ਵਿਭਾਗ, ਪੰਜਾਬ ਵੱਲੋਂ ਫ਼ਿਰੋਜ਼ਪੁਰ ਜ਼ੋਨ ਦੇ ਪੰਜਾਬੀ ਨਾਟਕ ਮੁਕਾਬਲਿਆਂ ਦਾ ਸ਼ਾਨਦਾਰ ਆਯੋਜਨ

ਭਾਸ਼ਾ ਵਿਭਾਗ, ਪੰਜਾਬ ਵੱਲੋਂ ਫ਼ਿਰੋਜ਼ਪੁਰ ਜ਼ੋਨ ਦੇ ਪੰਜਾਬੀ ਨਾਟਕ ਮੁਕਾਬਲਿਆਂ ਦਾ ਸ਼ਾਨਦਾਰ ਆਯੋਜਨ

‘ਮਿੱਟੀ ਦਾ ਬਾਵਾ’ ਨਾਟਕ ਪਹਿਲੇ ਸਥਾਨ ’ਤੇ ਰਿਹਾ ਤੇ ਦੀਪਕ ਕੰਬੋਜ਼ ਨੂੰ ‘ਸਰਵੋਤਮ ਨਿਰਦੇਸ਼ਕ’ ਐਲਾਨਿਆ ਗਿਆ।

ਕਈ ਸਾਲਾਂ ਬਾਅਦ ਮੁੜ ਭਾਸ਼ਾ ਵਿਭਾਗ, ਪੰਜਾਬ ਵੱਲੋਂ ਮੁਕਾਬਲੇ ਸ਼ੁਰੂ ਕਰਨਾ ਸ਼ਲਾਘਾਯੋਗ।

ਫ਼ਿਰੋਜ਼ਪੁਰ , 15-11-2026: ਪੰਜਾਬ ਸਰਕਾਰ ਦੀ ਰਹਿਨੁਮਾਈ ਅਤੇ ਨਿਰਦੇਸ਼ਕ, ਭਾਸ਼ਾ ਵਿਭਾਗ, ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਿਰੋਜ਼ਪੁਰ ਡਾ. ਜਗਦੀਪ ਸੰਧੂ ਦੀ ਦੇਖ-ਰੇਖ ਹੇਠ ਡੀ.ਸੀ.ਐੱਮ. ਗਰੁੱਪ ਆਫ਼ ਸਕੂਲਜ਼, ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ, ਫ਼ਿਰੋਜ਼ਪੁਰ ਸ਼ਹਿਰ ਵਿਖੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਜ਼ੋਨਲ ਪੱਧਰੀ ਪੰਜਾਬੀ ਨਾਟਕ ਮੁਕਾਬਲੇ ਕਰਵਾਏ ਗਏ। ਇਸ ਜ਼ੋਨ ਵਿੱਚ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਤਰਨ ਤਾਰਨ ਅਤੇ ਮੋਗਾ ਜ਼ਿਲ੍ਹੇ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਭਾਸ਼ਾ ਵਿਭਾਗ ਵੱਲੋਂ ਕਈ ਸਾਲਾਂ ਬਾਅਦ ਮੁੜ ਇਹ ਮੁਕਾਬਲੇ ਸ਼ੁਰੂ ਕੀਤੇ ਗਏ ਹਨ।

ਸਮਾਗਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਨ ਅਤੇ ਭਾਸ਼ਾ ਵਿਭਾਗ ਦੀ ਧੁਨੀ ‘ਧਨੁ ਲੇਖਾਰੀ ਨਾਨਕਾ’ ਤੋਂ ਬਾਅਦ ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਿਰੋਜ਼ਪੁਰ ਅਤੇ ਪ੍ਰਿੰਸੀਪਲ ਅਨੁਰਾਧਾ ਚੰਦੇਲ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਵੱਖ-ਵੱਖ ਸਕੂਲਾਂ ਵੱਲੋਂ ਪੇਸ਼ ਕੀਤੇ ਗਏ ਨਾਟਕਾਂ ਦਾ ਮਿਆਰ ਬੇਹੱਦ ਪੇਸ਼ੇਵਰ ਪੱਧਰ ਦਾ ਸੀ। ਸਮੁੱਚਾ ਸਮਾਗਮ ਕਿਸੇ ਕਾਲਜ/ਯੂਨੀਵਰਸਿਟੀ ਦੇ ਯੁਵਕ ਮੇਲੇ ਦੀ ਤਰਤੀਬ ਅਨੁਸਾਰ ਵਿਉਂਤਿਆ ਗਿਆ ਸੀ।

ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ‘ਮਿੱਟੀ ਦਾ ਬਾਵਾ’ (ਸ.ਸ.ਸ.ਸ. ਲੜਕੇ, ਅਬੋਹਰ), ‘ਘਰ ਗੁੰਮ ਹੈ’ (ਸ.ਸ.ਸ.ਸ. ਠੱਠਾ ਕਿਸ਼ਨ ਸਿੰਘ) ਅਤੇ ‘ਆਪਣਾ ਆਪਣਾ ਹਿੱਸਾ’ (ਐੱਸ.ਐੱਸ. ਪਬਲਿਕ ਸਕੂਲ, ਕੱਸੋਆਣਾ) ਨਾਟਕਾਂ ਨੇ ਪ੍ਰਾਪਤ ਕੀਤਾ।

‘ਮਿੱਟੀ ਦਾ ਬਾਵਾ’ ਵਿੱਚ ਦੋ ਦੇਸ਼ਾਂ ਦੀ ਸਰਹੱਦ ’ਤੇ ਤਾਇਨਾਤ ਦੋਵਾਂ ਦੇਸ਼ਾਂ ਦੇ ਫ਼ੌਜੀਆਂ ਦੀਆਂ ਭਾਈਚਾਰਕ/ਸੱਭਿਆਚਾਰਕ ਸਾਂਝਾਂ ਅਤੇ ਸੰਵੇਦਨਾਵਾਂ ਨੂੰ ਬੇਹੱਦ ਕਰੁਣਾਮਈ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ। ‘ਘਰ ਗੁੰਮ ਹੈ’ ਨਾਟਕ ਵਿੱਚ ਸਾਡੇ ਘਰਾਂ ਵਿੱਚ ਸਾਡੀਆਂ ਧੀਆਂ ਦੇ ਅਦ੍ਰਿਸ਼ ਅਤੇ ਸੂਖਮ ਸ਼ੋਸ਼ਣ ਤੋਂ ਪੈਦਾ ਹੋਏ ਵਿਰਲਾਪ ਨੂੰ ਪੇਸ਼ ਕੀਤਾ ਗਿਆ। ‘ਆਪਣਾ ਆਪਣਾ ਹਿੱਸਾ’ ਵਿੱਚ ਆਰਥਿਕਤਾ ਕਾਰਨ ਖ਼ੂਨ ਦੇ ਰਿਸ਼ਤਿਆਂ ਵਿੱਚ ਪਈਆਂ ਤਰੇੜਾਂ ਅਤੇ ਤਣਾਅ ਨੂੰ ਬਾਖ਼ੂਬੀ ਪੇਸ਼ ਕੀਤਾ ਗਿਆ।

ਸਮੁੱਚੇ ਮੁਕਾਬਲਿਆਂ ਵਿੱਚ ‘ਸਰਵੋਤਮ ਨਿਰਦੇਸ਼ਕ’ ਦਾ ਖ਼ਿਤਾਬ ‘ਮਿੱਟੀ ਦਾ ਬਾਵਾ’ ਨਾਟਕ ਦੇ ਨਿਰਦੇਸ਼ਕ ਦੀਪਕ ਕੰਬੋਜ਼ ਨੂੰ ਦਿੱਤਾ ਗਿਆ ਅਤੇ ‘ਮਾਈਨਸ ਜ਼ੀਰੋ ਜ਼ੀਰੋ ਜ਼ੀਰੋ ਜ਼ੀਰੋ ਜ਼ੀਰੋ’ ਨਾਟਕ ਦੀ ਟੀਮ ਵਿੱਚੋਂ ਅਰਮਾਨਦੀਪ ਕੌਰ ਨੂੰ ‘ਸਰਵੋਤਮ ਅਦਾਕਾਰਾ’ ਐਲਾਨਿਆ ਗਿਆ। ਇਸ ਤੋਂ ਇਲਾਵਾ ‘ਹੌਸਲਾ-ਵਧਾਊ ਇਨਾਮ’ ਸ.ਸ.ਸ.ਸ. ਫ਼ਰੀਦਕੋਟ ਦੇ ਨਾਟਕ ‘ਮਾਈਨਸ ਜ਼ੀਰੋ ਜ਼ੀਰੋ ਜ਼ੀਰੋ ਜ਼ੀਰੋ ਜ਼ੀਰੋ’, ‘ਆਪਣਾ ਆਪਣਾ ਹਿੱਸਾ’ ਨਾਟਕ ਦੇ ਅਦਾਕਾਰ ਗੁਰਸ਼ਾਨ ਸਿੰਘ ਅਤੇ ‘ਸਿਰਜਨਾ’ ਨਾਟਕ ਦੀ ਅਦਾਕਾਰਾ ਮਾਲਵਿਕਾ ਨੂੰ ਦਿੱਤੇ ਗਏ।

ਸੀ.ਬੀ.ਸੀ.ਸੀ. ਸੈ. ਸਮਾਰਟ ਸਕੂਲ ਦਾ ਨਾਟਕ ‘ਸਿਰਜਨਾ’ ਅਤੇ ਡੀ.ਡੀ.ਬੀ.ਡੀ.ਏ.ਵੀ. ਪਬਲਿਕ ਸਕੂਲ, ਫ਼ਿਰੋਜ਼ਪੁਰ ਛਾਉਣੀ ਦੇ ਨਾਟਕ ‘ਪਰਤ ਆਉਣ ਤੱਕ’ ਦੀਆਂ ਪੇਸ਼ਕਾਰੀਆਂ ਵੀ ਸ਼ਲਾਘਾਯੋਗ ਰਹੀਆਂ। ਇਨ੍ਹਾਂ ਮੁਕਾਬਲਿਆਂ ਦਾ ਨਿਰੀਖਣ ਪੰਜਾਬੀ ਨਾਟਕ ਅਤੇ ਰੰਗਮੰਚ ਵਿੱਚ ਲੰਮੇ ਸਮੇਂ ਤੋਂ ਸਰਗਰਮ ਅਤੇ ਅਨੁਭਵੀ ਨਾਮਵਰ ਕਲਾਕਾਰਾਂ ਡਾ. ਹਰਪ੍ਰੀਤ ਸਿੰਘ, ਸ੍ਰੀ ਅਮਿਤ ਕੁਮਾਰ ਅਤੇ ਰੰਗ ਹਰਜਿੰਦਰ ਨੇ ਬੇਹੱਦ ਸੂਖਮ ਦ੍ਰਿਸ਼ਟੀ ਨਾਲ ਕੀਤਾ।

ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਡੀ.ਸੀ.ਐੱਮ. ਗਰੁੱਪ ਆਫ਼ ਸਕੂਲਜ਼ ਦੇ ਚੇਅਰਮੈਨ ਡਾ. ਅਨਿਰੁੱਧ ਗੁਪਤਾ ਨੇ ਭਾਸ਼ਾ ਵਿਭਾਗ, ਪੰਜਾਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਦੀ ਰਹਿਨੁਮਾਈ ਹੇਠ ਅਜਿਹੇ ਕਲਾਤਮਿਕ ਮੁਕਾਬਲਿਆਂ ਵਿੱਚ ਸਕੂਲਾਂ ਦੇ ਵਿਦਿਆਰਥੀਆਂ ਦੀ ਸ਼ਮੂਲੀਅਤ ਕਰਵਾਉਣਾ ਇੱਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਨੇ ਪੇਸ਼ਕਾਰੀਆਂ ਦੇ ਉੱਚ ਕਲਾਤਮਿਕ ਪੱਧਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਮੁਕਾਮ ਹਾਸਲ ਕਰਨ ਲਈ ਲਗਾਤਾਰ ਮਿਹਨਤ, ਇਮਾਨਦਾਰੀ ਅਤੇ ਪ੍ਰਤੀਬੱਧਤਾ ਦੀ ਲੋੜ ਹੁੰਦੀ ਹੈ। ਵਿਦਿਆਰਥੀਆਂ ਅਤੇ ਕਲਾ ਪ੍ਰਤੀ ਆਪਣੀਆਂ ਭਾਵਨਾਵਾਂ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੈਨੇਜਮੈਂਟ ਅਤੇ ਸੰਸਥਾਵਾਂ ਹਮੇਸ਼ਾ ਅਜਿਹੇ ਸੁਹਿਰਦ ਉਪਰਾਲਿਆਂ ਲਈ ਸਹਿਯੋਗ ਦੇਣ ਵਾਸਤੇ ਵਚਨਬੱਧ ਹਨ।

ਇਸ ਮੌਕੇ ’ਤੇ ਫ਼ਿਰੋਜ਼ਪੁਰ ਜ਼ਿਲ੍ਹੇ ਦੀਆਂ ਕਲਾ ਦੇ ਖੇਤਰ ਦੀਆਂ ਨਾਮਵਰ ਹਸਤੀਆਂ ਗੁਰਨਾਮ ਸਿੰਘ (ਗਾਮਾ ਸਿੱਧੂ), ਸ. ਗੁਰਿੰਦਰ ਸਿੰਘ ਅਤੇ ਜ਼ੈਲਾ ਸੰਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਅਤੇ ਕਲਾ ਤੇ ਭਾਸ਼ਾ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਤਸੱਲੀ ਪ੍ਰਗਟਾਈ ਕਿ ਅਜਿਹੇ ਉਪਰਾਲੇ ਸਾਡੇ ਸਮਾਜ ਲਈ ਬੇਹੱਦ ਜ਼ਰੂਰੀ ਹਨ।

ਇਨ੍ਹਾਂ ਮੁਕਾਬਲਿਆਂ ਦੇ ਉੱਚ ਪੱਧਰੀ ਅਤੇ ਸੁਚਾਰੂ ਪ੍ਰਬੰਧਨ ਵਿੱਚ ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਅਨੁਰਾਧਾ ਚੰਦੇਲ ਦੀ ਅਗਵਾਈ ਵਾਲੀ ਟੀਮ ਦੇ ਜਨਰਲ ਮੈਨੇਜਰ ਮਨਰੀਤ ਸਿੰਘ, ਉਪ-ਜਨਰਲ ਮੈਨੇਜਰ ਗਗਨਦੀਪ ਕੌਰ, ਹੈੱਡ ਮਿਸਟ੍ਰੈੱਸ ਰਾਬੀਆ ਬਜਾਜ, ਐਕਟੀਵਿਟੀ ਕੋਆਰਡੀਨੇਟਰ ਮੈਡਮ ਰੀਟਾ ਅਤੇ ਅਸਟੇਟ ਅਫ਼ਸਰ ਭੁਪਿੰਦਰ ਸਿੰਘ ਦੀ ਕੁਸ਼ਲ ਵਿਉਂਤਬੰਦੀ ਦਾ ਅਹਿਮ ਯੋਗਦਾਨ ਸੀ।

ਇਸ ਮੌਕੇ ’ਤੇ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਦੇ ਕਲਰਕ ਸ੍ਰੀ ਚੇਤਨ ਕੁਮਾਰ ਨੂੰ ਪ੍ਰਤੀਬੱਧਤਾ ਅਤੇ ਨਿਮਰਤਾ ਦੀ ਭਾਵਨਾ ਨਾਲ ਕੀਤੇ ਜਾਂਦੇ ਕਾਰਜਾਂ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

ਸਮਾਗਮ ਨੂੰ ਸਫ਼ਲਤਾ ਦੇ ਉੱਚ ਪੱਧਰ ’ਤੇ ਲੈ ਕੇ ਜਾਣ ਵਿੱਚ ਲੇਖਕ ਅਤੇ ਕਲਾਕਾਰ ਡਾ. ਸਤੀਸ਼ ਠੁਕਰਾਲ ਸੋਨੀ ਦੇ ਢੁੱਕਵੇਂ, ਦਿਲਚਸਪ ਅਤੇ ਵਿਲੱਖਣ ਸ਼ੈਲੀ ਵਾਲੇ ਮੰਚ-ਸੰਚਾਲਨ ਦਾ ਵਿਸ਼ੇਸ਼ ਯੋਗਦਾਨ ਰਿਹਾ, ਜਿਸ ਕਰਕੇ ਸਮਾਗਮ ਵਿੱਚ ਰਵਾਨਗੀ ਬਣੀ ਰਹੀ। ਉਨ੍ਹਾਂ ਦੇ ਨਵ-ਪ੍ਰਕਾਸ਼ਿਤ ਨਾਵਲ ‘ਕਿਸ ਹੱਦ ਤੱਕ’ ਨੂੰ ਮਹਿਮਾਨਾਂ ਵੱਲੋਂ ਲੋਕ-ਅਰਪਣ ਕੀਤਾ ਗਿਆ।

ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ਕਰਵਾਏ ਗਏ ‘ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ’ ਦੇ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ’ਤੇ ਡੀ.ਸੀ.ਐੱਮ. ਗਰੁੱਪ ਆਫ਼ ਸਕੂਲਜ਼ ਦੇ ਮੀਡੀਆ ਅਤੇ ਲੋਕ ਸੰਪਰਕ ਦੇ ਮੁਖੀ ਵਿਕਰਮ ਦਿੱਤਿਆ ਸ਼ਰਮਾ, ਖੋਜ ਅਫ਼ਸਰ ਕੰਵਰਜੀਤ ਸਿੰਘ ਸਿੱਧੂ (ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਰੀਦਕੋਟ), ਖੋਜ ਅਫ਼ਸਰ ਪਰਮਿੰਦਰ ਸਿੰਘ (ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਾਜ਼ਿਲਕਾ), ਸੀਨੀਅਰ ਸਹਾਇਕ ਨਵਦੀਪ ਸਿੰਘ (ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ), ਡਾ. ਸੁਰਿੰਦਰ ਕੰਬੋਜ਼, ਦੈਨਿਕ ਜਾਗਰਣ ਤੋਂ ਕਪਿਲ ਸੇਠੀ, ਪ੍ਰੋ. ਹਰਜਿੰਦਰ ਸਿੰਘ ਅਤੇ ਸਮੂਹ ਸਕੂਲ ਦਾ ਸਟਾਫ਼ ਤੇ ਵਿਦਿਆਰਥੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਜੇਤੂ ਟੀਮਾਂ, ਵਿਦਿਆਰਥੀਆਂ ਅਤੇ ਮਹਿਮਾਨਾਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਗਾ ਡਾ. ਅਜੀਤਪਾਲ ਜਟਾਣਾ ਨੇ ਸਮੂਹ ਮਹਿਮਾਨਾਂ ਅਤੇ ਟੀਮਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਡਾ. ਅਨਿਰੁੱਧ ਗੁਪਤਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੇ ਹਰ ਤਰ੍ਹਾਂ ਦੇ ਕੁਸ਼ਲ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਵੱਡੇ ਪੱਧਰ ਦੇ ਸਮਾਗਮ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਸਮੁੱਚੀ ਟੀਮ ਵੱਲੋਂ ਨਿਭਾਈ ਗਈ ਭੂਮਿਕਾ ਬੇਹੱਦ ਸ਼ਲਾਘਾਯੋਗ ਹੈ

Related Articles

Leave a Reply

Your email address will not be published. Required fields are marked *

Back to top button