
ਹਾੜੀ ਦੀਆਂ ਫਸਲਾਂ ਦੀ ਕਾਸ਼ਤ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫ਼ਿਰੋਜ਼ਪੁਰ ਵੱਲੋ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਆਯੋਜਿਤ
ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਨੂੰ ਕੀਤਾ ਗਿਆ ਸਨਮਾਨਿਤ

ਹਾੜੀ ਦੀਆਂ ਫਸਲਾਂ ਦੀ ਕਾਸ਼ਤ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫ਼ਿਰੋਜ਼ਪੁਰ ਵੱਲੋ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਆਯੋਜਿਤ
– ਵੱਖ-ਵੱਖ ਵਿਭਾਗਾਂ ਦੀਆਂ ਪ੍ਰਦਰਸ਼ਨੀ ਰਹੀਆਂ ਖਿੱਚ ਦਾ ਕੇਂਦਰ
– ਖੇਤੀਬਾੜੀ ਮਾਹਿਰਾਂ ਨੇ ਕਿਸਾਨਾਂ ਨੂੰ ਫ਼ਸਲਾਂ ਦੀ ਕਾਸ਼ਤ ਸਬੰਧੀ ਨੁਕਤੇ, ਮੰਡੀਕਰਨ ਅਤੇ ਪਰਾਲੀ ਦੇ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ
– ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਨੂੰ ਕੀਤਾ ਗਿਆ ਸਨਮਾਨਿਤ
ਫ਼ਿਰੋਜ਼ਪੁਰ, 1 ਅਕਤੂਬਰ, 2026 :
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫ਼ਿਰੋਜ਼ਪੁਰ ਵੱਲੋਂ ਕਿਸਾਨਾਂ ਨੂੰ ਖਾਦਾਂ, ਕੀਟਨਾਸ਼ਕ ਆਦਿ ਖੇਤੀ ਇਨਪੁਟ ਦੀ ਸੰਜਮ ਨਾਲ ਵਰਤੋਂ ਅਤੇ ਨਾੜ-ਪਰਾਲੀ ਦੀ ਸੁਚੱਜੀ ਸੰਭਾਲ ਕਰਕੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਦੇ ਉਦੇਸ਼ ਨਾਲ ਹਾੜੀ ਦੀਆਂ ਫਸਲਾਂ ਦੀ ਕਾਸ਼ਤ ਸਬੰਧੀ ਡਾ: ਬਲਵਿੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾਣਾ ਮੰਡੀ ਫ਼ਿਰੋਜ਼ਪੁਰ ਛਾਉਣੀ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਸ: ਰਣਬੀਰ ਸਿੰਘ ਭੁੱਲਰ ਵਿਧਾਇਕ ਫ਼ਿਰੋਜ਼ਪੁਰ (ਸ਼ਹਿਰੀ), ਸ: ਫੌਜਾ ਸਿੰਘ ਸਰਾਰੀ ਵਿਧਾਇਕ ਗੁਰੂਹਰਸਹਾਏ ਅਤੇ ਸ੍ਰੀ ਨਰੇਸ਼ ਕਟਾਰੀਆ ਵਿਧਾਇਕ ਜੀਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿ) ਕ੍ਰਿਸ਼ਨਾ ਪਾਲ ਰਾਜਪੂਤ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਇਸ ਦੌਰਾਨ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਕੈਂਪ ਵਿੱਚ ਭਾਗ ਲੈਣ ਲਈ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚੋ ਪਹੁੰਚੇ ਲਗਭਗ 1000 ਤੋਂ ਵੱਧ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਇਸ ਗੱਲ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਧਰਤੀ, ਪਾਣੀ ਤੇ ਹਵਾ ਕੁਦਰਤ ਵੱਲੋਂ ਮਨੁੱਖ ਨੂੰ ਦਿੱਤੀਆਂ ਬੇਸ਼ਕੀਮਤੀ ਨਿਆਮਤਾਂ ਹਨ ਜਿਨ੍ਹਾ ਦੀ ਰਾਖੀ ਅਤੇ ਸਾਂਭ-ਸੰਭਾਲ ਕਰਨਾ ਸਾਡਾ ਫ਼ਰਜ਼ ਬਣਦਾ ਹੈ। ਉਨ੍ਹਾਂ ਨੇ ਸਰਕਾਰ ਵੱਲੋਂ ਕਿਸਾਨ ਹਿੱਤ ਵਿੱਚ ਲਾਗੂ ਕੀਤੀਆਂ ਗਈਆਂ ਸਕੀਮਾਂ ਨੂੰ ਸਾਵੇਂ ਤੇ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਉੱਤੇ ਜ਼ੋਰ ਦਿੱਤਾ। ਇਸ ਮੌਕੇ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਦਾ ਸਨਮਾਨ ਵੀ ਕੀਤਾ ਗਿਆ।
ਜ਼ਿਲ੍ਹਾ ਪ੍ਰਸਾਸ਼ਨ ਫ਼ਿਰੋਜ਼ਪੁਰ ਵੱਲੋਂ ਸ਼੍ਰੀ ਕ੍ਰਿਸ਼ਨਾਪਾਲ ਰਾਜਪੂਤ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਵੱਧ ਤੋਂ ਵੱਧ ਸਰਕਾਰ ਵੱਲੋਂ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆ ਅਤੇ ਸਕੀਮ ਦਾ ਲਾਭ ਲੈਣ ਅਤੇ ਜ਼ਿਲ੍ਹਾ ਪ੍ਰਸਾਸ਼ਨ ਹਮੇਸ਼ਾ ਹਰ ਸੰਭਵ ਤਰੀਕੇ ਨਾਲ ਕਿਸਾਨਾਂ ਨਾਲ ਹਾਜ਼ਰ ਹੈ ਅਤੇ ਨਾਲ ਹੀ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਿਜਾਏ ਖੇਤਾਂ ਵਿੱਚ ਗਾਲਣ ਜਾਂ ਗੱਠਾਂ ਬਣਾਉਣ ਦੀ ਅਪੀਲ ਕੀਤੀ ਗਈ।
ਇਸ ਕੈਂਪ ਦੀ ਅਗਵਾਈ ਕਰਦੇ ਹੋਏ ਡਾ. ਬਲਵਿੰਦਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਫਿਰੋਜ਼ਪੁਰ ਨੇ ਖੇਤ ਬਚਾਓ ਅਭਿਆਨ ਤਹਿਤ ਕਿਸਾਨਾਂ ਨੂੰ ਖਾਦਾਂ ਅਤੇ ਕੀਟਨਾਸ਼ਕਾਂ ਦੀ ਸੰਜਮ ਨਾਲ ਵਰਤੋਂ ਕਰਦੇ ਹੋਏ ਵਾਤਾਵਰਣ ਦੀ ਸੰਭਾਲ ਕਰਨ ਦਾ ਹੋਕਾ ਦਿੱਤਾ। ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਦੇ ਹੋਏ ਕਿਹਾ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਹਾੜੀ ਰੁੱਤੇ ਲੋੜੀਂਦੀਆਂ ਖਾਦਾਂ ਸਹਿਤ ਮਿਆਰੀ ਖੇਤੀ ਇਨਪੁਟ ਦੀ ਸਪਲਾਈ ਯਕੀਨੀ ਬਣਾਉਣ ਦਾ ਹਰ ਹੀਲਾ ਕੀਤਾ ਜਾ ਰਿਹਾ ਹੈ ਤਾਂ ਜੋ ਹਾੜੀ ਰੁੱਤੇ ਕਿਸਾਨਾਂ ਨੂੰ ਕਿਸੇ ਤਰਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸੇ ਉਦੇਸ਼ ਨਾਲ ਉਹਨਾਂ ਕਿਹਾ ਕਿ ਜਿਲ੍ਹੇ ਵਿੱਚ ਅਗਾਉਂ ਸੀਜ਼ਨ ਦੌਰਾਨ ਕਣਕ ਦੀ ਬਿਜਾਈ ਲਈ ਲੋੜੀਂਦੀਆਂ ਖਾਦਾਂ ਜਿਵੇਂ ਕਿ ਡੀ.ਏ.ਪੀ ਦੀ ਕਿਸਾਨਾਂ ਲਈ ਉਪਲੱਬਧਤਾ ਮੁੱਖ ਰੱਖਦੇ ਹੋਏ 10000 ਮੈਟਰਿਕ ਟਨ ਡੀ.ਏ.ਪੀ ਜਿਲ੍ਹੇ ਵਿੱਚ ਉਪਲਭਧ ਹੈ। ਵਿਭਾਗ ਵੱਲੋਂ ਕੁਆਲਟੀ ਕੰਟਰੋਲ ਅਧੀਨ ਖਾਦਾਂ ਦੇ 79 ਸੈਂਪਲ ਭਰੇ ਹਨ, ਜਿਸ ਵਿੱਚੋਂ 02 ਸੈਂਪਲ ਫੇਲ੍ਹ ਪਾਏ ਗਏ ਹਨ ਅਤੇ ਬਾਇਓ ਫਰਟੀਲਾਈਜਰ ਦੇ 04 ਸੈਂਪਲ ਫੇਲ ਪਾਏ ਗਏ ਹਨ, ਪੈਸਟੀਸਾਈਡ ਦੇ 88 ਸੈਂਪਲ ਭਰੇ ਗਏ ਹਨ, ਜਿਨ੍ਹਾ ਵਿੱਚੋਂ 01 ਸੈਂਪਲ ਫੇਲ੍ਹ ਪਾਇਆ ਗਿਆ ਹੈ ਅਤੇ ਸੀਡ ਐਕਟ ਅਧੀਨ 112 ਬੀਜਾਂ ਦੇ ਸੈਂਪਲ ਲਏ ਗਏ ਹਨ, ਜਿਸ ਵਿੱਚੋਂ 07 ਫੇਲ੍ਹ ਪਾਏ ਗਏ ਹਨ, ਫੇਲ੍ਹ ਹੋਏ ਸੈਂਪਲਾਂ ਤੇ ਵਿਭਾਗ, ਵੱਲੋਂ ਬਣਦੀ ਕਾਰਵਾਈ ਕੀਤੀ। ਜਾ ਰਹੀ ਹੈ। ਸੁਆਇਲ ਹੈਲਥ ਕਾਰਡ ਸਕੀਮ ਅਧੀਨ ਵਿਭਾਗ ਵੱਲੋਂ ਕਿਸਾਨਾਂ ਦੇ ਖੇਤਾਂ ਵਿੱਚੋਂ 5000 ਨਮੂਨੇ ਪ੍ਰਾਪਤ ਕੀਤੇ ਗਏ ਜਿਹਨਾਂ ਦਾ ਵਿਸ਼ਲੇਸ਼ਣ ਕਰਕੇ ਨਤੀਜੇ ਸਬੰਧਤ ਕਿਸਾਨਾਂ ਨੂੰ ਦੇਣ ਦੀ ਪ੍ਰਕਿਰਿਆ ਜਾਰੀ ਹੈ। ਇਸ ਤੋਂ ਇਲਾਵਾ ਕਿਸਾਨਾਂ ਦੇ ਖੇਤਾਂ ਦੀ ਮਿੱਟੀ ਨੂੰ ਆਧੁਨਿਕ ਅਤੇ ਨਵੀਨਤਮ ਯੰਤਰਾ ਦੇ ਮਾਧਿਅਮ ਨਾਲ ਪਰਖ ਕਰਨ ਲਈ 1.39 ਕਰੋੜ ਦੀ ਲਾਗਤ ਨਾਲ ਨਵੀਂ ਆਈ.ਸੀ.ਪੀ ਤੋਂ ਪਰਖ ਪ੍ਰਯੋਗਸ਼ਾਲਾ ਸਥਾਪਿਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ‘ਆਤਮਾ’ ਸਕੀਮ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ 7 ਐਕਸਪੋਜ਼ਰ ਵਿਜ਼ਿਟ, 02 ਖੇਤੀਬਾੜੀ ਵਿਗਿਆਨੀ ਅਤੇ ਕਿਸਾਨ ਮਿਲਣੀਆਂ, 06 ਬਲਾਕ ਪੱਧਰੀ ਕਿਸਾਨ ਗੋਸ਼ਟੀਆਂ ਅਤੇ 24 ਬਲਾਕ ਪੱਧਰੀ ਫਾਰਮ ਟ੍ਰੇਨਿੰਗ ਅਤੇ 35 ਪ੍ਰਦਰਸ਼ਨੀ ਪਲਾਟ ਆਯੋਜਿਤ ਕਰਕੇ ਕਿਸਾਨਾਂ ਨੂੰ ਵੱਖ-ਵੱਖ ਵਿਸ਼ਿਆਂ ਉਪ ਟ੍ਰੇਨਿੰਗ ਮੁਹੱਈਆ ਕਰਵਾਈ ਗਈ ਹੈ। ਵਿਭਾਗ ਵੱਲੋਂ ਖੇਤੀਬਾੜੀ ਮਸ਼ੀਨਰੀ ਦੇ ਨਵੀਨੀਕਰਨ ਅਤੇ ਝੋਨੇ ਦੀ ਪਰਾਲੀ ਦੀ ਖੇਤਾਂ ਵਿੱਚ ਸਾਂਭ-ਸੰਭਾਲ ਕਰਨ ਲਈ ਕਰਾਪ ਰੈਜ਼ੀਡਿਊ ਮੈਨੇਜਮੈਂਟ ਸਕੀਮ ਅਧੀਨ 11,91,54,258/- ਰੁਪਏ ਨਾਲ 804 ਮਸ਼ੀਨਾਂ ਕਿਸਾਨਾਂ ਨੂੰ ਉਪਦਾਨ ‘ਤੇ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਸਮੈਮ ਸਕੀਮ ਅਧੀਨ 58,00,685/- ਰੁਪਏ ਨਾਲ 36 ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਾਂ ਕਿਸਾਨਾਂ ਨੂੰ ਉਪਦਾਨ ਤੇ ਮੁਹੱਈਆ ਕਰਵਾਈਆਂ ਗਈਆਂ ਹਨ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਕੁੱਲ 1,37,625 ਲਾਭਪਾਤਰੀ ਲਾਭ ਪ੍ਰਾਪਤ ਕਰ ਰਹੇ ਹਨ ਜਦਕਿ ਖੇਤੀਬਾੜੀ ਵਿਭਾਗ, ਵੱਲੋਂ ਨਵੇਂ ਲਾਭਪਾਤਰੀਆਂ ਦੀ ਰਜਿਸਟਰੇਸ਼ਨ, ਦਸਤਾਵੇਜ਼ਾਂ ਦੀ ਤਸਦੀਕ ਆਦਿ ਕਾਰਜਾਂ ਵਾਸਤੇ ਹਰ ਕਿਸਮ ਦੀ ਸਹੁਲਤ ਲੋੜਵੰਦਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ।
ਮੁੱਖ ਦਫ਼ਤਰ ਮੋਹਾਲੀ ਤੋਂ ਕੈਂਪ ਦੀ ਪ੍ਰਧਾਨਗੀ ਕਰਨ ਵਿਸ਼ੇਸ਼ ਤੌਰ ‘ਤੇ ਪੰਹੁਚੇ ਇੰਜ: ਜਗਦੀਸ਼ ਸਿੰਘ, ਸੰਯੁਕਤ ਡਾਇਰੈਕਟਰ ਖੇਤੀਬਾੜੀ (ਇੰਜ:) ਨੇ ਆਪਣੇ ਸਬੰਧੋਨ ਵਿੱਚ ਕਿਸਾਨ ਭਲਾਈ ਦੇ ਮੰਤਵ ਨਾਲ ਖੇਤੀਬਾੜੀ ਵਿਭਾਗ ਵੱਲੋਂ ਚੱਲ ਰਹੀਆ ਪਰਾਲੀ ਪ੍ਰਬੰਧਨ ਲਈ ਐਕਸ ਸਿਟੂ ਤੇ ਇਨ ਸਿਟੂ ਮੈਨੇਜਮੈਂਟ ਸਕੀਮਾਂ ਦੀ ਜਾਣਕਾਰੀ ਦਿੱਤੀ ਅਤੇ ਇਹਨਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਲਈ ਕਿਸਾਨਾਂ ਨੂੰ ਸਬੰਧਤ ਅਮਲੇ ਨਾਲ ਰਾਬਤਾ ਰੱਖਣ ਦੀ ਸਲਾਹ ਦਿੱਤੀ।
ਇਸ ਕੈਂਪ ਵਿੱਚ ਲਗਾਈਆਂ ਗਈਆਂ ਵਿਭਾਗੀ ਪ੍ਰਦਰਸ਼ਨੀਆ ਜਿਨ੍ਹਾਂ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਜੰਗਲਾਤ ਵਿਭਾਗ, ਬਾਗਬਾਨੀ ਵਿਭਾਗ, ਮਿਲਕਫੈਡ, ਮਾਰਕਫੈੱਡ, ਇਫ਼ਕੋ, ਕਭਿਕਰੋ, ਮੱਛੀ ਪਾਲਣ ਅਤੇ ਹੋਰ ਵਿਭਾਗਾਂ ਦੀਆਂ ਪ੍ਰਦਰਸ਼ਨੀਆਂ ਸ਼ਾਮਲ ਸਨ, ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਇਸ ਤੋਂ ਇਲਾਵਾ ਚੋਣਵੀਆਂ ਪ੍ਰਾਈਵੇਟ ਕੰਪਨੀਆਂ ਦੁਆਰਾ ਵੀ ਖੇਤੀ ਇਨਪੁਟਸ: ਬੀਜ, ਖਾਦ, ਦਵਾਈਆਂ, ਸੰਦ ਮਸ਼ੀਨਾਂ ਆਦਿ ਦੇ ਸਟਾਲ ਲਗਾਏ ਗਏ।
ਇਸ ਕੈਂਪ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਸਤਿੰਦਰਪਾਲ ਸਿੰਘ, ਖੇਤੀ ਇੰਜੀਨੀਅਰ, ਡਾ. ਅਮਿਤ ਪੁੰਜ, ਵਿਸ਼ਾ ਵਸਤੂ ਮਾਹਿਰ, ਸਾਵਨਦੀਪ ਸ਼ਰਮਾ, ਪ੍ਰੋਜੈਕਟ ਡਾਇਰੈਕਟਰ ਆਤਮਾ, ਰਾਜੇਸ਼ ਕੁਮਾਰ ਅੰਕੜਾ ਅਫ਼ਸਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਖੇਤੀ ਸਬੰਧੀ ਕਿਸਾਨਾਂ ਨੂੰ ਭਰਪੂਰ ਤਕਨੀਕੀ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਫ਼ਸਲਾਂ ਦੀ ਕਾਸ਼ਤ ਸਬੰਧੀ ਨੁਕਤੇ, ਸੁੱਚਜੇ ਮੰਡੀਕਰਨ ਅਤੇ ਕਿਸਾਨ ਆਈ.ਡੀ ਬਨਾਉਣ ਸਬੰਧੀ ਜੁੜੇ ਮੁੱਦੇ ਅਤੇ ਨਾੜ-ਪਰਾਲੀ ਦੀ ਸੁਚੱਜੀ ਸੰਭਾਲ ਦੇ ਵਿਸ਼ੇ ਸ਼ਾਮਲ ਸਨ।
ਅੰਤ ਵਿੱਚ ਮੁੱਖ ਖੇਤੀਬਾੜੀ ਅਫ਼ਸਰ, ਫ਼ਿਰੋਜ਼ਪੁਰ ਨੇ ਆਏ ਹੋਏ ਮਹਿਮਾਨਾਂ, ਖੇਤੀ ਮਾਹਿਰਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਵਾਇਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਹਮੇਸ਼ਾ ਹੀ ਕਿਸਾਨਾਂ ਦੇ ਹਿੱਤ ਵਿੱਚ ਤਨਦੇਹੀ ਨਾਲ ਆਪਣੀਆ ਸੇਵਾਵਾਂ ਜਾਰੀ ਰੱਖੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਿਭਾਗ ਵਿੱਚ ਚੱਲ ਰਹੀਆ ਸਕੀਮਾਂ ਦਾ ਵੱਧ ਤੋ ਵੱਧ ਲਾਭ ਲੈਣ ਲਈ ਉਹ ਸਬੰਧਤ ਅਮਲੇ ਨਾਲ ਲਗਾਤਾਰ ਸੰਪਰਕ ਵਿੱਚ ਰਿਹਾ ਕਰਨ।
ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਦਿਲਬਾਗ਼ ਸਿੰਘ ਨੰਢਾ, ਬਲਰਾਜ ਸਿੰਘ ਕਟੋਰਾ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਹਿਮਾਂਸ਼ੂ ਠੱਕਰ ਅਤੇ ਗੁਰਭੇਜ ਸਿੰਘ ਵੀ ਹਾਜ਼ਰ ਸਨ।
ਇਸ ਕੈਂਪ ਦੇ ਆਯੋਜਨ ਵਿੱਚ ਸਾਵਨਦੀਪ ਸ਼ਰਮਾ, ਪ੍ਰੋਜੈਕਟ ਡਾਇਰੈਕਟਰ (ਆਤਮਾ), ਡਾ.ਜਸਵਿੰਦਰ ਸਿੰਘ, ਡਾ. ਅਮਿਤ ਪੁੰਜ, ਡਾ. ਗੁਰਦੀਪ ਸਿੰਘ, ਡਾ. ਨੀਰਜ ਸ਼ਰਮਾ, ਡਾ. ਸ਼ੀਸ਼ਪਾਲ ਗੋਦਾਰਾ (ਸਾਰੇ ਖੇਤੀਬਾੜੀ ਅਫ਼ਸਰ), ਡਾ. ਗੁਰਵੰਤ ਸਿੰਘ, ਡਾ. ਨਵੀਨ ਖੰਨਾ, ਡਾ. ਤਰਨਜੀਤ ਸਿੰਘ, ਡਾ. ਹਰਕਮਲ ਸਿੰਘ, ਅਕਾਂਸ਼ਾ (ਸਾਰੇ ਖੇਤੀਬਾੜੀ ਵਿਕਾਸ ਅਫ਼ਸਰ) ਤੋਂ ਇਲਾਵਾ ਸੁਨੀਲ ਕੁਮਾਰ (ਸੁਪਰਡੈਂਟ) ਕਰਨਦੀਪ (ਸੀਨੀਅਰ ਸਹਾਇਕ), ਅਸ਼ੋਕ ਕੁਮਾਰ (ਸੀਨੀਅਰ ਸਹਾਇਕ) ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ।



