
ਸੋਸ਼ਲ ਮੀਡੀਆ ਦੀ ਸੁਚੱਜੀ ਵਰਤੋਂ ਲਈ ਸਿਖਿਆ
ਸੋਸ਼ਲ ਮੀਡੀਆ: ਸਮੇਂ ਦੀ ਬਰਬਾਦੀ ਜਾਂ ਗਿਆਨ ਦਾ ਖ਼ਜ਼ਾਨਾ?

ਸੋਸ਼ਲ ਮੀਡੀਆ ਦੀ ਸੁਚੱਜੀ ਵਰਤੋਂ ਲਈ ਸਿਖਿਆ।
ਸੋਸ਼ਲ ਮੀਡੀਆ: ਸਮੇਂ ਦੀ ਬਰਬਾਦੀ ਜਾਂ ਗਿਆਨ ਦਾ ਖ਼ਜ਼ਾਨਾ?
“ਸੋਸ਼ਲ ਮੀਡੀਆ ਦਾ ਸਭ ਤੋਂ ਵਧੀਆਂ ਇਸਤੇਮਾਲ ਉਹ ਹੈ ਜੋ ਤੁਹਾਨੂੰ ਸਿਰਫ਼ ਜਾਣਕਾਰੀ ਨਹੀਂ, ਸਗੋਂ ਸਮਝ ਵੀ ਦੇਵੇ।”
ਸਿੱਖਿਆ ਪ੍ਰਾਪਤ ਕਰਨ ਦਾ ਪਰੰਪਰਾਗਤ ਤਰੀਕਾ ਪੂਰੀ ਤਰ੍ਹਾਂ ਬਦਲ ਰਿਹਾ ਹੈ। ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਵਿਦਿਆਰਥੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਚੁੱਕਿਆ ਹੈ। ਸੋਸ਼ਲ ਮੀਡੀਆ ਸੰਚਾਰ ਅਤੇ ਸੂਚਨਾ ਦਾ ਸਭ ਤੋਂ ਤੇਜ਼ ਅਤੇ ਪ੍ਰਮੁੱਖ ਸਾਧਨ ਬਣ ਚੁੱਕਿਆ ਹੈ।ਪੂਰੇ ਵਿਸ਼ਵ ਵਿੱਚ ਇਹ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ ।ਖਾਸ ਤੌਰ ਤੇ ਨੌਜਵਾਨ ਵਰਗ ਦੇ ਜੀਵਨ ਦੀ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਸਨੈਪਚੈਟ, ਵਟਸਐਪ ,ਯੂ ਟਿਊਬ ਅਤੇ ਅਨੇਕਾਂ ਹੋਰ ਸੋਸ਼ਲ ਸਾਈਟਾਂ ਤੋਂ ਬਿਨਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।

ਡਿਜ਼ੀਟਲ ਕ੍ਰਾਂਤੀ ਦੇ ਦੌਰ ਵਿੱਚ ਸੋਸ਼ਲ ਮੀਡੀਆ ਦੇ ਅਨੇਕਾਂ ਉਪਯੋਗ ਹਨ ਅਤੇ ਇਸ ਦੀ ਸਿੱਖਿਆ ਵਿੱਚ ਮਹੱਤਤਾ ਨੂੰ ਨਕਾਰਿਆ ਨਹੀਂ ਜਾ ਸਕਦਾ। ਇਸ ਮੰਚ ਨੂੰ ਵਿਦਿਆਰਥੀ ਵਰਗ ਨੂੰ ਸਿੱਖਿਆ ਦੇਣ ਲਈ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਵਰਤਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਵਿਦਿਆਰਥੀ ਵਰਗ ਵਿੱਚ ਰਚਨਾਤਮਕਤਾ ਅਤੇ ਨਵੀਨਤਮ ਸੋਚ ਪੈਦਾ ਕਰਨ ਦਾ ਬਹੁਤ ਵੱਡਾ ਮੰਚ ਸਾਬਿਤ ਹੋ ਸਕਦਾ ਹੈ। ਇਹ ਇੱਕ ਅਜਿਹਾ ਮੰਚ ਹੈ , ਜਿੱਥੇ ਵਿਦਿਆਰਥੀ ਆਪਣੀਆਂ ਵੱਖ ਵੱਖ ਪ੍ਰਤਿਭਾਵਾਂ ਨੂੰ ਫੋਟੋਆਂ,ਬਲੌਗ ,ਵਿਅਕਤੀਗਤ ਲੇਖ, ਵੀਡੀਓ, ਆਡੀਓ ਕਲਿੱਪ ਆਦਿ ਪੋਸਟ ਕਰਕੇ ਪ੍ਰਦਰਸ਼ਿਤ, ਵਿਕਸਿਤ ਅਤੇ ਨਿਖਾਰ ਸਕਦੇ ਹਨ। ਪ੍ਰੀਖਿਆ ਦੀ ਤਿਆਰੀ ਕਰਦੇ ਸਮੇਂ ਵੀ ਅਨੇਕਾਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹਨ।
ਪਰੰਤੂ ਮੌਜੂਦਾ ਦੌਰ ਵਿੱਚ ਵਿਦਿਆਰਥੀ ਵਰਗ ਮੋਬਾਇਲ ਫੋਨ ,ਇੰਟਰਨੈਟ ਅਤੇ ਸੋਸ਼ਲ ਮੀਡੀਆ ਦੀ ਬੇਲੋੜੀ ਵਰਤੋ ਕਰਕੇ ਆਪਣੇ ਕੀਮਤੀ ਸਮੇਂ ਦੀ ਬਰਬਾਦੀ ਕਰ ਰਿਹਾ ਹੈ। ਜਿਸ ਕਾਰਨ ਉਹਨਾਂ ਦੇ ਸਰੀਰਕ ,ਮਾਨਸਿਕ ਅਤੇ ਸਮਾਜਿਕ ਵਿਕਾਸ ਤੇ ਮਾੜਾ ਪ੍ਰਭਾਵ ਪੈਣ ਲਈ, ਮੁੱਖ ਰੂਪ ਵਿੱਚ ਸੋਸ਼ਲ ਮੀਡੀਆ ਦੀ ਬੇਲੋੜੀ ਵਰਤੋਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਅਨੇਕਾਂ ਵਾਰ ਵਿਦਿਆਰਥੀ ਚਿੰਤਾ, ਉਦਾਸੀ ਅਤੇ ਮਨ ਦਾ ਪੜ੍ਹਾਈ ਵਿੱਚ ਨਾ ਲੱਗਣ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਵੀ ਕਰਦਾ ਹੈ।
ਸੋਸ਼ਲ ਮੀਡੀਆ ਦੀ ਸਮੱਗਰੀ ਲੰਬੇ ਸਮੇਂ ਲਈ ਧਿਆਨ ਖਿੱਚਣ ਦੇ ਤਰੀਕੇ ਨਾਲ ਤਿਆਰ ਕੀਤੀ ਗਈ ਹੁੰਦੀ ਹੈ। ਨੋਟੀਫਿਕੇਸ਼ਨ, ਲਾਇਕ, ਕੁਮੈਂਟ, ਮੋਬਾਈਲ ਖੇਡਾਂ, ਗਲਤ ਨੈਟਵਰਕ ਸਾਈਟਸ ਦੇਖਣਾ ਅਤੇ ਸਕ੍ਰੋਲਿੰਗ ਦੇ ਜਾਲ ਵਿੱਚ ਫਸੇ ਵਿਦਿਆਰਥੀ ਨੂੰ ਸਮੇਂ ਦਾ ਅਹਿਸਾਸ ਹੀ ਖਤਮ ਹੋ ਜਾਂਦਾ ਹੈ। ਜਿਸ ਕਾਰਨ ਸਿਹਤ, ਖੁਰਾਕ ,ਹੋਮਵਰਕ ਅਤੇ ਕਿਤਾਬੀ ਸਿੱਖਿਆ ਤੇ ਧਿਆਨ ਕੇਂਦਰਿਤ ਕਰਨਾ ਮੁਸ਼ਕਿਲ ਹੋ ਜਾਂਦਾ ਹੈ।
ਜਿਸ ਕਾਰਨ ਵਿਦਿਆਰਥੀ ਪੜ੍ਹਾਈ ਵਿੱਚ ਪੱਛੜ ਜਾਂਦੇ ਹਨ ਤੇ ਉਨਾਂ ਦਾ ਸਮਾਂ ਪ੍ਰਬੰਧਨ ਕਮਜ਼ੋਰ ਪੈ ਜਾਂਦਾ ਹੈ । ਦੇਰ ਰਾਤ ਤੱਕ ਸਕਰੀਨ ਦੀ ਵਰਤੋਂ ਨਾਲ ਨੀਂਦ ਵਿੱਚ ਕਮੀ ਆਉਣਾ ਆਮ ਗੱਲ ਬਣ ਜਾਂਦੀ ਹੈ , ਜੋ ਬਾਅਦ ਵਿੱਚ ਅਨੇਕਾਂ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦਾ ਕਾਰਨ ਬਣਦੀ ਹੈ। ਆਨਲਾਈਨ ਲੋਕਾਂ ਨਾਲ ਤੁਲਨਾ ਵੀ ਤਨਾਅ ਦਾ ਵੱਡਾ ਕਾਰਨ ਬਣਦੀ ਹੈ।
ਮੌਜੂਦਾ ਦੌਰ ਵਿੱਚ ਵਿਦਿਆਰਥੀ ਵਰਗ ਨੂੰ ਤਕਨਾਲੋਜੀ ਦੀ ਸਿਹਤਮੰਦ ਵਰਤੋ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਵੱਡੀ ਜ਼ਰੂਰਤ ਹੈ। ਇਸ ਕੰਮ ਲਈ ਅਧਿਆਪਕ ਵਰਗ ਅਤੇ ਵਿੱਦਿਅਕ ਸੰਸਥਾਵਾਂ ਆਪਣੀ ਸਮਾਜਿਕ ਜਿੰਮੇਵਾਰੀ ਸਮਝਦੇ ਹੋਏ ,ਸੋਸ਼ਲ ਮੀਡੀਆ ਦੀ ਯੋਗ ਵਰਤੋ ਸਬੰਧੀ ਸਿੱਖਿਆ ਦਾ ਵੱਧ ਤੋਂ ਵੱਧ ਪਸਾਰ ਕਰਨ। ਮਾਤਾ ਪਿਤਾ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਦੀ ਸਿਰਫ ਨਸੀਹਤ ਦੇਣ ਦੀ ਥਾਂ ਖੁਦ ਉਦਾਹਰਨ ਬਣ ਕੇ ਸਾਹਮਣੇ ਆਉਣ।
ਡਿਜ਼ੀਟਲ ਸਾਖਰਤਾ ਰਾਹੀ ਵੀ ਵਿਦਿਆਰਥੀਆਂ ਨੂੰ ਤਕਨਾਲੋਜੀ ਨੂੰ ਸਮਝਣ ਅਤੇ ਸੁਚੱਜੇ ਢੰਗ ਨਾਲ ਵਰਤਣ ਦੀ ਸਿੱਖਿਆ ਦਿੱਤੀ ਜਾ ਸਕਦੀ ਹੈ। ਇਸ ਦਾ ਉਦੇਸ਼ ਸਿਰਫ਼ ਕੰਪਿਊਟਰ ਹੁਨਰਾਂ ਤੱਕ ਹੀ ਸੀਮਤ ਨਹੀਂ ,ਬਲਕਿ ਇਹ ਵਿਦਿਆਰਥੀ ਨੂੰ ਇਹ ਵੀ ਸਿਖਾਉਂਦੀ ਹੈ ਕਿ ਸੋਸ਼ਲ ਮੀਡੀਆ ਉਹਨਾਂ ਦੇ ਵਿਵਹਾਰ ਤੇ ਕਿਵੇਂ ਅਸਰ ਪਾਉਂਦਾ ਹੈ। ਇਸ ਰਾਹੀਂ ਵਿਦਿਆਰਥੀ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਸੋਸ਼ਲ ਮੀਡੀਆ ਉਨਾਂ ਦੇ ਵਿਹਾਰ ਜਾਂ ਪੜ੍ਹਾਈ ਦੀ ਉਤਪਾਦਕਤਾ ਤੇ ਕਿਵੇਂ ਅਸਰ ਪਾਉਂਦਾ ਹੈ। ਅਜਿਹਾ ਕਰਨ ਨਾਲ ਵਿਦਿਆਰਥੀ ਵਰਗ ਵਿੱਚ ਸਵੈ-ਜਾਗਰੂਕਤਾ ਅਤੇ ਸਵੈ ਨਿਯੰਤਰਣ ਮਜ਼ਬੂਤ ਹੁੰਦਾ ਹੈ। ਜਿਸ ਨਾਲ ਉਹਨਾਂ ਵਿੱਚ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ, ਜੋ ਉਹਨਾਂ ਦੀ ਸਫ਼ਲਤਾ ਦੀ ਕੁੰਜੀ ਸਾਬਤ ਹੁੰਦਾ ਹੈ।
ਨੌਜਵਾਨ ਵਰਗ ਇਸ ਗੱਲ ਦਾ ਅਹਿਸਾਸ ਕਰੇ ਕਿ ਸੋਸ਼ਲ ਮੀਡੀਆ ਤੋਂ ਗਿਆਨ ਅਤੇ ਸੂਚਨਾ ਪ੍ਰਾਪਤ ਕਰਕੇ ਜ਼ਿੰਦਗੀ ਦੀਆਂ ਵੱਡੀਆਂ ਮੰਜ਼ਿਲਾਂ ਸਰ ਕਰਨੀਆਂ ਹਨ ,ਨਾ ਕਿ ਇਸ ਦੇ ਗੁਲਾਮ ਬਣ ਕੇ ਜੀਵਨ ਬਤੀਤ ਕਰਨਾ ਹੈ।
“ਸੋਸ਼ਲ ਮੀਡੀਆ ਨੂੰ ਆਪਣੀ ਜ਼ਿੰਦਗੀ ’ਤੇ ਭਾਰੀ ਨਾ ਹੋਣ ਦਿਓ; ਇਸ ਨੂੰ ਆਪਣੀ ਸਿੱਖਿਆ, ਰਚਨਾਤਮਕਤਾ ਅਤੇ ਸਮਾਜਿਕ ਭਲਾਈ ਦਾ ਸਾਧਨ ਬਣਾਓ।”
ਡਾ ਸਤਿੰਦਰ ਸਿੰਘ
ਨੈਸ਼ਨਲ ਅਵਾਰਡੀ
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫਿਰੋਜ਼ਪੁਰ




