ਸਮਾਂ ਪ੍ਰਬੰਧਨ: ਮਿਹਨਤ ਨੂੰ ਮੰਜ਼ਿਲ ਤੱਕ ਪਹੁੰਚਾਉਣ ਦੀ ਕਲਾ
ਸਮਾਂ ਪ੍ਰਬੰਧਨ( Time Management) ਦੀ ਸਿੱਖਿਆ।

ਸਮਾਂ ਪ੍ਰਬੰਧਨ: ਮਿਹਨਤ ਨੂੰ ਮੰਜ਼ਿਲ ਤੱਕ ਪਹੁੰਚਾਉਣ ਦੀ ਕਲਾ ।।
ਸਮਾਂ ਪ੍ਰਬੰਧਨ( Time Management) ਦੀ ਸਿੱਖਿਆ।
ਰਹੀ ਵਾਸਤੇ ਘੱਤ, ਸਮੇਂ ਨੇ ਇੱਕ ਨਾ ਮੰਨੀ,
ਫੜ ਫੜ ਰਹੀ ਧਰੀਕ ,ਸਮੇਂ ਖਿਸਕਾਈ ਕੰਨੀ ,
ਨਾ ਮੁੜ ਕੇ ਆਵਦਾ, ਸਾਂਭ ਇਸ ਨੂੰ ਸਮੇਂ ਨੂੰ….
ਮਹਾਨ ਕਵੀ ਭਾਈ ਵੀਰ ਸਿੰਘ ਜੀ ਦੀ ਇਹ ਕਵਿਤਾ ਸਮੇਂ ਦੇ ਮਹੱਤਵ ਨੂੰ ਖੂਬਸੂਰਤ ਤਰੀਕੇ ਨਾਲ ਦਰਸਾਉਂਦੀ ਹੈ । ਇਹ ਕਵਿਤਾ ਦੱਸਦੀ ਹੈ ਕਿ ਸਮਾਂ ਬੇਹੱਦ ਕੀਮਤੀ ਹੈ ਅਤੇ ਇਹ ਕਦੇ ਵੀ ਕਿਸੇ ਲਈ ਨਹੀਂ ਰੁਕਦਾ। ਇਸ ਕਵਿਤਾ ਰਾਹੀਂ ਭਾਈ ਸਾਹਿਬ ਵਰਤਮਾਨ ਸਮੇਂ ਦੀ ਕਦਰ ਕਰਨ ਅਤੇ ਸੁਚੱਜੇ ਢੰਗ ਨਾਲ ਸਮੇਂ ਦੀ ਵਰਤੋਂ ਕਰਨ ਦੀ ਪ੍ਰੇਰਨਾ ਦਿੰਦੇ ਹਨ। ਕਿਉਂਕਿ ਇੱਕ ਵਾਰ ਬੀਤਿਆ ਸਮਾਂ ਕਦੇ ਵਾਪਸ ਨਹੀਂ ਆਉਂਦਾ।
ਮਨੁੱਖੀ ਜੀਵਨ ਵਿੱਚ ਸਭ ਤੋਂ ਕੀਮਤੀ ਚੀਜ਼ ਸਮਾਂ ਹੈ। ਧਨ, ਦੌਲਤ ,ਸੋਨਾ ਅਤੇ ਹੋਰ ਕੀਮਤੀ ਵਸਤੂਆਂ ਜੇ ਇੱਕ ਵਾਰ ਚਲੀਆਂ ਜਾਣ ਤਾਂ ਦੁਬਾਰਾ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਪ੍ਰੰਤੂ ਜੇ ਸਮਾਂ ਇੱਕ ਵਾਰ ਹੱਥੋਂ ਨਿਕਲ ਗਿਆ ਤਾਂ ਦੁਬਾਰਾ ਵਾਪਸ ਨਹੀਂ ਆਏਗਾ। ਵਿਦਿਆਰਥੀ ਜੀਵਨ ਵਿੱਚ ਜੇ ਪੜ੍ਹਾਈ ਦੇ ਕੁਝ ਸਾਲ ਮੌਜ ਮਸਤੀ, ਸੋਸ਼ਲ ਮੀਡੀਆ, ਆਲਸ ਅਤੇ ਗਲਤ ਸੰਗਤ ਵਿੱਚ ਗਵਾ ਲਏ ਤਾਂ ਬਾਕੀ ਜ਼ਿੰਦਗੀ ਸੰਘਰਸ਼ਮਈ ਜੀਵਨ ਬਤੀਤ ਕਰਦਿਆਂ ਗੁਜ਼ਰਦੀ ਹੈ। ਕੁਦਰਤ ਨੇ ਕਿਸੇ ਨੂੰ ਵੱਧ ਸੁੰਦਰਤਾ ਦਿੱਤੀ, ਕਿਸੇ ਨੂੰ ਵੱਧ ਬੁੱਧੀ ਤੇ ਕਿਸੇ ਕੋਲ ਵੱਧ ਧਨ ਹੋ ਸਕਦਾ ਹੈ। ਪ੍ਰੰਤੂ ਹਰ ਵਿਅਕਤੀ ਕੋਲ ਦਿਨ ਦੇ ਇੱਕੋ ਜਿੰਨੇ 24 ਘੰਟੇ ਹੁੰਦੇ ਹਨ । ਹਰ ਵਿਅਕਤੀ ਕੋਲ ਤਰੱਕੀ ਕਰਨ ਲਈ ਬਰਾਬਰ ਸਮਾਂ ਹੈ। ਪੂਰੇ ਦਿਨ ਵਿੱਚ 24 ਘੰਟੇ ਦਾ ਸਮਾਂ ਜ਼ਰੂਰ ਹੈ ,ਪਰੰਤੂ ਅਸਲ ਸਮਾਂ ਉਹੀ ਹੁੰਦਾ ਹੈ ਜਿਸ ਦਾ ਅਸੀਂ ਸਹੀ ਇਸਤੇਮਾਲ ਕਰਦੇ ਹਾਂ। ਸਫ਼ਲ ਅਤੇ ਅਸਫ਼ਲ ਇਨਸਾਨ ਵਿੱਚ ਫਰਕ ਇਸ ਗੱਲ ਦਾ ਹੀ ਹੁੰਦਾ ਹੈ, ਕਿ ਉਹ ਆਪਣੇ ਸਮੇਂ ਦੀ ਵਰਤੋਂ ਕਿੰਨੀ ਸੂਝ ਬੂਝ ਅਤੇ ਯੋਜਨਾਬੰਦ ਤਰੀਕੇ ਨਾਲ ਕਰਦਾ ਹੈ। ਜ਼ਿੰਦਗੀ ਵਿੱਚ ਤਰੱਕੀ ਕਰਨ ਅਤੇ ਸਫ਼ਲਤਾ ਪੂਰਵਕ ਖੁਸ਼ਹਾਲ ਜੀਵਨ ਬਤੀਤ ਕਰਨ ਲਈ ਸਮਾਂ ਪ੍ਰਬੰਧਨ ਕਰਨਾ ਬੇਹੱਦ ਜ਼ਰੂਰੀ ਹੈ । ਸਮਾਂ ਪ੍ਰਬੰਧਨ ਤੋਂ ਭਾਵ ਸਿਰਫ ਇੱਕੋ ਕੰਮ ਅਰਥਾਤ ਸਿਰਫ਼ ਪੜ੍ਹਾਈ, ਨੌਕਰੀ, ਵਪਾਰ ਜਾਂ ਕਿਸੇ ਹੋਰ ਕੰਮ ਵਿੱਚ ਨਿਰੰਤਰ ਮਿਹਨਤ ਕਰਦੇ ਰਹਿਣ ਤੋਂ ਨਹੀਂ ਹੈ। ਬਲਕਿ ਇਹ ਇੱਕ ਅਜਿਹੀ ਕਲਾ ਹੈ, ਜਿਸ ਨਾਲ ਵਿਅਕਤੀ ਸਮੇਂ ਦੀ ਉਚਿਤ ਵਰਤੋਂ ਕਰਕੇ ਪੜ੍ਹਾਈ, ਕੰਮ ,ਪਰਿਵਾਰ, ਮਨੋਰੰਜਨ, ਸਿਹਤ ਅਤੇ ਲੋੜੀਂਦਾ ਅਰਾਮ ਕਰਨ ਦੇ ਵਿਚਕਾਰ ਸੰਤੁਲਨ ਬਣਾਉਂਦਾ ਹੈ। ਆਪਣੇ ਸਮੁੱਚੇ ਸਮੇਂ ਨੂੰ ਕੰਮ ਦੀ ਮਹੱਤਤਾ ਅਨੁਸਾਰ ਤਰਜੀਹ ਦੇਣ, ਯੋਜਨਾ ਬੰਦੀ ਕਰਨਾ ਅਤੇ ਸੁਚੱਜੀ ਵਰਤੋ ਕਰਨ ਨੂੰ ਪਹਿਲ ਦਿੰਦੇ ਹਨ। ਸਮਾਂ ਪ੍ਰਬੰਧਨ ਰਾਹੀਂ ਟੀਚੇ ਪ੍ਰਾਪਤ ਕਰਨ ਲਈ ਜ਼ਰੂਰੀ ਹੈ ਕਿ ਕੰਮ ਨੂੰ ਕਰਨ ਲਈ ਸਮਾਂ ਸਾਰਨੀ ਬਣਾਈ ਜਾਵੇ ,ਹਰ ਕੰਮ ਨੂੰ ਨਿਰਧਾਰਿਤ ਸਮੇਂ ਵਿੱਚ ਮੁਕੰਮਲ ਕਰਨ ਲਈ ਤਨਦੇਹੀ ਨਾਲ ਯਤਨ ਕੀਤੇ ਜਾਣ ਅਤੇ ਕੰਮ ਨੂੰ ਟਾਲਮਟੋਲ ਕਰਨ ਦੀ ਨੀਤੀ ਦਾ ਤਿਆਗ ਕੀਤਾ ਜਾਵੇ।
ਵਿਦਿਆਰਥੀ ਜੀਵਨ ਵਿੱਚ ਸਮਾਂ ਪ੍ਰਬੰਧਨ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਸਮਾਂ ਪ੍ਰਬੰਧਨ ਵਿਦਿਆਰਥੀ ਦੀ ਸਫਲਤਾ ਦਾ ਮਜ਼ਬੂਤ ਆਧਾਰ ਹੈ । ਸਮੇਂ ਦੀ ਉਚਿਤ ਵਰਤੋਂ ਨਾਲ ਹੀ ਵਿਦਿਆਰਥੀ ਜਿੱਥੇ ਅਕਾਦਮਿਕ ਖੇਤਰ ਵਿੱਚ ਸ਼ਲਾਂਘਾਯੋਗ ਪ੍ਰਾਪਤੀਆਂ ਕਰਨ ਦੇ ਯੋਗ ਬਣਦਾ ਹੈ, ਉਥੇ ਸਵੈ ਅਨੁਸ਼ਾਸਨ, ਜ਼ਿੰਮੇਵਾਰੀ ਦੀ ਭਾਵਨਾ, ਆਤਮ ਵਿਸ਼ਵਾਸ ਅਤੇ ਸਹਿਪਾਠੀ ਗਤੀਵਿਧੀਆਂ ਵਿੱਚ ਭਾਗੇਦਾਰੀ ਨਾਲ ਸਰਵਪੱਖੀ ਵਿਕਾਸ ਵੀ ਇਸ ਸਮਾਂ ਪ੍ਰਬੰਧਨ ਨਾਲ ਹੀ ਸੰਭਵ ਹੋ ਪਾਉਂਦਾ ਹੈ । ਜੋ ਵਿਦਿਆਰਥੀ ਸਮੇਂ ਦੀ ਕਦਰ ਕਰਦੇ ਹਨ, ਉਹ ਹੀ ਜੀਵਨ ਵਿੱਚ ਸਫ਼ਲ ਇਨਸਾਨ ਅਤੇ ਜਿੰਮੇਵਾਰ ਨਾਗਰਿਕ ਬਣ ਕੇ ਨਿਕਲਦੇ ਹਨ।
ਮੌਜੂਦਾ ਦੌਰ ਵਿੱਚ ਕਿਸੇ ਵੀ ਵਿਅਕਤੀ ਨਾਲ ਗੱਲਬਾਤ ਕਰੋ ਤਾਂ ਕਹੇਗਾ ਕਿ ਸਮਾਂ ਹੀ ਨਹੀਂ ਮਿਲਦਾ। ਸਭ ਦੌੜ ਰਹੇ ਹਨ, ਸਭ ਜਲਦੀ ਵਿੱਚ ਹਨ,ਪ੍ਰੰਤੂ ਸਮੇਂ ਸਿਰ ਕੰਮ ਕਰਨ ਵਿੱਚ ਸਭ ਨੂੰ ਮੁਸ਼ਕਿਲ ਆ ਰਹੀ ਹੈ। ਅਸਲੀਅਤ ਵਿੱਚ ਜੋ ਲੋਕ ਸਮੇਂ ਦਾ ਸਹੀ ਪ੍ਰਬੰਧਨ ਨਹੀਂ ਕਰਦੇ , ਉਹ ਲੋਕ ਹੀ ਸਭ ਤੋਂ ਵੱਧ ਸਮੇਂ ਦੀ ਕਮੀ ਦਾ ਰੋਣਾ ਰੋਂਦੇ ਹਨ। ਆਮ ਲੋਕ ਜਦੋਂ ਸਮੇਂ ਦੀ ਕਮੀ ਸਬੰਧੀ ਬਹਾਨੇ ਬਣਾ ਰਹੇ ਹੁੰਦੇ ਹਨ ,ਤਾਂ ਸਫ਼ਲ ਲੋਕ ਉਸ ਸਮੇਂ ਮਿਹਨਤ ਨਾਲ ਕੰਮ ਕਰ ਰਹੇ ਹੁੰਦੇ ਹਨ। ਜਦੋਂ ਲੋਕ ਕਿਸੇ ਵੀ ਕੰਮ ਨੂੰ ਕਰਨ ਵਿੱਚ ਸਫ਼ਲ ਨਹੀਂ ਹੁੰਦੇ ਤਾਂ ਸਭ ਤੋਂ ਵੱਧ ਬੋਲੇ ਅਤੇ ਸੁਣੇ ਗਏ ਸ਼ਬਦ ,ਜੋ ਉਸ ਨੂੰ ਸਭ ਤੋਂ ਵੱਧ ਦੁੱਖ ਦਿੰਦੇ ਹਨ “ਮੈਂ ਇਹ ਕੰਮ ਕਰ ਸਕਦਾ ਸੀ” ਜੇ…। ਮਹੱਤਵਪੂਰਨ ਕੰਮ ਨੂੰ ਹਮੇਸ਼ਾ ਪਹਿਲ ਦੇ ਅਧਾਰ ਤੇ ਕਰਨਾ ਬਣਦਾ ਹੈ। ਚੰਗਾ ਕੰਮ ਤੁਰੰਤ ਕਰ ਲੈਣਾ ਚਾਹੀਦਾ ਹੈ, ਗਲਤ ਅਤੇ ਬੁਰੇ ਕੰਮ ਨੂੰ ਟਾਲ ਦੇਣਾ ਚਾਹੀਦਾ ਹੈ।
ਕਬੀਰ ਜੀ ਨੇ ਵੀ ਕੰਮ ਨੂੰ ਤੁਰੰਤ ਕਰਨ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ
ਕੱਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ, ਪਲ ਮੇ ਪਰਲੇ ਹੋਏਗੀ , ਬਹੁਰੀ ਕਰੋਗੇ ਕਬ।
ਸਮਾਂ ਪ੍ਰਬੰਧਨ ਲਈ ਸਭ ਤੋਂ ਮਹੱਤਵਪੂਰਨ ਅਤੇ ਚੰਗੀ ਆਦਤ ਹੈ ,ਸਵੇਰੇ ਜਲਦੀ ਉੱਠਣਾ ਅਰਥਾਤ ਸੂਰਜ ਚੜਨ ਤੋਂ ਪਹਿਲਾਂ ਉੱਠਣਾ। ਜਦੋਂ ਜਲਦੀ ਉੱਠਾਂਗੇ ਤਾਂ ਦਿਨ ਲੰਮਾਂ ਅਤੇ ਸਮਾਂ ਵੱਧ ਮਿਲੇਗਾ । ਉਸ ਸਮੇਂ ਨੂੰ ਸੁਪਨੇ ਪੂਰੇ ਕਰਨ ਤੇ ਲਗਾਇਆ ਜਾ ਸਕਦਾ ਹੈ। ਕਾਮਯਾਬ ਵਿਅਕਤੀਆਂ ਦੀ ਜ਼ਿੰਦਗੀ ਦੇ ਤਜ਼ਰਬੇ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਸਾਰਿਆਂ ਵਿੱਚ ਜਲਦੀ ਉੱਠਣ ਦੀ ਚੰਗੀ ਆਦਤ ਸੀ। ਮੌਜੂਦਾ ਦੌਰ ਵਿੱਚ ਸੋਸ਼ਲ ਮੀਡੀਆ ,ਇੰਟਰਨੈਟ, ਆਨਲਾਈਨ ਖੇਡਾਂ ਅਤੇ ਨੈੱਟਫਲਿਕਸ ਵਰਗੇ ਪਲੇਟਫਾਰਮ ਨੌਜਵਾਨ ਪੀੜੀ ਦੇ ਸਮਾਂ ਪ੍ਰਬੰਧਨ ਵਿੱਚ ਸਭ ਤੋਂ ਵੱਡੀ ਰੁਕਾਵਟ ਬਣ ਕੇ ਸਾਹਮਣੇ ਆ ਰਹੇ ਹਨ। ਇਹਨਾਂ ਦੀ ਉੱਚਿਤ ਵਰਤੋਂ ਕਰਨਾ ਸਮੇਂ ਦੀ ਵੱਡੀ ਜ਼ਰੂਰਤ ਹੈ। ਇਹਨਾਂ ਡਿਜ਼ੀਟਲ ਸਾਧਨਾਂ ਦੀ ਜੋ ਉਚਿਤ ਵਰਤੋਂ ਕਰੇਗਾ ਉਹ ਵਿਅਕਤੀ ਤਰੱਕੀ ਕਰੇਗਾ, ਜੋ ਇਹਨਾਂ ਦੀ ਵਰਤੋਂ ਬਿਲਕੁਲ ਨਹੀਂ ਕਰੇਗਾ, ਉਹ ਪਿੱਛੜ ਜਾਏਗਾ ਅਤੇ ਜੋ ਬੇਲੋੜੀ ਵਰਤੋਂ ਕਰੇਗਾ ਉਹ ਬਰਬਾਦ ਹੋ ਜਾਏਗਾ। ਸਮੇਂ ਦੀ ਉਚਿਤ ਵਰਤੋਂ ਲਈ ਮੋਬਾਇਲ ਦੇ ਮਾਲਿਕ ਬਣੋ ਨਾ ਕਿ ਇਸਦੇ ਗੁਲਾਮ।
ਹਰ ਵਿਅਕਤੀ ਨੂੰ ਅਗਲੇ ਦਿਨ ਦਾ ਟੀਚਾ ਅਤੇ ਕੀਤੇ ਜਾਣ ਵਾਲੇ ਕੰਮਾਂ ਦੀ ਸੂਚੀ ਰਾਤ ਨੂੰ ਸੌਣ ਤੋਂ ਪਹਿਲਾਂ ਹੀ ਬਣਾ ਲੈਣੀ ਚਾਹੀਦੀ ਹੈ। ਟੀਚੇ ਚਾਹੇ ਛੋਟੇ ਹੋਣ ਪਰ ਪੂਰੇ ਕੀਤੇ ਜਾਣ ਵਾਲੇ ਹੋਣ। ਆਲਸ ਸ਼ਬਦ ਮਨੁੱਖ ਦੇ ਮਿੱਥੇ ਟੀਚੇ ਪ੍ਰਾਪਤ ਕਰਨ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ।
ਸਮਾਂ ਪ੍ਰਬੰਧਨ ਅਨੁਸਾਰ ਕੰਮ ਕਰਨ ਵਿੱਚ ਵਿਅਕਤੀ ਦੇ ਦੋਸਤ ਅਤੇ ਸੰਗਤ ਦਾ ਵੀ ਬਹੁਤ ਵੱਡਾ ਹੱਥ ਹੁੰਦਾ ਹੈ। ਗਲਤ ਲੋਕਾਂ ਦੀ ਸੰਗਤ ਮਿੱਥੇ ਟੀਚੇ ਤੋਂ ਦੂਰ ਲੈ ਜਾਂਦੀ ਹੈ,ਸਮੇਂ ਦੀ ਬਰਬਾਦੀ ਦੇ ਨਾਲ ਨਾਲ ਨਕਾਰਾਤਮਕ ਵਿਚਾਰ ਪੈਦਾ ਕਰਦੀ ਹੈ। ਜਦਕਿ ਚੰਗੇ ਦੋਸਤ ਪ੍ਰੇਰਨਾ ਦਾ ਕੰਮ ਕਰਦੇ ਹਨ, ਸਕਾਰਾਤਮਕ ਸੋਚ ਪ੍ਰਦਾਨ ਕਰਦੇ ਹਨ। ਜਿਸ ਨਾਲ ਵਿਅਕਤੀ ਆਪਣੀ ਮੰਜ਼ਿਲ ਤੇ ਉਹਨਾਂ ਦੇ ਸਹਿਯੋਗ ਨਾਲ ਜਲਦ ਪਹੁੰਚਦਾ ਹੈ ।
ਸੁਪਨੇ ਸਾਰੇ ਦੇਖਦੇ ਹਨ ,ਪਰੰਤੂ ਉਹਨਾਂ ਨੂੰ ਪੂਰਾ ਕਰਨ ਲਈ ਜਿਹੜੇ ਯਤਨ ਕਰਦੇ ਹਨ ,ਉਹੀ ਸਫ਼ਲ ਹੁੰਦੇ ਹਨ। ਹਰ ਵਿਅਕਤੀ ਕੋਲ ਕੰਮ ਕਰਨ ਲਈ ਪੂਰਾ ਦਿਨ ਹੁੰਦਾ ਹੈ ,ਪ੍ਰੰਤੂ ਜਿਸ ਨੇ ਦਿਨ ਸੰਭਾਲ ਲਏ ਉਸਨੇ ਜ਼ਿੰਦਗੀ ਸੰਭਾਲ ਲਈ।
ਮੰਜ਼ਿਲ ਵੱਲ ਚੱਲਦੇ ਰਸਤੇ ਵਿੱਚ ਆਉਂਦੀਆਂ ਰੁਕਾਵਟਾਂ ਦਾ ਜਦੋਂ ਆਤਮ ਵਿਸ਼ਵਾਸ ਅਤੇ ਮਾਨਸਿਕ ਮਜ਼ਬੂਤੀ ਨਾਲ ਸਾਹਮਣਾ ਕਰਦੇ ਹੋਏ ਪਹਿਲਾਂ ਨਿਸ਼ਚਿਤ ਕੀਤੇ ਰਸਤੇ ਤੇ ਚੱਲਿਆ ਜਾਂਦਾ ਹੈ ਤਾਂ ਜ਼ਿੰਦਗੀ ਦੇ ਟੀਚੇ ਆਸਾਨੀ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ।
ਚੰਗੀ ਸਿਹਤ ਲਈ ਸਰੀਰਕ ਗਤੀਵਿਧੀਆਂ ਲਈ ਸਮਾਂ ਕੱਢਣਾ ,ਪਰਿਵਾਰ ਅਤੇ ਦੋਸਤਾਂ ਲਈ ਸਮਾਂ ਕੱਢਣਾ, ਲਗਾਤਾਰ ਸਿੱਖਣਾ , ਸਵੈ ਵਿਕਾਸ, ਮਨੋਰੰਜਨ ,ਉੱਚਿਤ ਆਰਾਮ ਅਤੇ ਨੀਂਦ ਲਈ ਸਮੇਂ ਦਾ ਸੰਤੁਲਨ ਬਣਾਉਣਾ ਬੇਹੱਦ ਜ਼ਰੂਰੀ ਹੈ।
ਉਚਿਤ ਸਮਾਂ ਪ੍ਰਬੰਧਨ ਦੀ ਆਦਤ ਵਿਦਿਆਰਥੀ ਜੀਵਨ ਤੋਂ ਹੀ ਵਿਕਸਿਤ ਕਰਨ ਵਿੱਚ ਮਾਪੇ ਅਤੇ ਅਧਿਆਪਕ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਮਾਪੇ ਘਰ ਦਾ ਅਨੁਸ਼ਾਸਿਤ ਮਾਹੌਲ, ਘਰ ਦਾ ਚੰਗਾ ਰੂਟੀਨ ਅਤੇ ਖੁਦ ਰੋਲ ਮਾਡਲ ਬਣ ਸਕਦੇ ਹਨ। ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਜ਼ਿੰਦਗੀ ਦੇ ਟੀਚੇ ਨਿਰਧਾਰਿਤ ਕਰਨ, ਯੋਜਨਾਬੰਦ ਪੜ੍ਹਾਈ ਲਈ ਉਚਿਤ ਸਮਾਂ ਸਾਰਨੀ ਬਣਾਉਣ ਅਤੇ ਸਮੇਂ ਦੀ ਮਹੱਤਤਾ ਨੂੰ ਸਮਝਦੇ ਹੋਏ ਟੀਚੇ ਸਮੇਂ ਸਿਰ ਮੁਕੰਮਲ ਕਰਨ ਵਿੱਚ ਵੱਡਮੁੱਲਾ ਮਾਰਗ ਦਰਸ਼ਨ ਕਰ ਸਕਦੇ ਹਨ।
“ਸਮਾਂ ਸਭ ਨੂੰ ਬਰਾਬਰ ਮਿਲਦਾ ਹੈ; ਫ਼ਰਕ ਸਿਰਫ਼ ਇਸ ਗੱਲ ਦਾ ਹੈ ਕਿ ਕੌਣ ਇਸਨੂੰ ਮੌਕਾ ਬਣਾਉਂਦਾ ਹੈ ਅਤੇ ਕੌਣ ਇਸਨੂੰ ਗੁਆ ਦਿੰਦਾ ਹੈ।”
ਡਾ ਸਤਿੰਦਰ ਸਿੰਘ
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫਿਰੋਜ਼ਪੁਰ।




