ਖੂਨਦਾਨ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਲਈ ਮਯੰਕ ਫਾਊਂਡੇਸ਼ਨ ਸਨਮਾਨਿਤ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਰਾਜ ਪੱਧਰੀ NGO ਕਾਨਫਰੰਸ ਵਿੱਚ ਕੀਤਾ ਸਨਮਾਨ

ਖੂਨਦਾਨ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਲਈ ਮਯੰਕ ਫਾਊਂਡੇਸ਼ਨ ਸਨਮਾਨਿਤ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਰਾਜ ਪੱਧਰੀ NGO ਕਾਨਫਰੰਸ ਵਿੱਚ ਕੀਤਾ ਸਨਮਾਨ
ਫਿਰੋਜ਼ਪੁਰ, 22 ਅਗਸਤ, 2026: ਖੂਨਦਾਨ ਦੇ ਖੇਤਰ ਵਿੱਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕੀਤੇ ਜਾ ਰਹੇ ਸ਼ਲਾਘਾਯੋਗ ਕਾਰਜਾਂ ਲਈ ਮਯੰਕ ਫਾਊਂਡੇਸ਼ਨ, ਫਿਰੋਜ਼ਪੁਰ ਨੂੰ ਰਾਜ ਪੱਧਰੀ NGO ਕਾਨਫਰੰਸ ਅਤੇ ਸਨਮਾਨ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਵਿਖੇ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤੀ।
ਮਯੰਕ ਫਾਊਂਡੇਸ਼ਨ ਵੱਲੋਂ ਉਪ ਪ੍ਰਧਾਨ ਰਾਜੀਵ ਸੇਤੀਆ ਅਤੇ ਦੀਪਕ ਮੈਥਪਾਲ ਨੇ ਕਾਨਫਰੰਸ ਵਿੱਚ ਸ਼ਮੂਲੀਅਤ ਕੀਤੀ ਅਤੇ ਫਾਊਂਡੇਸ਼ਨ ਵੱਲੋਂ ਸਨਮਾਨ ਪ੍ਰਾਪਤ ਕੀਤਾ।
ਫਾਊਂਡੇਸ਼ਨ ਦੇ ਸਕੱਤਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਹ ਸਨਮਾਨ ਸੰਸਥਾ ਦੇ ਮੈਂਬਰਾਂ, ਵਲੰਟੀਅਰਾਂ ਅਤੇ ਖੂਨਦਾਨੀਆਂ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਡਾ. ਅਨਿਰੁੱਧ ਗੁਪਤਾ ਦੀ ਅਗਵਾਈ ਹੇਠ ਮਯੰਕ ਫਾਊਂਡੇਸ਼ਨ ਪਿਛਲੇ ਅੱਠ ਸਾਲਾਂ ਤੋਂ ਨਿਯਮਿਤ ਤੌਰ ’ਤੇ ਖੂਨਦਾਨ ਕੈਂਪ ਲਗਾ ਰਹੀ ਹੈ ਅਤੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਸਵੈ-ਇੱਛੁਕ ਖੂਨਦਾਨ ਲਈ ਪ੍ਰੇਰਿਤ ਕਰ ਰਹੀ ਹੈ।
ਕਾਨਫਰੰਸ ਦੌਰਾਨ ਸਵੈ-ਇੱਛੁਕ ਖੂਨਦਾਨ ਨੂੰ ਉਤਸ਼ਾਹਿਤ ਕਰਨ, ਖੂਨਦਾਨ ਕੈਂਪਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨ, ਖੂਨਦਾਨੀਆਂ ਨੂੰ ਨਿਯਮਿਤ ਖੂਨਦਾਨ ਲਈ ਪ੍ਰੇਰਿਤ ਕਰਨ ਅਤੇ ਨੌਜਵਾਨਾਂ ਦੀ ਭਾਗੀਦਾਰੀ ਵਧਾਉਣ ਸਬੰਧੀ ਮਹੱਤਵਪੂਰਨ ਤਕਨੀਕੀ ਸੈਸ਼ਨ ਕਰਵਾਏ ਗਏ। ਇਸ ਤੋਂ ਇਲਾਵਾ ਖੂਨਦਾਨੀ ਦੀ ਯੋਗਤਾ ਅਤੇ ਖੂਨਦਾਨ ਨਾਲ ਸਬੰਧਤ ਜ਼ਰੂਰੀ ਮਾਪਦੰਡਾਂ ਬਾਰੇ ਵੀ ਮਾਹਿਰਾਂ ਵੱਲੋਂ ਜਾਣਕਾਰੀ ਦਿੱਤੀ ਗਈ।
ਕਾਨਫਰੰਸ ਵਿੱਚ ਸਰਕਾਰ ਅਤੇ NGOs ਵਿਚਕਾਰ ਬਿਹਤਰ ਤਾਲਮੇਲ ਰਾਹੀਂ ਸਵੈ-ਇੱਛੁਕ ਖੂਨਦਾਨ ਦੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਵੱਖ-ਵੱਖ ਸਮਾਜਿਕ ਸੰਸਥਾਵਾਂ ਨੇ ਖੂਨਦਾਨ ਦੇ ਖੇਤਰ ਵਿੱਚ ਆਪਣੇ ਤਜਰਬੇ ਅਤੇ ਕਾਰਜ ਪ੍ਰਣਾਲੀਆਂ ਵੀ ਸਾਂਝੀਆਂ ਕੀਤੀਆਂ।
ਰਾਕੇਸ਼ ਕੁਮਾਰ ਨੇ ਕਿਹਾ ਕਿ ਇਹ ਸਨਮਾਨ ਮਯੰਕ ਫਾਊਂਡੇਸ਼ਨ ਲਈ ਮਾਣ ਵਾਲੀ ਗੱਲ ਹੈ ਅਤੇ ਇਸ ਨਾਲ ਸੰਸਥਾ ਦੇ ਮੈਂਬਰਾਂ ਅਤੇ ਵਲੰਟੀਅਰਾਂ ਦਾ ਉਤਸ਼ਾਹ ਹੋਰ ਵਧਿਆ ਹੈ। ਫਾਊਂਡੇਸ਼ਨ ਭਵਿੱਖ ਵਿੱਚ ਵੀ ਖੂਨਦਾਨ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਲੋੜਵੰਦ ਮਰੀਜ਼ਾਂ ਲਈ ਖੂਨ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਆਪਣੇ ਯਤਨ ਜਾਰੀ ਰੱਖੇਗੀ।





