ਗੋਲਡਨ ਇਨਕਲੇਵ ਵਿੱਚ 65 ਸਾਲਾ ਕਾਰੋਬਾਰੀ ਨੇ ਲਾਇਸੈਂਸੀ ਹਥਿਆਰ ਨਾਲ ਕੀਤੀ ਖੁਦਕੁਸ਼ੀ
ਗੋਲਡਨ ਇਨਕਲੇਵ ਵਿੱਚ 65 ਸਾਲਾ ਕਾਰੋਬਾਰੀ ਨੇ ਲਾਇਸੈਂਸੀ ਹਥਿਆਰ ਨਾਲ ਕੀਤੀ ਖੁਦਕੁਸ਼ੀ
ਫਿਰੋਜ਼ਪੁਰ, 17 ਅਗਸਤ, 2026: ਫਿਰੋਜ਼ਪੁਰ ਸ਼ਹਿਰ ਦੇ ਗੋਲਡਨ ਇਨਕਲੇਵ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਕਰੀਬ 65 ਸਾਲਾ ਕਾਰੋਬਾਰੀ ਗੁਰਕਿਰਪਾਲ ਸਿੰਘ ਨੇ ਆਪਣੇ ਲਾਇਸੈਂਸੀ ਹਥਿਆਰ ਨਾਲ ਕਥਿਤ ਤੌਰ ’ਤੇ ਖੁਦ ਨੂੰ ਗੋਲੀ ਮਾਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਗੁਰਕਿਰਪਾਲ ਸਿੰਘ ਆਮ ਤੌਰ ’ਤੇ ਸਵੇਰੇ ਕਰੀਬ 4 ਵਜੇ ਉੱਠ ਕੇ ਪਾਠ ਕਰਦੇ ਸਨ। ਸੋਮਵਾਰ ਸਵੇਰੇ ਜਦੋਂ ਉਹ ਆਮ ਸਮੇਂ ’ਤੇ ਨਾ ਉੱਠੇ ਤਾਂ ਪਰਿਵਾਰਕ ਮੈਂਬਰਾਂ ਨੇ ਧਿਆਨ ਦਿੱਤਾ। ਬਾਅਦ ਵਿੱਚ ਜਦੋਂ ਉਹ ਨਹਾ ਕੇ ਬਾਹਰ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਗੁਰਕਿਰਪਾਲ ਸਿੰਘ ਉੱਠ ਚੁੱਕੇ ਸਨ। ਉਹ ਬਾਥਰੂਮ ਜਾਣ ਤੋਂ ਬਾਅਦ ਮੁੜ ਆਪਣੇ ਕਮਰੇ ਵਿੱਚ ਚਲੇ ਗਏ।

ਕੁਝ ਸਮੇਂ ਬਾਅਦ ਕਮਰੇ ਦੇ ਅੰਦਰੋਂ ਆਵਾਜ਼ ਸੁਣਾਈ ਦਿੱਤੀ। ਪਰਿਵਾਰਕ ਮੈਂਬਰਾਂ ਨੇ ਉੱਪਰ ਕਿਰਾਏ ’ਤੇ ਰਹਿੰਦੇ ਵਿਅਕਤੀ ਨੂੰ ਵੀ ਆਵਾਜ਼ ਦਿੱਤੀ ਅਤੇ ਜਦੋਂ ਕਮਰੇ ਦਾ ਦਰਵਾਜ਼ਾ ਤੋੜ ਕੇ ਅੰਦਰ ਦੇਖਿਆ ਗਿਆ ਤਾਂ ਗੁਰਕਿਰਪਾਲ ਸਿੰਘ ਗੰਭੀਰ ਹਾਲਤ ਵਿੱਚ ਮਿਲੇ। ਪਰਿਵਾਰ ਅਨੁਸਾਰ ਉਨ੍ਹਾਂ ਨੇ ਆਪਣੇ ਲਾਇਸੈਂਸੀ .32 ਬੋਰ ਹਥਿਆਰ ਨਾਲ ਖੁਦ ਨੂੰ ਗੋਲੀ ਮਾਰੀ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਕਿਰਪਾਲ ਸਿੰਘ ਦਿਮਾਗ ਨਾਲ ਸਬੰਧਤ ਬਿਮਾਰੀ ਲਈ ਦਵਾਈ ਲੈ ਰਹੇ ਸਨ ਅਤੇ ਪਹਿਲਾਂ ਵੀ ਇਸ ਸਬੰਧੀ ਸਮੱਸਿਆ ਰਹੀ ਸੀ। ਹਾਲਾਂਕਿ ਉਨ੍ਹਾਂ ਵੱਲੋਂ ਇਹ ਕਦਮ ਕਿਉਂ ਚੁੱਕਿਆ ਗਿਆ, ਇਸ ਬਾਰੇ ਪਰਿਵਾਰ ਨੂੰ ਫਿਲਹਾਲ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ।
ਘਟਨਾ ਸਮੇਂ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਕਿਸੇ ਕੰਮ ਲਈ ਰਿਸ਼ਤੇਦਾਰੀ ਵਿੱਚ ਗਏ ਹੋਏ ਸਨ। ਗੁਰਕਿਰਪਾਲ ਸਿੰਘ ਆਪਣੇ ਪਿੱਛੇ ਪਤਨੀ ਅਤੇ ਇੱਕ ਪੁੱਤਰ ਛੱਡ ਗਏ ਹਨ। ਪੁਲਿਸ ਵੱਲੋਂ ਘਟਨਾ ਦੇ ਕਾਰਨਾਂ ਅਤੇ ਹੋਰ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।






