ਐਸ.ਬੀ.ਐਸ. ਸਟੇਟ ਯੂਨੀਵਰਸਿਟੀ ਦੇ ਐਨ.ਐਸ.ਐਸ. ਯੂਨਿਟਾਂ ਵੱਲੋਂ ‘ਹਰ ਘਰ ਤਿਰੰਗਾ’ ਮੁਹਿੰਮ ਦਾ ਆਯੋਜਨ
ਐਸ.ਬੀ.ਐਸ. ਸਟੇਟ ਯੂਨੀਵਰਸਿਟੀ ਦੇ ਐਨ.ਐਸ.ਐਸ. ਯੂਨਿਟਾਂ ਵੱਲੋਂ ‘ਹਰ ਘਰ ਤਿਰੰਗਾ’ ਮੁਹਿੰਮ ਦਾ ਆਯੋਜਨ
ਫਿਰੋਜ਼ਪੁਰ, 15 ਅਗਸਤ, 2026:
: ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਦੇ ਐਨ.ਐਸ.ਐਸ. ਯੂਨਿਟਾਂ ਵੱਲੋਂ ਆਜ਼ਾਦੀ ਦਿਵਸ ਹਫ਼ਤੇ ਦੌਰਾਨ ‘ਹਰ ਘਰ ਤਿਰੰਗਾ’ ਮੁਹਿੰਮ ਦਾ ਆਯੋਜਨ ਕੀਤਾ ਗਿਆ। ਇਸ ਮੁਹਿੰਮ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਐਨ.ਐਸ.ਐਸ. ਯੂਨਿਟਾਂ ਦੇ ਵਲੰਟੀਅਰਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਯੂਨੀਵਰਸਿਟੀ ਦੇ ਵੱਖ-ਵੱਖ ਐਨ.ਐਸ.ਐਸ. ਯੂਨਿਟਾਂ ਦੇ ਕਰੀਬ 200 ਵਿਦਿਆਰਥੀਆਂ ਨੇ ਇਸ ਮੁਹਿੰਮ ਵਿੱਚ ਸਰਗਰਮੀ ਨਾਲ ਸ਼ਮੂਲੀਅਤ ਕਰਦਿਆਂ ਆਪਣੀ ਦੇਸ਼ਭਗਤੀ ਅਤੇ ਰਾਸ਼ਟਰੀ ਮੁਹਿੰਮ ਪ੍ਰਤੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ। ‘ਹਰ ਘਰ ਤਿਰੰਗਾ’ ਮੁਹਿੰਮ ਭਾਰਤ ਸਰਕਾਰ ਦੀ ਇੱਕ ਰਾਸ਼ਟਰੀ ਪਹਿਲ ਹੈ, ਜਿਸ ਦਾ ਉਦੇਸ਼ ਨਾਗਰਿਕਾਂ, ਖਾਸ ਕਰਕੇ ਨੌਜਵਾਨਾਂ ਨੂੰ ਆਪਣੇ ਘਰਾਂ, ਕਾਰਜ ਸਥਾਨਾਂ ਅਤੇ ਸੰਸਥਾਵਾਂ ਵਿੱਚ ਰਾਸ਼ਟਰੀ ਝੰਡਾ ਮਾਣ ਨਾਲ ਲਹਿਰਾਉਣ ਜਾਂ ਪ੍ਰਦਰਸ਼ਿਤ ਕਰਨ ਲਈ ਪ੍ਰੇਰਿਤ ਕਰਨਾ ਹੈ।

ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੁਰੇਸ਼ ਕੁਮਾਰ ਸ਼ਰਮਾ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਉਨ੍ਹਾਂ ਕਿਹਾ ਕਿ ‘ਹਰ ਘਰ ਤਿਰੰਗਾ’ ਮੁਹਿੰਮ ਦੇਸ਼ ਪ੍ਰਤੀ ਪਿਆਰ ਅਤੇ ਸਤਿਕਾਰ ਪ੍ਰਗਟ ਕਰਨ ਦੇ ਨਾਲ-ਨਾਲ ਰਾਸ਼ਟਰੀ ਏਕਤਾ ਅਤੇ ਦੇਸ਼ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਉੱਚ ਸਿੱਖਿਆ ਸੰਸਥਾਵਾਂ ਨਾਲ ਜੁੜੇ ਲੋਕਾਂ ਦੀ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਅਤੇ ਦੇਸ਼ ਦੇ ਵਿਕਾਸ ਵਿੱਚ ਅਰਥਪੂਰਨ ਯੋਗਦਾਨ ਪਾਉਣ ਦੀ ਵੱਡੀ ਜ਼ਿੰਮੇਵਾਰੀ ਹੈ।
ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਰਾਜੀਵ ਅਰੋੜਾ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਇਹ ਮੁਹਿੰਮ ਹਰ ਨਾਗਰਿਕ ਨੂੰ ਤਿਰੰਗਾ ਮਾਣ ਅਤੇ ਸਨਮਾਨ ਨਾਲ ਲਹਿਰਾਉਣ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਵਿਦਿਆਰਥੀਆਂ ਵਿੱਚ ਦੇਸ਼ਭਗਤੀ, ਰਾਸ਼ਟਰੀ ਮਾਣ ਅਤੇ ਸਰਗਰਮ ਭਾਗੀਦਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ।
ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਡਾ. ਕਮਲ ਖੰਨਾ, ਐਨ.ਐਸ.ਐਸ. ਪ੍ਰੋਗਰਾਮ ਕੋਆਰਡੀਨੇਟਰ, ਸ੍ਰੀ ਜਸਵੀਰ ਚੰਦ ਗਰੋਵਰ, ਪ੍ਰੋਗਰਾਮ ਅਫਸਰ ਐਨ.ਐਸ.ਐਸ. ਯੂਨਿਟ-1, ਸ੍ਰੀ ਰਾਹੁਲ ਚੋਪੜਾ, ਪ੍ਰੋਗਰਾਮ ਅਫਸਰ ਐਨ.ਐਸ.ਐਸ. ਯੂਨਿਟ-2 ਅਤੇ ਸ੍ਰੀ ਯਸ਼ਪਾਲ, ਪ੍ਰੋਗਰਾਮ ਅਫਸਰ ਐਨ.ਐਸ.ਐਸ. ਪੋਲੀ ਵਿੰਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਵੱਲੋਂ ਕੀਤੀਆਂ ਅਜਿਹੀਆਂ ਪਹਿਲਕਦਮੀਆਂ ਨਾਲ ਵਿਦਿਆਰਥੀਆਂ ਵਿੱਚ ਏਕਤਾ, ਜ਼ਿੰਮੇਵਾਰੀ ਅਤੇ ਦੇਸ਼ ਪ੍ਰਤੀ ਮਾਣ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਮਿਲਦੀ ਹੈ।






