Ferozepur News

ਆਜ਼ਾਦੀ ਦਿਹਾੜੇ ਮੌਕੇ ਕੰਪਿਊਟਰ ਅਧਿਆਪਕਾਂ ਦਾ ਰੋਸ, 700 ਤੋਂ ਵੱਧ ਅਧਿਆਪਕ ਹਿਰਾਸਤ ਵਿੱਚ

20 ਸਾਲਾਂ ਤੋਂ ਸੇਵਾ ਦੇ ਬਾਵਜੂਦ ਹੱਕਾਂ ਲਈ ਸੰਘਰਸ਼ ਜਾਰੀ; ਫਿਰੋਜ਼ਪੁਰ ਵਿੱਚ ਮੁੱਖ ਮੰਤਰੀ ਦੀ ਆਮਦ ਮੌਕੇ ਕੀਤਾ ਰੋਸ ਪ੍ਰਦਰਸ਼ਨ

ਆਜ਼ਾਦੀ ਦਿਹਾੜੇ ਮੌਕੇ ਕੰਪਿਊਟਰ ਅਧਿਆਪਕਾਂ ਦਾ ਰੋਸ, 700 ਤੋਂ ਵੱਧ ਅਧਿਆਪਕ ਹਿਰਾਸਤ ਵਿੱਚ

20 ਸਾਲਾਂ ਤੋਂ ਸੇਵਾ ਦੇ ਬਾਵਜੂਦ ਹੱਕਾਂ ਲਈ ਸੰਘਰਸ਼ ਜਾਰੀ; ਫਿਰੋਜ਼ਪੁਰ ਵਿੱਚ ਮੁੱਖ ਮੰਤਰੀ ਦੀ ਆਮਦ ਮੌਕੇ ਕੀਤਾ ਰੋਸ ਪ੍ਰਦਰਸ਼ਨ
ਆਜ਼ਾਦੀ ਦਿਹਾੜੇ ਮੌਕੇ ਕੰਪਿਊਟਰ ਅਧਿਆਪਕਾਂ ਦਾ ਰੋਸ, 700 ਤੋਂ ਵੱਧ ਅਧਿਆਪਕ ਹਿਰਾਸਤ ਵਿੱਚ
ਫਿਰੋਜ਼ਪੁਰ, 15 ਅਗਸਤ: ਪੰਜਾਬ ਸਰਕਾਰ ਵੱਲੋਂ ਕਥਿਤ ਤੌਰ ’ਤੇ ਆਪਣੇ ਵਾਅਦਿਆਂ ਅਤੇ ਕੰਪਿਊਟਰ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਸੇਵਾ ਮੰਗਾਂ ਨੂੰ ਲਾਗੂ ਨਾ ਕਰਨ ਦੇ ਰੋਸ ਵਜੋਂ ਕੰਪਿਊਟਰ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਅੱਜ ਆਜ਼ਾਦੀ ਦਿਹਾੜੇ ਮੌਕੇ ਫਿਰੋਜ਼ਪੁਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਦੇ ਆਗੂਆਂ ਅਨੁਸਾਰ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਕੰਪਿਊਟਰ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿੱਚੋਂ 700 ਤੋਂ ਵੱਧ ਅਧਿਆਪਕਾਂ ਨੂੰ ਪੁਲਿਸ ਵੱਲੋਂ ਵੱਖ-ਵੱਖ ਥਾਣਿਆਂ ਵਿੱਚ ਹਿਰਾਸਤ ਵਿੱਚ ਲਿਆ ਗਿਆ।
ਕੰਪਿਊਟਰ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਆਗੂ ਹਰਜੀਤ ਸਿੰਘ ਸੰਧੂ ਅਤੇ ਜ਼ਿਲ੍ਹਾ ਫਿਰੋਜ਼ਪੁਰ ਪ੍ਰਧਾਨ ਦਵਿੰਦਰ ਸਿੰਘ ਸੰਧੂ ਨੇ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਫਿਰੋਜ਼ਪੁਰ ਆਮਦ ਮੌਕੇ ਯੂਨੀਅਨ ਵੱਲੋਂ ਸ਼ਾਂਤਮਈ ਰੋਸ ਰੈਲੀ ਕੀਤੀ ਗਈ। ਇਸ ਵਿੱਚ ਫਿਰੋਜ਼ਪੁਰ ਤੋਂ ਇਲਾਵਾ ਮੋਗਾ, ਬਠਿੰਡਾ, ਫਰੀਦਕੋਟ, ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਤੋਂ ਵੀ ਕੰਪਿਊਟਰ ਅਧਿਆਪਕ ਵੱਡੀ ਗਿਣਤੀ ਵਿੱਚ ਪਹੁੰਚੇ।
ਯੂਨੀਅਨ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਲਗਭਗ 6,640 ਕੰਪਿਊਟਰ ਅਧਿਆਪਕ ਪਿਛਲੇ ਦੋ ਦਹਾਕਿਆਂ ਤੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ, ਪਰ ਉਨ੍ਹਾਂ ਨੂੰ ਰੈਗੂਲਰ ਸੇਵਾ ਨਾਲ ਸਬੰਧਤ ਸਾਰੇ ਬਣਦੇ ਲਾਭ ਅਜੇ ਤੱਕ ਨਹੀਂ ਮਿਲੇ। ਉਨ੍ਹਾਂ ਕਿਹਾ ਕਿ 2 ਦਸੰਬਰ 2010 ਨੂੰ ਕੰਪਿਊਟਰ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਅਤੇ 1 ਜੁਲਾਈ 2011 ਤੋਂ ਰੈਗੂਲਰ ਸੇਵਾ ਪ੍ਰਭਾਵੀ ਹੋਈ ਸੀ। ਇਸ ਦੇ ਬਾਵਜੂਦ ਯੂਨੀਅਨ ਅਨੁਸਾਰ ਰੈਗੂਲਰਾਈਜ਼ੇਸ਼ਨ ਦੇ ਪੂਰੇ ਸੇਵਾ ਅਤੇ ਵਿੱਤੀ ਲਾਭ ਅਜੇ ਤੱਕ ਨਹੀਂ ਮਿਲੇ।
ਆਗੂਆਂ ਨੇ ਕਿਹਾ ਕਿ ਕੰਪਿਊਟਰ ਅਧਿਆਪਕਾਂ ਦੇ 6ਵੇਂ ਤਨਖਾਹ ਕਮਿਸ਼ਨ, ਪੰਜਾਬ ਸਿਵਲ ਸਰਵਿਸਿਜ਼ ਰੂਲਜ਼ ਅਨੁਸਾਰ ਸੇਵਾ ਲਾਭ, ਪੈਨਸ਼ਨ, ਡੀ.ਸੀ.ਆਰ.ਜੀ., ਪਰਿਵਾਰਕ ਲਾਭ ਅਤੇ ਹੋਰ ਹੱਕਾਂ ਨਾਲ ਸਬੰਧਤ ਮਸਲੇ ਲੰਬੇ ਸਮੇਂ ਤੋਂ ਵਿਚਾਰ ਅਧੀਨ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸੰਘਰਸ਼ ਦੌਰਾਨ 114 ਕੰਪਿਊਟਰ ਅਧਿਆਪਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 5 ਅਧਿਆਪਕ ਬਿਨਾਂ ਬਣਦੇ ਲਾਭ ਪ੍ਰਾਪਤ ਕੀਤੇ ਸੇਵਾਮੁਕਤ ਹੋ ਚੁੱਕੇ ਹਨ। ਯੂਨੀਅਨ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੂੰ ਵੀ ਸਮਾਜਿਕ ਸੁਰੱਖਿਆ ਅਤੇ ਬਣਦੇ ਸੇਵਾ ਲਾਭਾਂ ਦੀ ਉਡੀਕ ਹੈ।
ਦਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਅਧਿਆਪਕ ਸਰਕਾਰ ਤੋਂ ਕੋਈ ਖੈਰਾਤ ਨਹੀਂ ਮੰਗ ਰਹੇ, ਸਗੋਂ ਆਪਣੀ ਲੰਬੀ ਸਰਕਾਰੀ ਸੇਵਾ ਦੇ ਬਦਲੇ ਸੰਵਿਧਾਨਕ ਅਤੇ ਸੇਵਾ ਨਿਯਮਾਂ ਅਨੁਸਾਰ ਬਣਦੇ ਹੱਕਾਂ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਸਿੱਖਿਆ ਦੇਣ ਵਾਲੇ ਅਧਿਆਪਕਾਂ ਨੂੰ ਆਪਣੇ ਹੱਕਾਂ ਲਈ ਸੜਕਾਂ ’ਤੇ ਉਤਰਨਾ ਪਵੇ ਅਤੇ ਇਸ ਦੇ ਬਦਲੇ ਪੁਲਿਸ ਹਿਰਾਸਤ ਦਾ ਸਾਹਮਣਾ ਕਰਨਾ ਪਵੇ ਤਾਂ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਅਤੇ 15 ਸਤੰਬਰ 2022 ਨੂੰ ਸਿੱਖਿਆ ਮੰਤਰੀ ਵੱਲੋਂ ਕੀਤੇ ਗਏ ਅਧਿਕਾਰਤ ਐਲਾਨ ਨੂੰ ਵੀ ਇਨ-ਬਿਨ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ 2 ਦਸੰਬਰ 2010 ਦੇ ਨੋਟੀਫਿਕੇਸ਼ਨ, ਸਰਕਾਰੀ ਵਾਅਦਿਆਂ ਅਤੇ ਕੀਤੇ ਗਏ ਐਲਾਨਾਂ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾਂਦਾ, ਸੰਘਰਸ਼ ਜਾਰੀ ਰਹੇਗਾ।
ਯੂਨੀਅਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਕੰਪਿਊਟਰ ਅਧਿਆਪਕਾਂ ਦੀ ਰੈਗੂਲਰ ਸੇਵਾ ਨਾਲ ਸਬੰਧਤ ਸਾਰੇ ਫੈਸਲੇ ਪੂਰੀ ਤਰ੍ਹਾਂ ਲਾਗੂ ਕੀਤੇ ਜਾਣ, ਬਣਦੇ ਵਿੱਤੀ ਅਤੇ ਸੇਵਾ ਲਾਭ ਦਿੱਤੇ ਜਾਣ, 6ਵੇਂ ਤਨਖਾਹ ਕਮਿਸ਼ਨ ਸਮੇਤ ਬਕਾਇਆ ਮਸਲੇ ਹੱਲ ਕੀਤੇ ਜਾਣ ਅਤੇ ਪੈਨਸ਼ਨ, ਡੀ.ਸੀ.ਆਰ.ਜੀ. ਤੇ ਪਰਿਵਾਰਕ ਲਾਭਾਂ ਨਾਲ ਸਬੰਧਤ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇ। ਇਸ ਦੇ ਨਾਲ ਹੀ ਸ਼ਾਂਤਮਈ ਸੰਘਰਸ਼ ਕਰ ਰਹੇ ਅਧਿਆਪਕਾਂ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਤੋਂ ਗੁਰੇਜ਼ ਕਰਨ ਦੀ ਮੰਗ ਵੀ ਕੀਤੀ ਗਈ।
ਆਗੂਆਂ ਨੇ ਕਿਹਾ ਕਿ ਆਜ਼ਾਦੀ ਦਿਹਾੜਾ ਸਿਰਫ਼ ਝੰਡਾ ਲਹਿਰਾਉਣ ਅਤੇ ਜਸ਼ਨ ਮਨਾਉਣ ਦਾ ਦਿਨ ਨਹੀਂ, ਸਗੋਂ ਹਰ ਨਾਗਰਿਕ ਨੂੰ ਇਨਸਾਫ਼, ਸਨਮਾਨ ਅਤੇ ਬਰਾਬਰੀ ਦੇ ਹੱਕ ਦੀ ਯਾਦ ਦਿਵਾਉਣ ਦਾ ਦਿਨ ਵੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਇਹ ਸੰਘਰਸ਼ ਕਿਸੇ ਵਿਅਕਤੀ ਜਾਂ ਸਰਕਾਰ ਵਿਰੁੱਧ ਨਹੀਂ, ਸਗੋਂ ਆਪਣੇ ਜਾਇਜ਼ ਸੰਵਿਧਾਨਕ ਅਤੇ ਸੇਵਾ ਹੱਕਾਂ ਲਈ ਹੈ।
ਇਸ ਮੌਕੇ ਹਰਭਗਵਾਨ ਸਿੰਘ, ਰਾਕੇਸ਼ ਖਾਲਸਾ ਮੋਗਾ, ਹਰਮਿੰਦਰ ਸਿੰਘ ਸੰਧੂ, ਜਗਸੀਰ ਸਿੰਘ , ਜਸਵਿੰਦਰ ਸਿੰਘ ਫਰੀਦਕੋਟ, ਜੋਨੀ ਸਿੰਗਲਾ, ਈਸ਼ਰ ਸਿੰਘ , ਲਖਰਾਜ ਸਿੰਘ ਮੁਕਤਸਰ, ਸਤਿਆ ਸਵਰੂਪ ਫਾਜ਼ਿਲਕਾ, ਰਵੀਇੰਦਰ ਸਿੰਘ ਗਿੱਲ, ਗਗਨਦੀਪ ਸਿੰਘ ਗਿੱਲ, ਸ਼ਮਸ਼ੇਰ ਸਿੰਘ ਗਿੱਲ, ਸਤੀਸ਼ ਕੁਮਾਰ, ਅਸ਼ਵਨੀ ਕੁਮਾਰ, ਗੁਰਵਿੰਦਰ ਸਿੰਘ, ਜੋਤਸਰੂਪ ਸਿੰਘ ਮੱਖੂ, ਸਤਨਾਮ ਸਿੰਘ ਮੱਖੂ, ਸਰਬਜੀਤ ਸਿੰਘ ਕਲਸੀ, ਵਿਕਾਸ ਜ਼ੀਰਾ, ਗੁਲਸ਼ਨ ਕੁਮਾਰ, ਸਰਵਜੋਤ ਸਿੰਘ ਮੁੱਤੀ, ਮਿਸਾਲ ਧਵਨ, ਪ੍ਰਿਤਪਾਲ ਸਿੰਘ, ਸੰਜੀਵ ਕੁਮਾਰ, ਜਸਪ੍ਰੀਤ ਸੈਣੀ, ਗੁਰਮੀਤ ਸਿੰਘ, ਅਮਨਦੀਪ ਬੱਤਰਾ, ਮਨੀਸ਼ ਕੁਮਾਰ, ਜਤਿੰਦਰ ਗੱਖਰ, ਕਰਨ ਸ਼ਰਮਾ, ਵੰਦਨਾ, ਕਿਰਨ ਬਾਲਾ, ਕਮਲਾ ਰਾਣੀ, ਭੁਪਿੰਦਰ ਕੌਰ, ਹਰਬੰਸ ਸਿੰਘ, ਵਿਜੈ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਕੰਪਿਊਟਰ ਅਧਿਆਪਕ ਅਤੇ ਮਹਿਲਾ ਅਧਿਆਪਕ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button