Ferozepur News

ਭਾਵਨਾਤਮਕ ਬੁੱਧੀਮਤਾ-ਸਫ਼ਲ ਅਤੇ ਸੰਤੁਲਿਤ ਜੀਵਨ ਦੀ ਕੁੰਜੀ (Emotional intelligence)

ਲੇਖਕ : ਡਾ. ਸਤਿੰਦਰ ਸਿੰਘ ਨੇਸ਼ਨਲ ਅਵਾਰਡੀ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ: ਸਿੱ:) , ਫਿਰੋਜ਼ਪੁਰ

ਭਾਵਨਾਤਮਕ ਬੁੱਧੀਮਤਾ-ਸਫ਼ਲ ਅਤੇ ਸੰਤੁਲਿਤ ਜੀਵਨ ਦੀ ਕੁੰਜੀ (Emotional intelligence)

 

ਭਾਵਨਾਤਮਕ ਬੁੱਧੀਮਤਾ-ਸਫ਼ਲ ਅਤੇ ਸੰਤੁਲਿਤ ਜੀਵਨ ਦੀ ਕੁੰਜੀ (Emotional intelligence)

“ਭਾਵਨਾਵਾਂ ‘ਤੇ ਕਾਬੂ ਪਾਉਣ ਵਾਲਾ ਵਿਅਕਤੀ ਹੀ ਜੀਵਨ ਦੀਆਂ ਚੁਣੌਤੀਆਂ ‘ਤੇ ਜਿੱਤ ਹਾਸਲ ਕਰਦਾ ਹੈ।”

ਮੌਜੂਦਾ ਦੌਰ ਤੇਜ਼ ਰਫਤਾਰ ਜ਼ਿੰਦਗੀ ਦਾ ਯੁੱਗ ਹੈ। ਤੇਜ਼ੀ ਨਾਲ ਬਦਲ ਰਹੇ ਹਾਲਾਤ, ਵੱਧਦਾ ਮੁਕਾਬਲਾ , ਇੰਟਰਨੈੱਟ, ਸੋਸ਼ਲ ਮੀਡੀਆ ਤੇ ਤਕਨੀਕੀ ਖੇਤਰ ਦੇ ਵਿਕਾਸ ਨੇ ਇਨਸਾਨੀ ਜ਼ਿੰਦਗੀ ਗੁੰਝਲਦਾਰ ਬਣਾ ਦਿੱਤੀ ਹੈ। ਇਸ ਦੌਰ ਵਿੱਚ ਨਿੱਤ ਨਵੀਆਂ ਖੋਜਾਂ ਅਤੇ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸ ਯੁੱਗ ਵਿੱਚ ਸਿਰਫ ਅਕਾਦਮਿਕ ਖੇਤਰ ਦੀਆਂ ਪ੍ਰਾਪਤੀਆਂ ਜਾਂ ਬੁੱਧੀ ਅੰਕ (IQ)ਜੀਵਨ ਵਿੱਚ ਸਫ਼ਲਤਾ ਲਈ ਕਾਫ਼ੀ ਨਹੀਂ ਹੈ। ਸੁਚੱਜਾ ਜੀਵਨ ਬਤੀਤ ਕਰਨ ਲਈ ਭਾਵਨਾਵਾਂ ਦਾ ਸੁਚੱਜਾ ਪ੍ਰਬੰਧ, ਦੂਸਰਿਆਂ ਨਾਲ ਚੰਗੇ ਸੰਬੰਧ, ਨੈਤਿਕਤਾ, ਸਵੈ ਅਨੁਸ਼ਾਸਨ, ਮਿਹਨਤ ,ਲਗਨ ਅਤੇ ਭਾਵਨਾਤਮਕ ਬੁੱਧੀਮਤਾ ਕਿਤੇ ਵੱਧ ਲੋੜੀਂਦੀ ਹੈ। ਮੌਜੂਦਾ ਦੌਰ ਵਿੱਚ ਸਫਲਤਾ ਪ੍ਰਾਪਤ ਕਰਨ, ਮਿੱਥੇ ਟੀਚੇ ਪ੍ਰਾਪਤ ਕਰਨ ਅਤੇ ਖੁਸ਼ਹਾਲ ਜੀਵਨ ਬਤੀਤ ਕਰਨ ਲਈ ਭਾਵਨਾਤਮਕ ਬੁੱਧੀਮਤਾ (Emotional intelligence)ਦੀ ਮਹੱਤਵਪੂਰਨ ਭੂਮਿਕਾ ਹੈ।

ਭਾਵਨਾਤਮਕ ਬੁੱਧੀਮਤਾ-ਸਫ਼ਲ ਅਤੇ ਸੰਤੁਲਿਤ ਜੀਵਨ ਦੀ ਕੁੰਜੀ (Emotional intelligence)

ਭਾਵਨਾਤਮਕ ਬੁੱਧੀਮਤਾ ਆਪਣੀਆਂ ਅਤੇ ਦੂਸਰਿਆਂ ਦੀਆਂ ਭਾਵਨਾਵਾਂ ਨੂੰ ਸੁਚੱਜੇ ਢੰਗ ਨਾਲ ਪਹਿਚਾਣ ਕਰਨ ,ਸਮਝਣ ਅਤੇ ਉਹਨਾਂ ਦਾ ਪ੍ਰਬੰਧ ਕਰਨ ਦੀ ਯੋਗਤਾ ਹੈ । ਇਹ ਇਨਸਾਨ ਨੂੰ ਮੌਕੇ ‘ਤੇ ਬਦਲਦੇ ਹਾਲਾਤਾਂ ਅਨੁਸਾਰ ਸਹੀ ਫੈਸਲੇ ਲੈਣ, ਲਏ ਗਏ ਫੈਸਲਿਆਂ ਅਨੁਸਾਰ ਕੰਮ ਕਰਨ, ਚਿੰਤਾ ਅਤੇ ਤਣਾਅ ਨੂੰ ਘੱਟ ਕਰਨ ਅਤੇ ਸਮਾਜਿਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵਿੱਚ ਵਡਮੁੱਲਾ ਯੋਗਦਾਨ ਪਾਉਂਦੀ ਹੈ।

ਅਰਸਤੂ ਦੇ ਅਨੁਸਾਰ “ਕੋਈ ਵੀ ਵਿਅਕਤੀ ਗੁੱਸਾ ਹੋ ਸਕਦਾ ਹੈ -ਇਹ ਆਸਾਨ ਹੈ ਪਰ ਸਹੀ ਇਨਸਾਨ ਉੱਪਰ, ਸਹੀ ਮਾਤਰਾ ਵਿੱਚ, ਸਹੀ ਸਮੇਂ, ਸਹੀ ਉਦੇਸ਼ ਲਈ ਅਤੇ ਸਹੀ ਢੰਗ ਨਾਲ ਗੁੱਸਾ ਕਰਨਾ ਇਹ ਆਸਾਨ ਨਹੀਂ ਹੈ।

ਭਾਵਨਾਤਮਕ ਤੌਰ ‘ਤੇ ਬੁੱਧੀਮਾਨ ਵਿਅਕਤੀ ਦੀ ਸਕਾਰਾਤਮਕ ਭਾਵਨਾਤਮਕ ਅਵਸਥਾ ਆਮ ਲੋਕਾਂ ਦੇ ਮਨੋਭਾਵਾਂ ਅਤੇ ਵਿਵਹਾਰ ਨੂੰ ਪ੍ਰਭਾਵਿਤ ਕਰਦੀ ਹੈ । ਅਜਿਹੀ ਸਥਿਤੀ ਵਿੱਚ ਉਹ ਇਨਸਾਨ ਜਲਦ ਹੀ ਆਮ ਲੋਕਾਂ ਵਿੱਚ ਹਰਮਨ ਪਿਆਰਾ ਅਤੇ ਖਿੱਚ ਦਾ ਕੇਂਦਰ ਬਣ ਜਾਂਦਾ ਹੈ । ਲੋਕ ਉਸਨੂੰ ਧਿਆਨ ਨਾਲ ਸੁਣਦੇ ਅਤੇ ਦੇਖਦੇ ਹਨ , ਜਿਸ ਨਾਲ ਉਹ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਵਿੱਚ ਸਫ਼ਲ ਹੋ ਜਾਂਦਾ ਹੈ ਅਤੇ ਜਲਦ ਹੀ ਚੰਗੇ ਨਤੀਜੇ ਪ੍ਰਾਪਤ ਕਰ ਲੈਂਦਾ ਹੈ। ਇਸ ਨਾਲ ਉਹ ਆਪਣੇ ਮਿੱਥੇ ਟੀਚੇ ਅਤੇ ਸਫ਼ਲਤਾ ਪ੍ਰਾਪਤ ਕਰਨ ਵੱਲ ਕਦਮ ਵਧਾ ਲੈਂਦਾ ਹੈ । ਅਜਿਹੇ ਵਿਅਕਤੀ ਜੀਵਨ ਵਿੱਚ ਵੀ ਜਿਆਦਾ ਸੰਤੁਸ਼ਟ, ਮਿੱਤਰਤਾ ਅਤੇ ਪਰਿਵਾਰਿਕ ਜੀਵਨ ਵਿੱਚ ਵੀ ਵੱਧ ਆਨੰਦ ਅਤੇ ਖੁਸ਼ੀ ਮਾਣਦੇ ਹਨ। ਅਜਿਹੇ ਲੋਕ ਸਮਾਜ ਵਿੱਚ ਹਮਦਰਦੀ ਦੀ ਭਾਵਨਾ ਅਤੇ ਦੂਸਰਿਆਂ ਦੇ ਵਿਚਾਰਾਂ ਦਾ ਸਤਿਕਾਰ ਕਰਦੇ ਹਨ ।ਗੁੱਸਾ, ਚਿੰਤਾ, ਉਦਾਸੀ ਅਤੇ ਤਣਾਅ ‘ਤੇ ਕਾਬੂ ਰੱਖਦੇ ਹਨ।ਇਹ ਹੀ ਭਾਵਨਾਤਮਕ ਬੁੱਧੀਮਤਾ ਦੀ ਅਸਲ ਤਾਕਤ ਹੈ।

ਅਮਰੀਕਾ ਵਰਗੇ ਦੇਸ਼ ਵਿੱਚ ਭਾਵਨਾਤਮਕ ਬੁੱਧੀਮਤਾ ਦੀ ਮਹੱਤਤਾ ਨੂੰ ਸਮਝਦੇ ਹੋਏ ਵਿਦਿਆਰਥੀਆਂ ਦੇ ਭਾਵਨਾਤਮਕ ਵਿਕਾਸ ਲਈ ਸਕੂਲਾਂ ਵਿੱਚ ਸੈਲਫ ਸਾਇੰਸ ਵਰਗੇ ਪ੍ਰੋਗਰਾਮ ਚਲਾਏ ਜਾ ਰਹੇ ਹਨ। ਇਸ ਪ੍ਰੋਗਰਾਮ ਦਾ ਉਦੇਸ਼ ਭਾਵਨਾਵਾਂ ਦੇ ਪਿੱਛੇ ਦਾ ਕਾਰਨ ਸਮਝਣਾ ਹੈ । ਦੁਖੀ ਹਾਲਤ ਵਿੱਚ ਗੁੱਸੇ ਦਾ ਵਿਸ਼ਲੇਸ਼ਣ ਕਰਨਾ, ਚਿੰਤਾ, ਗੁੱਸਾ ਅਤੇ ਉਦਾਸੀ ਵਰਗੀਆਂ ਭਾਵਨਾਵਾਂ ਨਾਲ ਨਜਿੱਠਣ ਦੇ ਤਰੀਕੇ ਸਿੱਖਣਾ ਹੈ।

ਇਸ ਪ੍ਰੋਗਰਾਮ ਦਾ ਉਦੇਸ਼ ਉੱਚਿਤ ਫੈਸਲੇ ਜਲਦ ਲੈਣਾ , ਲਏ ਗਏ ਫੈਸਲੇ ਅਨੁਸਾਰ ਕੰਮ ਮਿੱਥੇ ਸਮੇਂ ਅਨੁਸਾਰ ਮੁਕੰਮਲ ਕਰਨਾ ਅਤੇ ਕੀਤੇ ਕੰਮਾਂ ਦੀ ਜ਼ਿੰਮੇਵਾਰੀ ਲੈਣ ਦੀ ਸਿੱਖਿਆ ਦੇਣਾ ਹੈ‌। ਸਭ ਤੋਂ ਮਹੱਤਵਪੂਰਨ ਸਮਾਜਿਕ ਯੋਗਤਾ ‘ਹਮਦਰਦੀ’ ਦੀ ਭਾਵਨਾ ਦਾ ਵਿਕਾਸ ਕਰਨਾ ਹੀ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਹੈ, ਜਿਸ ਤਹਿਤ ਦੂਸਰਿਆਂ ਦੀ ਭਾਵਨਾਵਾਂ ਨੂੰ ਸਮਝਣਾ ਅਤੇ ਉਹਨਾਂ ਦੀਆਂ ਭਾਵਨਾਵਾਂ ਵਿੱਚ ਮੌਜੂਦ ਅੰਤਰ ਦਾ ਸਤਿਕਾਰ ਕਰਨਾ ਹੈ। ਇਸ ਤਹਿਤ ਸਮਾਜਿਕ ਵਿਕਾਸ ਲਈ ਆਪਸੀ ਸੰਬੰਧਾਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ, ਜਿਸ ਵਿੱਚ ਚੰਗਾ ਸਰੋਤਾ ਬਣਨ ਅਤੇ ਸਵਾਲ ਪੁੱਛਣ ਵਾਲਾ ਬਣਨਾ, ਕਿਸੇ ਦੇ ਬੋਲੇ ਸ਼ਬਦਾਂ ਜਾਂ ਕੀਤੇ ਕੰਮਾਂ ਤੇ ਆਪਣੀ ਪ੍ਰਤੀਕਿਰਿਆ ਜਾ ਧਾਰਨਾ ਵਿਚਕਾਰ ਅੰਤਰ ਕਰਨਾ, ਗੁੱਸੇ ਦੀ ਬਜਾਏ ਦ੍ਰਿੜਤਾ ਅਤੇ ਆਤਮ ਵਿਸ਼ਵਾਸ ਨਾਲ ਗੱਲ ਕਰਨੀ ਸਿਖਾਈ ਜਾਂਦੀ ਹੈ। ਇਸ ਦੇ ਨਾਲ ਨਾਲ ਸਹਿਯੋਗ ਦੀ ਭਾਵਨਾ,ਵਿਵਾਦ ਦਾ ਹੱਲ ਕਰਨਾ ਅਤੇ ਸਮਝੌਤਾ ਕਰਨ ਦੀ ਕਲਾ ਸਿਖਾਉਣ ਤੇ ਜ਼ੋਰ ਦਿੱਤਾ ਜਾਂਦਾ ਹੈ।

ਇਸ ਪ੍ਰੋਗਰਾਮ ਦੇ ਅੰਤ ਤੇ ਕੋਈ ਗਰੇਡ, ਅੰਕ ਜਾਂ ਮੈਰਿਟ ਨਹੀਂ ਦਿੱਤੀ ਜਾਂਦੀ । ਇੱਥੇ ਇਹ ਮੰਨਿਆ ਜਾਂਦਾ ਹੈ ਕਿ ਜੀਵਨ ਹੀ ਅੰਤਿਮ ਪ੍ਰੀਖਿਆ ਹੈ। ਜਦੋਂ ਵਿਦਿਆਰਥੀ ਇਹ ਪ੍ਰੋਗਰਾਮ ਮੁਕੰਮਲ ਕਰਕੇ ਜਾਂਦੇ ਹਨ ਤਾਂ ਉਹਨਾਂ ਦੀ ਅਸਲ ਪਰਖ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਨਾਲ ਹੁੰਦੀ ਹੈ,ਜਿੱਥੇ ਇਹ ਭਾਵਨਾਤਮਕ ਬੁੱਧੀਮਤਾ ਅਤੇ ਹੁਨਰ ਉਹਨਾਂ ਲਈ ਵਰਦਾਨ ਸਾਬਿਤ ਹੁੰਦਾ ਹੈ ਅਤੇ ਸਫ਼ਲਤਾ ਦਾ ਆਧਾਰ ਬਣਦਾ ਹੈ।

ਸੈਲਫ ਸਾਇੰਸ ਵਰਗੇ ਪ੍ਰੋਗਰਾਮ ਨੂੰ ਜੇ ਅਸੀਂ ਆਪਣੇ ਵਿੱਦਿਅਕ ਸੰਸਥਾਵਾਂ ਦੇ ਪਾਠਕ੍ਰਮ ਵਿੱਚ ਸ਼ਾਮਿਲ ਕਰਕੇ ਸੁਚੱਜੇ ਢੰਗ ਨਾਲ ਲਾਗੂ ਕਰੀਏ ਤਾਂ ਵਿਦਿਆਰਥੀਆਂ ਦਾ ਭਾਵਨਾਤਮਿਕ ਵਿਕਾਸ ਸਿਖਰਾਂ ਨੂੰ ਛੂਹ ਸਕਦਾ ਹੈ । ਇਸ ਨਾਲ ਭਾਵਨਾਤਮਕ ਵਿਕਾਸ ਦੇ ਨਾਲ ਨਾਲ ਸਮਾਜ ਵਿੱਚ ਵਿਗੜਦੇ ਰਿਸ਼ਤੇ, ਲੜਾਈ ਝਗੜੇ ,ਕੰਮ ਦਾ ਤਣਾਅ ,ਉਦਾਸੀ, ਚਿੰਤਾ ਅਤੇ ਕੰਮ ਨੂੰ ਬੋਝ ਸਮਝਣ ਵਰਗੀਆਂ ਸਮੱਸਿਆਵਾਂ ਹੱਲ ਹੋਣਗੀਆਂ ਅਤੇ ਸਮਾਜਿਕ ਵਿਕਾਸ ਵੀ ਸੰਭਵ ਹੋਵੇਗਾ।

ਮਨੁੱਖ ਇਸ ਗ੍ਰਹਿ ਦੀ ਸਭ ਤੋਂ ਵੱਧ ਬੁੱਧੀਮਾਨ ਜਾਤੀ ਹੈ। ਇਸ ਨੇ ਵਿਗਿਆਨ, ਕਲਾ, ਖੇਤੀ ,ਉਦਯੋਗ ਅਤੇ ਵਪਾਰ ਦੇ ਖੇਤਰ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ ਕੀਤੀਆਂ ਹਨ। ਚੰਦਰਮਾ ਤੱਕ ਪਹੁੰਚ ਸੰਭਵ ਕੀਤੀ,ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਖੋਜਾਂ ਕਰਕੇ ਅਨੇਕਾਂ ਬਿਮਾਰੀਆਂ ਨੂੰ ਮਾਤ ਦਿੱਤੀ। ਅਕਾਦਮਿਕ ਖੇਤਰ ਵਿੱਚ ਲਾ ਮਿਸਾਲ ਪ੍ਰਾਪਤੀਆਂ ਕੀਤੀਆਂ । ਪਰੰਤੂ ਵੱਧ ਪ੍ਰਾਪਤੀਆਂ ਕਰਨ ਵਾਲਾ ਬੁੱਧੀਮਾਨ ਇਨਸਾਨ ਵੀ ਅਨੇਕਾਂ ਵਾਰ ਭਾਵਨਾਵਾਂ ਤੇ ਕਾਬੂ ਰੱਖਣ ਤੋਂ ਅਸਮਰੱਥ ਦਿਖਾਈ ਦਿੰਦਾ ਹੈ, ਜਿਸ ਨਾਲ ਅਨੇਕਾਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ । ਦੂਸਰਿਆਂ ਨਾਲ ਚੰਗੇ ਸੰਬੰਧ ਬਣਾਉਣ ਅਤੇ ਸੰਚਾਰ ਕਰਨ ਲਈ ਸਾਨੂੰ ਭਾਵਨਾਤਮਕ ਅਤੇ ਸਮਾਜਿਕ ਯੋਗਤਾ ਦੀ ਜ਼ਰੂਰਤ ਹੁੰਦੀ ਹੈ। ਇਸ ਦੀ ਘਾਟ ਇੱਕ ਬੁੱਧੀਮਾਨ ਅਤੇ ਵੱਧ ਅਕਾਦਮਿਕ ਯੋਗਤਾ ਰੱਖਦੇ ਵਿਅਕਤੀ ਨੂੰ ਵੀ ਹੰਕਾਰੀ ਅਤੇ ਅਸਹਿਣਸ਼ੀਲ ਦਿਖਾ ਸਕਦੀ ਹੈ । ਇਕੱਲੀ ਅਕਾਦਮਿਕ ਬੁੱਧੀਮਤਾ ਸਾਨੂੰ ਜੀਵਨ ਵਿੱਚ ਚੁਣੌਤੀਆਂ ਲਈ ਤਿਆਰ ਨਹੀਂ ਕਰਦੀ। ਇਸ ਦੇ ਨਾਲ ਭਾਵਨਾਤਮਕ ਬੁੱਧੀਮਤਾ ਦਾ ਵਿਕਾਸ ਕਰਨਾ ਸਮੇਂ ਦੀ ਵੱਡੀ ਜ਼ਰੂਰਤ ਹੈ।

“ਜਿਸ ਕੋਲ ਭਾਵਨਾਵਾਂ ਨੂੰ ਸੰਭਾਲਣ ਦੀ ਕਲਾ ਹੈ, ਉਹ ਹਰ ਮੁਸ਼ਕਲ ਨੂੰ ਮੌਕੇ ਵਿੱਚ ਬਦਲ ਸਕਦਾ ਹੈ।”

ਲੇਖਕ : ਡਾ. ਸਤਿੰਦਰ ਸਿੰਘ

ਨੇਸ਼ਨਲ ਅਵਾਰਡੀ

ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ: ਸਿੱ:) , ਫਿਰੋਜ਼ਪੁਰ ।

9815427554

Related Articles

Leave a Reply

Your email address will not be published. Required fields are marked *

Back to top button