ਸਿਵਲ ਸਰਜਨ ਵੱਲੋਂ 20 ਤੋਂ 25 ਜੁਲਾਈ ਤੱਕ ਚੱਲਣ ਵਾਲੀ ਖਸਰਾ-ਰੁਬੈਲਾ ਕੈਚ-ਅੱਪ ਟੀਕਾਕਰਨ ਮੁਹਿੰਮ ਦਾ ਆਗਾਜ਼

ਸਿਵਲ ਸਰਜਨ ਵੱਲੋਂ 20 ਤੋਂ 25 ਜੁਲਾਈ ਤੱਕ ਚੱਲਣ ਵਾਲੀ ਖਸਰਾ-ਰੁਬੈਲਾ ਕੈਚ-ਅੱਪ ਟੀਕਾਕਰਨ ਮੁਹਿੰਮ ਦਾ ਆਗਾਜ਼
– ਟੀਕਾਕਰਨ ਤੋਂ ਵਾਂਝੇ ਗਏ ਯੋਗ ਬੱਚਿਆਂ ਨੂੰ ਖਸਰਾ ਰੂਬੇਲਾ ਦੀ ਪਹਿਲੀ ਜਾਂ ਦੂਜੀ ਖੁਰਾਕ ਲਗਾ ਕੇ ਸੰਪੂਰਨ ਸੁਰੱਖਿਆ ਯਕੀਨੀ ਬਣਾਈ ਜਾਵੇਗੀ : ਡਾ. ਮੀਨਾਕਸ਼ੀ ਢੀਂਗਰਾ
ਫ਼ਿਰੋਜ਼ਪੁਰ, 20 ਜੁਲਾਈ :
ਖਸਰਾ ਅਤੇ ਰੁਬੈਲਾ ਵਰਗੀਆਂ ਗੰਭੀਰ ਅਤੇ ਛੂਤ ਦੀਆਂ ਬਿਮਾਰੀਆਂ ਦੇ ਖਾਤਮੇ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ 20 ਤੋਂ 25 ਜੁਲਾਈ, 2026 ਤੱਕ ਸੂਬਾ ਪੱਧਰ ’ਤੇ ਖਸਰਾ-ਰੁਬੈਲਾ (ਐੱਮ.ਆਰ.) ਕੈਚ-ਅੱਪ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦਾ ਆਗਾਜ਼ ਡਾ. ਮੀਨਾਕਸ਼ੀ ਢੀਂਗਰਾ ਸਿਵਲ ਸਰਜਨ ਫ਼ਿਰੋਜ਼ਪੁਰ ਵੱਲੋਂ ਕੀਤਾ ਗਿਆ।ਇਸ ਮੁਹਿੰਮ ਦਾ ਉਦੇਸ਼ ਉਨ੍ਹਾਂ ਸਾਰੇ ਬੱਚਿਆਂ ਤੱਕ ਪਹੁੰਚਣਾ ਹੈ ਜੋ ਕਿਸੇ ਕਾਰਨ ਕਰਕੇ ਖਸਰਾ ਰੂਬੇਲਾ ਦੀ ਪਹਿਲੀ ਜਾਂ ਦੂਜੀ ਖ਼ੁਰਾਕ ਤੋਂ ਵਾਂਝੇ ਰਹਿ ਗਏ ਹਨ, ਤਾਂ ਜੋ ਉਨ੍ਹਾਂ ਨੂੰ ਖਸਰਾ ਅਤੇ ਰੁਬੈਲਾ ਵਿਰੁੱਧ ਪੂਰੀ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ।
ਸਿਵਲ ਸਰਜਨ ਡਾ. ਮੀਨਾਕਸ਼ੀ ਢੀਂਗਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸਲ ਇਮਿਊਨਾਈਜ਼ੇਸ਼ਨ ਪ੍ਰੋਗਰਾਮ ਦੀ ਹਾਲੀਆ ਸਮੀਖਿਆ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਕੁਝ ਖੇਤਰਾਂ ਵਿੱਚ ਖਸਰਾ ਰੁਬੈਲਾ ਦੀ ਦੂਜੀ ਖ਼ੁਰਾਕ ਦੀ ਕਵਰੇਜ ਪਹਿਲੀ ਖ਼ੁਰਾਕ ਨਾਲੋਂ ਘੱਟ ਹੈ, ਜਿਸ ਕਾਰਨ ਕੁਝ ਬੱਚੇ ਟੀਕਾਕਰਨ ਦੀ ਲੜੀ ਪੂਰੀ ਨਹੀਂ ਕਰ ਸਕੇ। ਇਸ ਨਾਲ ਖਸਰਾ ਅਤੇ ਰੁਬੈਲਾ ਦੇ ਸੰਕਰਮਣ ਅਤੇ ਫੈਲਾਅ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਇਹ ਵਿਸ਼ੇਸ਼ ਕੈਚ-ਅੱਪ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।ਟੀਕਾਕਰਨ ਤੋ ਵਾਂਝੇ ਰਹਿ ਗਏ ਯੋਗ ਬੱਚਿਆਂ ਦੀ ਪਛਾਣ ਕਰਕੇ ਉਨ੍ਹਾਂ ਦਾ ਟੀਕਾਕਰਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਰਹੱਦੀ ਪਿੰਡਾਂ, ਪਰਵਾਸੀ ਬਸਤੀਆਂ, ਇੱਟਾਂ ਦੇ ਭੱਠਿਆਂ, ਨਿਰਮਾਣ ਸਥਾਨਾਂ, ਸ਼ਹਿਰੀ ਝੁੱਗੀ-ਝੋਂਪੜੀ ਇਲਾਕਿਆਂ ਅਤੇ ਹੋਰ ਉੱਚ ਜੋਖਿਮ ਵਾਲੇ ਖੇਤਰਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ। ਇਨ੍ਹਾਂ ਖੇਤਰਾਂ ਵਿੱਚ ਵਿਸ਼ੇਸ਼ ਟੀਕਾਕਰਨ ਸੈਸ਼ਨ ਵੀ ਆਯੋਜਿਤ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਸਾਰੇ ਟੀਕਾਕਰਨ ਸੈਸ਼ਨ ਸਥਾਨਾਂ ’ਤੇ ਟੀਕਿਆਂ, ਸਿਰਿੰਜਾਂ, ਕੋਲਡ ਚੇਨ ਅਤੇ ਹੋਰ ਲੋੜੀਂਦੀ ਸਮੱਗਰੀ ਦੀ ਉਪਲਬਧਤਾ ਯਕੀਨੀ ਬਣਾਈ ਗਈ ਹੈ। ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਅਧਿਕਾਰੀਆਂ ਵੱਲੋਂ ਟੀਕਾਕਰਨ ਸੈਸ਼ਨਾਂ ਦੀ ਨਿਯਮਿਤ ਨਿਗਰਾਨੀ ਕੀਤੀ ਜਾਵੇਗੀ ਅਤੇ ਹਰ ਰੋਜ਼ ਮੁਹਿੰਮ ਦੀ ਸਮੀਖਿਆ ਕਰਕੇ ਕਿਸੇ ਵੀ ਕਮੀ ਨੂੰ ਤੁਰੰਤ ਦੂਰ ਕੀਤਾ ਜਾਵੇਗਾ।
ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦਾ ਬੱਚਾ ਕਿਸੇ ਕਾਰਨ ਕਰਕੇ ਖਸਰਾ ਰੂਬੇਲਾ ਦੀ ਪਹਿਲੀ ਜਾਂ ਦੂਜੀ ਖੁਰਾਕ ਤੋਂ ਵਾਂਝਾ ਰਹਿ ਗਿਆ ਹੈ ਤਾਂ ਉਹ ਇਸ ਵਿਸ਼ੇਸ਼ ਕੈਚ-ਅੱਪ ਮੁਹਿੰਮ ਦਾ ਲਾਭ ਜ਼ਰੂਰ ਲੈਣ। ਹਰ ਬੱਚੇ ਦਾ ਸਮੇਂ ਸਿਰ ਸੰਪੂਰਨ ਟੀਕਾਕਰਨ ਹੀ ਖਸਰਾ-ਰੁਬੈਲਾ ਮੁਕਤ ਪੰਜਾਬ ਵੱਲ ਇੱਕ ਮਹੱਤਵਪੂਰਨ ਕਦਮ ਹੈ, ਇਸ ਲਈ ਸਾਰੇ ਮਾਪੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਆਪਣਾ ਪੂਰਾ ਸਹਿਯੋਗ ਦੇਣ।





