ਅਹਾਤਾ ਬਿਹਾਰੀ ਲਾਲ ਦੇ ਲੋਕਾਂ ਵੱਲੋਂ ਵਿਧਾਇਕ ਰਣਬੀਰ ਭੁੱਲਰ ਦਾ ਸੜਕ ਬਣਾਉਣ ਲਈ ਕੀਤਾ ਗਿਆ ਧੰਨਵਾਦ

ਅਹਾਤਾ ਬਿਹਾਰੀ ਲਾਲ ਦੇ ਲੋਕਾਂ ਵੱਲੋਂ ਵਿਧਾਇਕ ਰਣਬੀਰ ਭੁੱਲਰ ਦਾ ਸੜਕ ਬਣਾਉਣ ਲਈ ਕੀਤਾ ਗਿਆ ਧੰਨਵਾਦ
ਫਿਰੋਜ਼ਪੁਰ, 12 ਜੁਲਾਈ, 2026: ਫਿਰੋਜ਼ਪੁਰ ਛਾਉਣੀ ਦੇ ਅਹਾਤਾ ਬਿਹਾਰੀ ਲਾਲ ਦੇ ਵਸਨੀਕਾਂ ਵੱਲੋਂ ਮੁਹੱਲੇ ਦੀ ਸੜਕ ਬਣਾਉਣ ਤੇ ਬੀਤੀ ਸ਼ਾਮ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਭੁੱਲਰ ਦਾ ਧੰਨਵਾਦ ਸਮਾਗਮ ਆਯੋਜਿਤ ਕੀਤਾ। ਇਸ ਮੌਕੇ ਵਿਧਾਇਕ ਦੇ ਨਾਲ ਡਿਪਟੀ ਸੁਖਵਿੰਦਰ ਸਿੰਘ ਅਤੇ ਵਪਾਰ ਮੰਡਲ ਦੇ ਪ੍ਰਧਾਨ ਗਾਜਿੰਦਰ ਅਗਰਵਾਲ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਮੁਹੱਲੇ ਦੇ ਲੋਕਾਂ ਨੇ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮੁਹੱਲੇ ਦੀ ਸੜਕ ਲਗਭਗ 25 ਸਾਲਾਂ ਬਾਅਦ ਵਿਧਾਇਕ ਫੰਡ ਤੋਂ ਬਣੀ ਹੈ। ਲੋਕਾਂ ਨੇ ਕਿਹਾ ਕਿ ਇਸ ਸੜਕ ਦੀ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਲੋੜ ਸੀ।
ਇਸ ਦੌਰਾਨ ਵਿਧਾਇਕ ਨੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਅਵਾਰਾ ਕੁੱਤਿਆਂ ਅਤੇ ਜਾਨਵਰਾਂ ਦੀ ਸਮੱਸਿਆ ‘ਤੇ ਵਿਧਾਇਕ ਸ. ਭੁੱਲਰ ਨੇ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਜਲਦੀ ਹੀ ਕੈਂਟੋਨਮੈਂਟ ਬੋਰਡ ਦੇ ਨਵੇਂ ਨਿਯੁਕਤ ਹੋਏ ਸੀ ਈ ਓ ਨਾਲ ਮੁਲਾਕਾਤ ਕਰਕੇ ਸਥਾਈ ਹੱਲ ਕਰਵਾਉਣਗੇ।
ਇਸ ਮੌਕੇ ਸਮਾਜ ਸੇਵਕਾ ਮੇਘਾ ਰਾਜਪੂਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਲੋਕ ਕੁੱਤੇ ਪਾਲਦੇ ਹਨ ਉਹ ਉਨ੍ਹਾਂ ਨੂੰ ਮੁਹੱਲੇ ਤੋਂ ਬਾਹਰ ਘੁਮਾਉਣ ਅਤੇ ਨਾਲ ਪੋਲੀਥੀਨ ਬੈਗ ਜ਼ਰੂਰ ਰੱਖਣ। ਕੁੱਤਿਆਂ ਵੱਲੋਂ ਕੀਤੀ ਗੰਦਗੀ ਨੂੰ ਉਸ ਵਿੱਚ ਪਾ ਕੇ ਡਸਟਬਿਨ ਵਿੱਚ ਸੁੱਟਿਆ ਜਾਵੇ, ਜਿਵੇਂ ਕਿ ਵਿਦੇਸ਼ਾਂ ਵਿੱਚ ਹੁੰਦਾ ਹੈ। ਉਨ੍ਹਾਂ ਦੇ ਇਸ ਸੁਝਾਅ ‘ਤੇ ਸਾਰਿਆਂ ਨੇ ਸਹਿਮਤੀ ਪ੍ਰਗਟਾਈ।
ਇਸ ਮੌਕੇ ਲੋਕਾਂ ਨੇ ਡੀ ਐਸ ਪੀ ਸੁਖਵਿੰਦਰ ਸਿੰਘ ਨੂੰ ਇਲਾਕੇ ਵਿੱਚ ਹੋ ਰਹੀਆਂ ਚੇਨ ਸਨੈਚਿੰਗ ਅਤੇ ਮੋਬਾਈਲ ਸਨੈਚਿੰਗ ਦੀਆਂ ਘਟਨਾਵਾਂ ਤੋਂ ਵੀ ਜਾਣੂ ਕਰਵਾਇਆ। ਇਸ ‘ਤੇ ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਪੁਲਿਸ ਆਪਣਾ ਕੰਮ ਪੂਰੀ ਤਨਦੇਹੀ ਨਾਲ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਪੁਲਿਸ ਦਾ ਸਾਥ ਦੇਣ ਅਤੇ ਸੁਚੇਤ ਰਹਿਣ। ਫੋਨ ਦੀ ਵਰਤੋਂ ਘਰ ਦੇ ਅੰਦਰ ਜਾਂ ਛੱਤ ‘ਤੇ ਕਰਨ, ਬਾਹਰ ਨਾ ਕਰਨ। ਉਨ੍ਹਾਂ ਕਿਹਾ ਕਿ ਅਪਰਾਧੀ ਮੌਕੇ ਦੀ ਤਾਕ ਵਿੱਚ ਰਹਿੰਦੇ ਹਨ, ਇਸ ਲਈ ਲੋਕਾਂ ਨੂੰ ਚੌਕਸ ਰਹਿਣ ਦੀ ਲੋੜ ਹੈ।
ਇਸ ਮੌਕੇ ਵਿਧਾਇਕ ਭੁੱਲਰ ਨੇ ਮੌਕੇ ‘ਤੇ ਕੁਝ ਹੋਰ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਤੁਰੰਤ ਹੱਲ ਕਰਵਾਉਣ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਹਿਮਾਂਸ਼ੂ ਠੱਕਰ, ਟਿੰਕੂ ਦੂਆ, ਪ੍ਰਦੀਪ ਚੋਪੜਾ, ਗੋਬਿੰਦ ਰਾਮ ਗੋਇਲ, ਸੁਨੀਲ ਜੈਨ, ਰਾਜਾ ਰਾਮ, ਵਿਸ਼ਾਲ ਮਹਿਰਾ, ਦੀਪਕ ਭੰਡਾਰੀ, ਸੁਨੀਲ ਸ਼ੁਕਲਾ, ਹਰੀਓਮ ਮਾਸਟਰ, ਵੇਦ ਪ੍ਰਕਾਸ਼ ਸਮੇਤ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀ ਹਾਜ਼ਰ ਸਨ।





