ਰੰਗਲਾ ਪੰਜਾਬ–ਸਿਹਤਮੰਦ ਪੰਜਾਬ’ ਦੇ ਸੰਕਲਪ ਨੂੰ ਸਾਕਾਰ ਕਰ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’ – ਡੀ.ਸੀ.

ਰੰਗਲਾ ਪੰਜਾਬ–ਸਿਹਤਮੰਦ ਪੰਜਾਬ’ ਦੇ ਸੰਕਲਪ ਨੂੰ ਸਾਕਾਰ ਕਰ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’ – ਡੀ.ਸੀ.
ਫ਼ਿਰੋਜ਼ਪੁਰ, 2 ਜੁਲਾਈ, 2026: ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਜਾ ਰਹੀ “ਸੀਐਮ ਦੀ ਯੋਗਸ਼ਾਲਾ” ਮੁਹਿੰਮ ’ਰੰਗਲਾ ਪੰਜਾਬ-ਸਿਹਤਮੰਦ ਪੰਜਾਬ’ ਦੇ ਸੰਕਲਪ ਨੂੰ ਸਾਕਾਰ ਕਰ ਰਹੀ ਹੈ ਅਤੇ ਲੋਕਾਂ ਨੂੰ ਤੰਦਰੁਸਤ ਅਤੇ ਸੰਤੁਲਿਤ ਜੀਵਨਸ਼ੈਲੀ ਅਪਣਾਉਣ ਲਈ ਉਤਸ਼ਾਹਿਤ ਕਰ ਰਹੀ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਕੀਤਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵੱਖ-ਵੱਖ ਇਲਾਕਿਆਂ ਵਿੱਚ ਨਿਯਮਿਤ ਤੌਰ ‘ਤੇ ਯੋਗ ਕਲਾਸਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿੱਥੇ ਹਰ ਉਮਰ ਵਰਗ ਦੇ ਲੋਕ ਵੱਡੀ ਗਿਣਤੀ ਵਿੱਚ ਭਾਗ ਲੈ ਰਹੇ ਹਨ। “ਸੀਐਮ ਦੀ ਯੋਗਸ਼ਾਲਾ” ਸਿਰਫ਼ ਯੋਗ ਸਿਖਾਉਣ ਤੱਕ ਸੀਮਿਤ ਨਹੀਂ, ਸਗੋਂ ਲੋਕਾਂ ਨੂੰ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਤੌਰ ‘ਤੇ ਵੀ ਮਜ਼ਬੂਤ ਬਣਾਉਣ ਦਾ ਇੱਕ ਮਹੱਤਵਪੂਰਨ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ, ਵਾਰਡਾਂ, ਪਾਰਕਾਂ ਅਤੇ ਹੋਰ ਜਨਤਕ ਥਾਵਾਂ ‘ਤੇ ਇਸ ਵੇਲੇ 705 ਤੋਂ ਵੱਧ ਯੋਗ ਕਲਾਸਾਂ ਚੱਲ ਰਹੀਆਂ ਹਨ, ਜਿੱਥੇ 84 ਯੋਗ ਟ੍ਰੇਨਰ ਯੋਗ ਆਸਨ, ਪ੍ਰਾਣਾਯਾਮ ਅਤੇ ਧਿਆਨ ਦੀ ਸਿਖਲਾਈ ਦੇ ਰਹੇ ਹਨ।
ਉਨ੍ਹਾਂ ਦੱਸਿਆ ਕਿ ਲਗਭਗ 20 ਹਜ਼ਾਰ ਲੋਕ ਹਰ ਰੋਜ਼ ਇਨ੍ਹਾਂ ਕਲਾਸਾਂ ਨਾਲ ਜੁੜ ਕੇ ਆਪਣੀ ਸਿਹਤ ਨੂੰ ਨਿਖਾਰ ਰਹੇ ਹਨ। ਖਾਸ ਕਰਕੇ ਮਹਿਲਾਵਾਂ, ਨੌਜਵਾਨਾਂ, ਬਜ਼ੁਰਗਾਂ ਅਤੇ ਵਿਦਿਆਰਥੀਆਂ ਦੀ ਵਧਦੀ ਭਾਗੀਦਾਰੀ ਇਸ ਮੁਹਿੰਮ ਦੀ ਲੋਕਪ੍ਰਿਯਤਾ ਨੂੰ ਦਰਸਾਉਂਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੋਜ਼ਾਨਾ ਯੋਗ ਕਰਨ ਨਾਲ ਸਰੀਰ ਚੁਸਤ ਅਤੇ ਤੰਦਰੁਸਤ ਰਹਿੰਦਾ ਹੈ, ਮਾਨਸਿਕ ਤਣਾਅ ਵਿੱਚ ਕਮੀ ਆਉਂਦੀ ਹੈ ਅਤੇ ਵਿਅਕਤੀ ਦੀ ਕਾਰਜ ਸਮਰੱਥਾ ਵਿੱਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਯੋਗ ਟ੍ਰੇਨਰਾਂ ਵੱਲੋਂ ਭਾਗੀਦਾਰਾਂ ਨੂੰ ਸੰਤੁਲਿਤ ਖੁਰਾਕ, ਸਿਹਤਮੰਦ ਜੀਵਨਸ਼ੈਲੀ ਅਤੇ ਤਣਾਅ ਪ੍ਰਬੰਧਨ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਯੋਗ ਨੂੰ ਲੋਕ ਅੰਦੋਲਨ ਦਾ ਰੂਪ ਦੇ ਕੇ ਹਰ ਨਾਗਰਿਕ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਇਸ ਮੁਹਿੰਮ ਨੂੰ ਹੋਰ ਵਿਆਪਕ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜੇ ਚੱਲ ਰਹੀਆਂ ਯੋਗ ਕਲਾਸਾਂ ਨਾਲ ਜੁੜਨ, ਰੋਜ਼ਾਨਾ ਯੋਗ ਅਭਿਆਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਅਤੇ ਸਿਹਤਮੰਦ ਪੰਜਾਬ ਦੀ ਉਸਾਰੀ ਵਿੱਚ ਆਪਣਾ ਯੋਗਦਾਨ ਪਾਉਣ।
ਸੀਐਮ ਦੀ ਯੋਗਸ਼ਾਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਜੇਕਰ ਕਿਸੇ ਗਲੀ, ਮੁਹੱਲੇ ਜਾਂ ਪਿੰਡ ਵਿੱਚ ਘੱਟੋ-ਘੱਟ 25 ਵਿਅਕਤੀਆਂ ਦਾ ਸਮੂਹ ਯੋਗ ਕਲਾਸ ਸ਼ੁਰੂ ਕਰਵਾਉਣਾ ਚਾਹੁੰਦਾ ਹੈ ਤਾਂ ਉਹ 76694-00500 ‘ਤੇ ਮਿਸਡ ਕਾਲ ਦੇ ਸਕਦਾ ਹੈ ਜਾਂ 78888-40115 ‘ਤੇ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ cmdiyogshala.punjab.gov.in ‘ਤੇ ਰਜਿਸਟ੍ਰੇਸ਼ਨ ਕਰਕੇ ਵੀ ਮੁਫ਼ਤ ਯੋਗ ਕਲਾਸਾਂ ਦਾ ਲਾਭ ਲਿਆ ਜਾ ਸਕਦਾ ਹੈ।





