Ferozepur News
ਫ਼ਿਰੋਜ਼ਪੁਰ ਦੇ ਡਿਸਪੈਚ ਸੈਂਟਰ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ’ਤੇ ਉੱਠੇ ਸਵਾਲ
ਐੱਸ.ਡੀ.ਐੱਮ ਫ਼ਿਰੋਜ਼ਪੁਰ ਵਲੋਂ ਇਲੈਕਸ਼ਨ ਵਿੱਚ ਮੁਲਾਜ਼ਮਾਂ ਨਾਲ ਤਾਨਾਸ਼ਾਹੀ ਰਵੱਈਆ ਅਤਿ ਨਿੰਦਣਯੋਗ – ਸਮੂਹ ਅਧਿਆਪਕ ਜਥੇਬੰਦੀਆਂ ਫ਼ਿਰੋਜ਼ਪੁਰ
ਫ਼ਿਰੋਜ਼ਪੁਰ ਦੇ ਡਿਸਪੈਚ ਸੈਂਟਰ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ’ਤੇ ਉੱਠੇ ਸਵਾਲ
ਫ਼ਿਰੋਜ਼ਪੁਰ, 26 ਮਈ — ਨਗਰ ਨਿਗਮ ਚੋਣਾਂ 2026 ਦੌਰਾਨ ਚੋਣ ਡਿਊਟੀ ਨਿਭਾ ਰਹੇ ਮੁਲਾਜ਼ਮਾਂ ਨਾਲ ਐੱਸ.ਡੀ.ਐੱਮ ਫ਼ਿਰੋਜ਼ਪੁਰ-ਕਮ-ਰਿਟਰਨਿੰਗ ਅਫ਼ਸਰ ਵੱਲੋਂ ਅਪਣਾਏ ਗਏ ਸਖ਼ਤ ਅਤੇ ਤਾਨਾਸ਼ਾਹੀ ਰਵੱਈਏ ਦੀ ਸਮੂਹ ਅਧਿਆਪਕ ਜਥੇਬੰਦੀਆਂ ਫ਼ਿਰੋਜ਼ਪੁਰ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ। ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਚੋਣ ਡਿਊਟੀ ਦੌਰਾਨ ਮੁਲਾਜ਼ਮਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਵਾਜਬ ਮੁਸ਼ਕਲਾਂ ਨੂੰ ਵੀ ਅਣਡਿੱਠਾ ਕੀਤਾ ਗਿਆ।
ਸਾਂਝੇ ਬਿਆਨ ਵਿੱਚ ਆਗੂਆਂ ਨੇ ਕਿਹਾ ਕਿ ਜਿੱਥੇ ਜ਼ਿਲ੍ਹੇ ਦੇ ਹੋਰ ਹਿੱਸਿਆਂ ਵਿੱਚ ਚੋਣ ਡਿਊਟੀ ਕਰ ਰਹੇ ਮੁਲਾਜ਼ਮਾਂ ਨਾਲ ਮਨੁੱਖੀ ਅਤੇ ਸਹਿਯੋਗਾਤਮਕ ਵਿਵਹਾਰ ਕੀਤਾ ਜਾ ਰਿਹਾ ਹੈ, ਉੱਥੇ ਫ਼ਿਰੋਜ਼ਪੁਰ ਸ਼ਹਿਰੀ ਖੇਤਰ ਵਿੱਚ ਡਿਊਟੀ ਕਰ ਰਹੇ ਕਰਮਚਾਰੀਆਂ ਨਾਲ ਧਮਕੀ ਭਰੇ ਅਤੇ ਗੈਰ-ਸੰਵੇਦਨਸ਼ੀਲ ਤਰੀਕੇ ਨਾਲ ਪੇਸ਼ ਆਇਆ ਗਿਆ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਗੈਰ ਹਾਜ਼ਰ ਰਹੇ ਕੁਝ ਮੁਲਾਜ਼ਮਾਂ ਖ਼ਿਲਾਫ਼ ਪਰਚੇ ਦਰਜ ਕਰਨ ਅਤੇ ਤਨਖ਼ਾਹ ਰੋਕਣ ਸਬੰਧੀ ਪੱਤਰ ਜਾਰੀ ਕੀਤੇ ਗਏ, ਜੋ ਕਿ ਬਹੁਤ ਹੀ ਮੁਲਾਜ਼ਮ ਵਿਰੋਧੀ ਸੋਚ ਨੂੰ ਦਰਸਾਉਂਦਾ ਹੈ।
ਅਧਿਆਪਕ ਜਥੇਬੰਦੀਆਂ ਨੇ ਦੱਸਿਆ ਕਿ 25 ਮਈ ਨੂੰ ਨਗਰ ਕੌਂਸਲ ਚੋਣਾਂ ਲਈ ਐਮ.ਐਲ.ਐਮ ਸਕੂਲ ਫ਼ਿਰੋਜ਼ਪੁਰ ਵਿਖੇ ਬਣਾਏ ਗਏ ਡਿਸਪੈਚ ਸੈਂਟਰ ਵਿੱਚ ਮੁਲਾਜ਼ਮਾਂ ਲਈ ਬੁਨਿਆਦੀ ਸਹੂਲਤਾਂ ਵੀ ਨਹੀਂ ਸਨ । ਤਪਦੀ ਗਰਮੀ ਦੇ ਬਾਵਜੂਦ ਨਾ ਤਾਂ ਪੀਣ ਵਾਲੇ ਪਾਣੀ ਦਾ ਯੋਗ ਪ੍ਰਬੰਧ ਕੀਤਾ ਗਿਆ, ਨਾ ਹੀ ਖਾਣੇ ਅਤੇ ਬੈਠਣ ਦੀ ਕੋਈ ਉਚਿਤ ਵਿਵਸਥਾ ਸੀ। ਇਸ ਕਾਰਨ ਚੋਣ ਡਿਊਟੀ ਨਿਭਾ ਰਹੇ ਕਰਮਚਾਰੀਆਂ ਨੂੰ ਭਾਰੀ ਦਿਕ਼ਤਾਂ ਦਾ ਸਾਹਮਣਾ ਕਰਨਾ ਪਿਆ।
ਇਸ ਮੌਕੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਸੁਖਜਿੰਦਰ ਸਿੰਘ ਖਾਨਪੁਰ, ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਮਲਕੀਤ ਸਿੰਘ ਹਰਾਜ ਅਤੇ ਬਲਰਾਮ ਸ਼ਰਮਾ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਜਗਸੀਰ ਸਿੰਘ ਗਿੱਲ, ਬੀ.ਐੱਡ ਫਰੰਟ ਪੰਜਾਬ ਦੇ ਪਰਮਜੀਤ ਸਿੰਘ ਪੰਮਾ, 6635 ਈ.ਟੀ.ਟੀ ਅਧਿਆਪਕ ਯੂਨੀਅਨ ਦੇ ਸ਼ਲਿੰਦਰ ਕੰਬੋਜ, ਐੱਸ.ਸੀ./ਬੀ.ਸੀ. ਯੂਨੀਅਨ ਦੇ ਹਰਦੀਪ ਸਿੰਘ ਤੂਰ ਅਤੇ ਕੰਪਿਊਟਰ ਫੈਕਲਟੀ ਐਸੋਸੀਏਸ਼ਨ ਦੇ ਲਖਵਿੰਦਰ ਸਿੰਘ ਸਿਮਕ ਸਮੇਤ ਹੋਰ ਆਗੂਆਂ ਨੇ ਜ਼ਿਲ੍ਹਾ ਚੋਣ ਅਫ਼ਸਰ ਫ਼ਿਰੋਜ਼ਪੁਰ ਕੋਲੋਂ ਮੰਗ ਕੀਤੀ ਕਿ ਸੰਬੰਧਤ ਅਫ਼ਸਰ ਦੇ ਰਵੱਈਏ ਦੀ ਜਾਂਚ ਕਰਕੇ ਤੁਰੰਤ ਕਾਰਵਾਈ ਕੀਤੀ ਜਾਵੇ।
ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਹੀ ਇਸ ਮਾਮਲੇ ਵਿੱਚ ਸਪੱਸ਼ਟੀਕਰਨ ਨਾ ਦਿੱਤਾ ਗਿਆ ਤਾਂ ਸਮੂਹ ਜਥੇਬੰਦੀਆਂ ਵੱਲੋਂ ਹੋਰ ਭਰਾਤਰੀ ਮੁਲਾਜ਼ਮ ਅਤੇ ਕਿਸਾਨ ਜਥੇਬੰਦੀਆਂ ਦੇ ਸਾਥ ਨਾਲ ਸੰਘਰਸ਼ ਦੀ ਰੂਪ-ਰੇਖਾ ਤਿਆਰ ਕਰਕੇ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ।





