ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਜਿਲ੍ਹਾ ਪੱਧਰੀ ਮੀਟਿੰਗ ਹੋਈ, ਬੀਬੀਐੱਮਬੀ ਵਿੱਚ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ਖਿਲਾਫ 15 ਮਈ ਨੂੰ ਚੰਡੀਗੜ੍ਹ ਵਿੱਚ ਰੋਸ ਮਾਰਚ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਜਿਲ੍ਹਾ ਪੱਧਰੀ ਮੀਟਿੰਗ ਹੋਈ, ਬੀਬੀਐੱਮਬੀ ਵਿੱਚ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ਖਿਲਾਫ 15 ਮਈ ਨੂੰ ਚੰਡੀਗੜ੍ਹ ਵਿੱਚ ਰੋਸ ਮਾਰਚ
ਫਿਰੋਜ਼ਪੁਰ 1 ਮਈ, 2026: ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਜਿਲ੍ਹਾ ਕਮੇਟੀ ਦੀ ਮੀਟਿੰਗ ਜਿਲ੍ਹਾ ਸਕੱਤਰ ਗੁਰਚਰਨ ਸਿੰਘ ਮਲਸੀਆਂ ਦੀ ਅਗਵਾਈ ਵਿੱਚ ਗੁਰੂਦੁਆਰਾ ਜਾਮਨੀ ਸਾਹਿਬ ਬਾਜ਼ੀਦਪੁਰ ਵਿੱਚ ਹੋਈ | ਜਿਸ ਵਿੱਚ ਵੱਖ ਵੱਖ ਆਗੂਆਂ ਤੋਂ ਇਲਾਵਾ ਸੂਬਾ ਜਰਨਲ ਸਕੱਤਰ ਗੁਰਮੀਤ ਮਹਿਮਾਂ ਅਤੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਮਹਿਮਾਂ ਵੀ ਸ਼ਾਮਲ ਹੋਏ| ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਅਧਿਕਾਰਾਂ ‘ਤੇ ਡਾਕਾ ਮਾਰਦਿਆਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਵਿੱਚੋਂ ਪੰਜਾਬ ਦਾ ਨੁਮਾਇੰਦਾ ਖਾਰਜ ਕਰ ਦਿੱਤਾ ਹੈ ਅਤੇ ਪੰਜਾਬ ਦੇ ਦਰਿਆਵਾਂ ਦਾ ਕੰਟਰੋਲ ਆਪਣੇ ਹੱਥ ਵਿੱਚ ਲੈ ਕੇ ਪੰਜਾਬ ਦੇ ਅਧਿਕਾਰਾਂ ‘ਤੇ ਡਾਕਾ ਮਾਰਿਆ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਨੁਮਾਇੰਦੇ ਨੂੰ ਖਾਰਜ ਕੀਤੇ ਨੋਟੀਫਿਕੇਸ਼ਨ ਨੂੰ ਰੱਦ ਕਰਾਉਣ ਲਈ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ 15 ਮਈ ਨੂੰ ਮੋਹਾਲੀ ਵਿਖੇ ਇਕੱਠੇ ਹੋ ਕੇ ਚੰਡੀਗੜ੍ਹ ਰਾਜ ਭਵਨ ਵੱਲ ਮਾਰਚ ਕੀਤਾ ਜਾਵੇਗਾ। ਮੰਗ ਕੀਤੀ ਜਾਵੇਗੀ ਕਿ ਕੇਂਦਰ ਸਰਕਾਰ ਪੰਜਾਬ ਦਾ ਨੁਮਾਇੰਦਾ ਬੀਬੀਐਮਬੀ ਬੋਰਡ ਵਿੱਚ ਬਹਾਲ ਕਰੇ ਅਤੇ ਬੀਬੀਐਮਬੀ ਦਾ ਪੂਰਾ ਕੰਟਰੋਲ ਪੰਜਾਬ ਦੇ ਹਵਾਲੇ ਕੀਤਾ ਜਾਵੇ।
ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬੀਬੀਐਮਬੀ ਮਸਲੇ ‘ਤੇ ਚੁੱਪ ਧਾਰੀ ਹੋਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ‘ਤੇ ਕੋਈ ਵੀ ਬਿਆਨ ਨਹੀਂ ਦਿੱਤਾ। ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਤੁਰੰਤ ਵਿਧਾਨ ਸਭਾ ਦਾ ਇਜਲਾਸ ਸੱਦ ਕੇ ਕੇਂਦਰ ਦੇ ਬੀਬੀਐਮਬੀ ਸਬੰਧੀ ਨੋਟੀਫਿਕੇਸ਼ਨ ਨੂੰ ਤੁਰੰਤ ਰੱਦ ਕਰੇ ਅਤੇ ਕੇਂਦਰ ਸਰਕਾਰ ਤੋਂ ਵੀ ਬੀਬੀਐਮਬੀ ਵਿੱਚ ਪੰਜਾਬ ਦੇ ਨੁਮਾਇੰਦੇ ਦੀ ਬਹਾਲੀ ਦੀ ਤੁਰੰਤ ਮੰਗ ਕਰੇ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਝੋਨੇ ਦੀ ਲਵਾਈ ਇਸ ਵਾਰ 1 ਜੂਨ ਤੋਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ, ਪਰ ਨਹਿਰਾਂ ਤੇ ਕੱਸੀਆਂ ਦੀ ਸਫਾਈ ਨਹੀਂ ਕੀਤੀ ਗਈ। ਜੋ ਨਹਿਰਾਂ ਤੇ ਕੱਸੀਆਂ ਹਨ, ਉਹ ਵੀ 60 ਸਾਲ ਪਹਿਲਾਂ ਦੀ ਅਸੈਸਮੈਂਟ ਅਨੁਸਾਰ ਬਣੀਆਂ ਹੋਈਆਂ ਹਨ, ਜਿਸ ਕਾਰਨ ਪੰਜਾਬ ਦੇ ਕਿਸਾਨਾਂ ਦੇ ਖੇਤਾਂ ਨੂੰ ਪੂਰਾ ਪਾਣੀ ਨਹੀਂ ਪੁੱਜਦਾ ਅਤੇ ਬਹੁਤ ਸਾਰੇ ਕਿਸਾਨ ਪਾਣੀ ਤੋਂ ਵਾਂਝੇ ਹਨ। ਪੰਜਾਬ ਸਰਕਾਰ ਤੁਰੰਤ ਨਵੀਂ ਅਸੈਸਮੈਂਟ ਕਰਵਾ ਕੇ ਨਹਿਰਾਂ ਤੇ ਕੱਸੀਆਂ ਪੰਜਾਬ ਵਿੱਚ ਹੋਰ ਬਣਾਏ ਅਤੇ ਮੋਘਿਆਂ ਦਾ ਸਾਈਜ਼ ਠੀਕ ਕਰਕੇ ਕਿਸਾਨਾਂ ਨੂੰ ਹੋਰ ਪਾਣੀ ਦਿੱਤਾ ਜਾਵੇ। ਕਿਉਂਕਿ ਪੰਜਾਬ ਦੇ ਦਰਿਆਵਾਂ ਵਿੱਚ ’23 ‘ਚ ਵੀ ਹੜ੍ਹ ਆਏ ਸਨ, ’25 ‘ਚ ਵੀ ਹੜ੍ਹ ਆਏ ਸਨ ਅਤੇ ਮਈ-ਜੂਨ ਵਿੱਚ ਕਿਸਾਨਾਂ ਨੂੰ ਪਾਣੀ ਨਹੀਂ ਦਿੱਤਾ ਜਾਂਦਾ ਸੀ, ਤੇ ਬਾਅਦ ਵਿੱਚ ਦਰਿਆਵਾਂ ‘ਚ ਵਾਧੂ ਪਾਣੀ ਛੱਡ ਕੇ ਕਿਸਾਨਾਂ ਨੂੰ ਡੋਬ ਦਿੱਤਾ ਜਾਂਦਾ ਹੈ।
ਕਿਸਾਨਾਂ ਨੇ ਮੰਗ ਕੀਤੀ ਕਿ ਉਹ ਪਾਣੀ ਮਈ-ਜੂਨ ਵਿੱਚ ਕਿਸਾਨਾਂ ਨੂੰ ਦਿੱਤਾ ਜਾਵੇ ਤਾਂ ਪਾਣੀ ਦੀ ਯੋਗ ਵਰਤੋਂ ਵੀ ਹੋ ਜਾਵੇਗੀ ਅਤੇ ਹੜ੍ਹਾਂ ਦਾ ਖਤਰਾ ਵੀ ਟਲ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਖਜਾਨਚੀ ਰਣਜੀਤ ਸਿੰਘ ਝੋਕ ਜਿਲ੍ਹਾ ਸਕੱਤਰ ਪ੍ਰਤਾਪ ਸਿੰਘ ਲਖਮੀਰਪੁਰਾ ਬਲਾਕ ਪ੍ਰਧਾਨ ਗੁਰਜੱਜ ਸਿੰਘ ਸਾਂਦੇ ਹਾਸ਼ਮ ਗੁਰਚਰਨ ਸਿੰਘ ਵਸਤੀ ਅਜੀਜ ਵਾਲੀ ਜਸਵੀਰ ਸਿੰਘ ਮਲਵਾਲ ਗੁਰਭੇਜ ਸਿੰਘ ਲੋਹੜਾ ਨਵਾਬ ਗੁਰਨਾਮ ਸਿੰਘ ਚੱਕ ਸੋਮੀਆਂ ਬੂਟਾ ਸਿੰਘ ਹਾਮਦ ਹਰਪ੍ਰੀਤ ਸਿੰਘ ਵਸਤੀ ਇੰਦਰਸਿੰਘ ਹਰਪ੍ਰੀਤ ਸਿੰਘ ਯਾਰੇਸ਼ਾਹ ਸੁਖਦੇਵ ਸਿੰਘ ਮਲਵਾਲ ਗੁਰਬਖ਼ਸ਼ ਸਿੰਘ ਬਾਜ਼ੀਦਪੁਰ ਹਰਜੀਤ ਸਿੰਘ ਸ਼ਰੀਹਵਾਲਾ ਆਦਿ ਵੱਡੀ ਗਿਣਤੀ ਕਿਸਾਨ ਹਾਜਰ ਸਨ |





