ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕਣਕ ਦੀ ਰਹਿੰਦ-ਖੂੰਹਦ/ ਨਾੜ ਨੂੰ ਅੱਗ ਲਾਉਣ ‘ਤੇ ਪਾਬੰਦੀ ਦੇ ਹੁਕਮ ਜਾਰੀ

ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕਣਕ ਦੀ ਰਹਿੰਦ-ਖੂੰਹਦ/ ਨਾੜ ਨੂੰ ਅੱਗ ਲਾਉਣ ‘ਤੇ ਪਾਬੰਦੀ ਦੇ ਹੁਕਮ ਜਾਰੀ
ਫ਼ਿਰੋਜ਼ਪੁਰ 22 ਅਪ੍ਰੈਲ 2026 ( )
ਵਧੀਕ ਜ਼ਿਲ੍ਹਾ ਮੈਜਿਸਟਰੇਟ ਡਾ. ਅਮਨਦੀਪ ਕੌਰ ਪੀ.ਸੀ.ਐਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਫ਼ਿਰੋਜ਼ਪੁਰ ਅੰਦਰ ਕਣਕ ਦੀ ਕਟਾਈ ਤੋਂ ਬਾਅਦ ਬੱਚ ਗਈ ਰਹਿੰਦ ਖੂੰਹਦ (ਨਾੜ) ਨੂੰ ਅੱਗ ਲਗਾਉਣ/ਸਾੜ੍ਹਨ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਵਧੀਕ ਜ਼ਿਲਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕਣਕ ਦੇ ਸੀਜਨ ਦੌਰਾਨ ਕਣਕ ਦੀ ਕਟਾਈ ਉਪਰੰਤ ਕਈ ਕਿਸਾਨਾਂ ਵੱਲੋਂ ਫਸਲ ਦੀ ਰਹਿੰਦ-ਖੂੰਹਦ (ਨਾੜ) ਨੂੰ ਅੱਗ ਲਗਾ ਦਿੱਤੀ ਜਾਂਦੀ ਹੈ, ਜਿਸ ਕਰ ਕੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਤੇ ਜਨਤਾ ਦੀ ਸਿਹਤ ਤੇ ਵੀ ਮਾੜਾ ਅਸਰ ਪੈਂਦਾ ਹੈ ਅਤੇ ਜਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ। ਇਸ ਤੋਂ ਇਲਾਵਾ ਜਮੀਨ ਦੀ ਉਪਰਲੀ ਸਤ੍ਹਾ ਨੂੰ ਅੱਗ ਲਾਉਣ ਨਾਲ ਜਮੀਨ ਵਿੱਚ ਮੌਜੂਦ ਕਈ ਲਾਭਦਾਇਕ ਜੀਵਾਣੂ ਵੀ ਮਰ ਜਾਂਦੇ ਹਨ ਅਤੇ ਆਲੇ-ਦੁਆਲੇ ਦੇ ਖੇਤਾਂ ਵਿਚ ਖੜੀ ਫਸਲ ਦੇ ਨਾਲ-ਨਾਲ ਪਿੰਡਾ ਵਿਚ ਵੀ ਅੱਗ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ।
ਇਸ ਤਰ੍ਹਾਂ ਦੀ ਲਗਾਈ ਜਾਂਦੀ ਅੱਗ ਨਾਲ ਪੈਦਾ ਹੋਣ ਵਾਲੇ ਧੂੰਏ ਕਾਰਨ ਸੜਕ ਉੱਪਰ ਹਾਦਸੇ ਵਾਪਰਨ ਨਾਲ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਹੋਣ ਅਤੇ ਪਿੰਡਾਂ ਆਦਿ ਹੋਰ ਥਾਂਵਾਂ ਤੇ ਲੜਾਈ ਹੋਣ ਦਾ ਖਦਸਾ ਵੀ ਰਹਿੰਦਾ ਹੈ। ਇਸ ਤਥਾਂ ਨੂੰ ਦੇਖਦੇ ਹੋਏ ਉਕਤ ਅਨੁਸਾਰ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਅਗਲੇ 02 ਮਹੀਨੇ ਤੱਕ ਜਾਰੀ ਰਹਿਣਗੇ।





