ANTF ਵੱਲੋਂ ਵੱਡੀ ਕਾਰਵਾਈ, ਦੋ ਓਪਰੇਸ਼ਨਾਂ ਵਿੱਚ 4.5 ਕਿਲੋ ਹੈਰੋਇਨ ਬਰਾਮਦ, ਤਿੰਨ ਕਾਬੂ

ANTF ਵੱਲੋਂ ਵੱਡੀ ਕਾਰਵਾਈ, ਦੋ ਓਪਰੇਸ਼ਨਾਂ ਵਿੱਚ 4.5 ਕਿਲੋ ਹੈਰੋਇਨ ਬਰਾਮਦ, ਤਿੰਨ ਕਾਬੂ
ਫਿਰੋਜ਼ਪੁਰ, 18 ਅਪ੍ਰੈਲ 2026: ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ANTF ਫਿਰੋਜ਼ਪੁਰ ਰੇਂਜ ਨੇ ਦੋ ਵੱਖ-ਵੱਖ ਓਪਰੇਸ਼ਨਾਂ ਦੌਰਾਨ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ 4.5 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ, ਜਿਸ ਨਾਲ ਨਸ਼ਾ ਤਸਕਰੀ ਨੈੱਟਵਰਕ ਨੂੰ ਵੱਡਾ ਝਟਕਾ ਲੱਗਿਆ ਹੈ।

ANTF ਦੇ ਡੀਐਸਪੀ ਭੂਪਿੰਦਰ ਸਿੰਘ ਨੇ ਦੱਸਿਆ ਕਿ ਪਹਿਲੇ ਓਪਰੇਸ਼ਨ ਦੌਰਾਨ ਦੋ ਵਿਅਕਤੀਆਂ—ਹਰਪਾਲ ਸਿੰਘ ਉਰਫ਼ ਭਾਲਾ ਪੁੱਤਰ ਸੋਹਣ ਸਿੰਘ ਵਾਸੀ ਪਿੰਡ ਅਨਾਇਤਪੁਰਾ, ਥਾਣਾ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਅਤੇ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਮੱਲੂ ਨੰਗਲ, ਥਾਣਾ ਰਾਜਾ ਸਾਂਸੀ, ਜ਼ਿਲ੍ਹਾ ਅੰਮ੍ਰਿਤਸਰ—ਨੂੰ ਕਾਬੂ ਕੀਤਾ ਗਿਆ। ਪੁਲਿਸ ਵੱਲੋਂ ਉਨ੍ਹਾਂ ਦੇ ਕਬਜ਼ੇ ਵਿੱਚੋਂ 2 ਕਿਲੋ 37 ਗ੍ਰਾਮ ਹੈਰੋਇਨ ਅਤੇ ਇੱਕ ਇਨੋਵਾ ਕ੍ਰਿਸਟਾ (PB02DV1919) ਬਰਾਮਦ ਕੀਤੀ ਗਈ। ਇਸ ਸਬੰਧੀ ANTF ਥਾਣੇ ਵਿੱਚ ਐਫਆਈਆਰ ਨੰਬਰ 77 ਅਧੀਨ ਧਾਰਾ 21 NDPS ਐਕਟ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇੱਕ ਹੋਰ ਸਫਲ ਕਾਰਵਾਈ ਵਿੱਚ ANTF ਟੀਮ ਨੇ ਡਰੋਨ ਰਾਹੀਂ ਆਈ ਹੈਰੋਇਨ ਦੀ ਖੇਪ ਨੂੰ ਪਕੜਦੇ ਹੋਏ ਸੁਪਨਪ੍ਰੀਤ ਸਿੰਘ ਉਰਫ਼ ਸੁਪਨ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਪ੍ਰੀਤਮ ਸਿੰਘ ਵਾਲਾ, ਢੱਖਲੀ ਪੱਲਾ ਮੇਘਾ, ਥਾਣਾ ਸਦਰ ਫਿਰੋਜ਼ਪੁਰ ਨੂੰ ਗ੍ਰਿਫ਼ਤਾਰ ਕੀਤਾ। ਇਸ ਕਾਰਵਾਈ ਦੌਰਾਨ 2.487 ਕਿਲੋ ਹੈਰੋਇਨ, ਪੈਕਿੰਗ ਸਮੱਗਰੀ ਅਤੇ ਰੇਡੀਅਮ ਸਟਰਿਪਸ ਵੀ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਦਾ ਇਸਤੇਮਾਲ ਰਾਤ ਸਮੇਂ ਡਰੋਨ ਡਿਲਿਵਰੀ ਲਈ ਕੀਤਾ ਜਾਂਦਾ ਸੀ। ਇਸ ਮਾਮਲੇ ਵਿੱਚ 16 ਅਪ੍ਰੈਲ 2026 ਨੂੰ ਐਫਆਈਆਰ ਨੰਬਰ 78 ਧਾਰਾ 21 NDPS ਐਕਟ ਤਹਿਤ ANTF ਥਾਣਾ ਐਸਏਐਸ ਨਗਰ ਵਿੱਚ ਦਰਜ ਕੀਤੀ ਗਈ ਹੈ।
ਡੀਐਸਪੀ ਨੇ ਕਿਹਾ ਕਿ ਪੂਰੇ ਨੈੱਟਵਰਕ ਅਤੇ ਮੁੱਖ ਸਪਲਾਇਰਾਂ ਦੀ ਪਛਾਣ ਲਈ ਜਾਂਚ ਜਾਰੀ ਹੈ। ਇਹ ਕਾਰਵਾਈਆਂ ANTF ਫਿਰੋਜ਼ਪੁਰ ਰੇਂਜ ਦੀ ਨਸ਼ਾ ਤਸਕਰੀ ਖ਼ਿਲਾਫ਼ ਪੱਕੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।





