ਸਰਕਾਰੀ ਪ੍ਰਾਇਮਰੀ ਸਕੂਲ ਝੋਕ ਹਰੀਹਰ ਦਾ ਸਲਾਨਾ ਨਤੀਜਾ ਸਮਾਗਮ ਸ਼ਾਨੋ-ਸ਼ੌਕਤ ਨਾਲ ਸੰਪੰਨ

ਸਰਕਾਰੀ ਪ੍ਰਾਇਮਰੀ ਸਕੂਲ ਝੋਕ ਹਰੀਹਰ ਦਾ ਸਲਾਨਾ ਨਤੀਜਾ ਸਮਾਗਮ ਸ਼ਾਨੋ-ਸ਼ੌਕਤ ਨਾਲ ਸੰਪੰਨ
ਵਿਧਾਇਕ ਐਡਵੋਕੇਟ ਰਜਨੀਸ਼ ਦਯੀਆ ਨੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ, ਉੱਜਵਲ ਭਵਿੱਖ ਲਈ ਦਿੱਤੀ ਪ੍ਰੇਰਣਾ
ਫ਼ਿਰੋਜ਼ਪੁਰ 7 ਅਪ੍ਰੈਲ () ਫ਼ਿਰੋਜ਼ਪੁਰ ਦਿਹਾਤੀ ਖੇਤਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਝੋਕ ਹਰੀਹਰ ਵਿਖੇ ਸਲਾਨਾ ਨਤੀਜਾ ਸਮਾਗਮ ਬਹੁਤ ਹੀ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਐਡਵੋਕੇਟ ਸ਼੍ਰੀ ਰਜਨੀਸ਼ ਦਯੀਆ, ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਫ਼ਿਰੋਜ਼ਪੁਰ ਸੁਨੀਤਾ ਰਾਣੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਮਲ ਅਰੋੜਾ, ਬੀਪੀਈਓ ਸੁਮਨਦੀਪ ਕੌਰ, ਡੀਆਰਸੀ ਸੁਭਾਸ਼ ਚੰਦਰ ਵੀ ਹਾਜ਼ਰ ਰਹੇ।
ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਰੰਗਾਰੰਗ ਸਭਿਆਚਾਰਕ ਪ੍ਰਸਤੁਤੀਆਂ ਨਾਲ ਹੋਈ। ਬੱਚਿਆਂ ਨੇ ਕੋਰੀਓਗ੍ਰਾਫੀ, ਭੰਗੜਾ ਅਤੇ ਗਿੱਧਾ ਵਰਗੀਆਂ ਵੰਨਗੀਆਂ ਰਾਹੀਂ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਨੂੰ ਦਰਸ਼ਕਾਂ ਵੱਲੋਂ ਭਰਪੂਰ ਤਾਲੀਆਂ ਨਾਲ ਸਵਾਗਤ ਕੀਤਾ ਗਿਆ। ਸਕੂਲ ਦੇ ਇਸ ਪ੍ਰੋਗਰਾਮ ਦੀ ਪ੍ਰਬੰਧ ਅਤੇ ਪ੍ਰਦਰਸ਼ਨ ਇਸ ਕਦਰ ਪ੍ਰਭਾਵਸ਼ਾਲੀ ਰਿਹਾ ਕਿ ਇਸ ਦਾ ਮੁਕਾਬਲਾ ਕੋਈ ਨਿੱਜੀ ਸਕੂਲ ਵੀ ਨਹੀਂ ਕਰ ਸਕਦਾ।
ਇਸ ਮੌਕੇ ਤੇ ਵਿਦਿਆਰਥੀਆਂ ਦੀ ਸਾਲਾਨਾ ਨਤੀਜਿਆਂ ਦਾ ਐਲਾਨ ਕੀਤਾ ਗਿਆ ਅਤੇ ਹੋਣਹਾਰ ਬੱਚਿਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖਾਸ ਤੌਰ ‘ਤੇ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਸਿਲੈਕਟ ਹੋਈ ਵਿਦਿਆਰਥਣ ਸਹਿਜਪ੍ਰੀਤ ਕੌਰ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਤੋਂ ਇਲਾਵਾ ਪਹਿਲੀ ਤੋਂ ਪੰਜਵੀਂ ਕਲਾਸ ਤੱਕ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਮਾਣ-ਸਨਮਾਨ ਦੇ ਕੇ ਉਨ੍ਹਾਂ ਦਾ ਹੋਸਲਾ ਵਧਾਇਆ ਗਿਆ।
ਮੁੱਖ ਮਹਿਮਾਨ ਸ਼੍ਰੀ ਰਜਨੀਸ਼ ਦਯੀਆ ਨੇ ਆਪਣੇ ਸੰਬੋਧਨ ਵਿੱਚ ਸਕੂਲ ਦੀ ਟੀਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸਰਕਾਰੀ ਸਕੂਲ ਅੱਜ ਸਿੱਖਿਆ ਦੇ ਮਿਆਰ ਨੂੰ ਨਵੀਆਂ ਉੱਚਾਈਆਂ ‘ਤੇ ਲੈ ਕੇ ਜਾ ਰਹੇ ਹਨ। ਉਨ੍ਹਾਂ ਨੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਮਨ ਲਾ ਕੇ ਪੜ੍ਹਾਈ ਕਰਨ ਅਤੇ ਆਪਣੇ ਮਾਪਿਆਂ ਤੇ ਅਧਿਆਪਕਾਂ ਦਾ ਨਾਮ ਰੌਸ਼ਨ ਕਰਨ। ਉਨਾਂ ਨੇ ਸਕੂਲ ਮੁਖੀ ਸੀ.ਐੱਚ.ਟੀ ਪੂਜਾ ਅਰੋੜਾ ਅਤੇ ਸਮੂਹ ਸਟਾਫ ਨੂੰ ਇਸ ਸ਼ਾਨਦਾਰ ਪ੍ਰੋਗਰਾਮ ਲਈ ਵਧਾਈ ਦਿੱਤੀ । ਡੀਈਓ ਸੁਨੀਤਾ ਰਾਣੀ ਨੇ ਸਕੂਲ ਦੇ ਪ੍ਰਬੰਧਕ ਅਤੇ ਅਧਿਆਪਕਾਂ ਦੀ ਮਿਹਨਤ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੱਤੀਆਂ । ਬੀਪੀਈਓ ਸੁਮਨਦੀਪ ਕੌਰ ਨੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਝੋਕ ਹਰੀਹਰ ਉਹਨਾਂ ਦੇ ਬਲਾਕ ਦੇ ਮੋਹਰੀ ਸਕੂਲਾਂ ਵਿੱਚੋਂ ਇੱਕ ਹੈ ਅਤੇ ਵਧੀਆ ਪ੍ਰਦਰਸ਼ਨ ਕਰਕੇ ਇਹ ਸਕੂਲ ਜ਼ਿਲ੍ਹੇ ਵਿੱਚ ਬਲਾਕ ਦਾ ਨਾਂ ਰੌਸ਼ਨ ਕਰ ਰਿਹਾ ਹੈ।
ਇਸ ਸਮਾਗਮ ਵਿੱਚ ਬੱਚਿਆਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਦੀ ਵੱਡੀ ਗਿਣਤੀ ਵਿੱਚ ਹਾਜ਼ਰੀ ਰਹੀ, ਜਿਸ ਨਾਲ ਸਕੂਲ ਅਤੇ ਸਮਾਜ ਵਿਚਕਾਰ ਮਜ਼ਬੂਤ ਸੰਬੰਧਾਂ ਦੀ ਝਲਕ ਸਾਫ਼ ਨਜ਼ਰ ਆਈ। ਇਹ ਸਲਾਨਾ ਨਤੀਜਾ ਸਮਾਗਮ ਯਾਦਗਾਰ ਅਤੇ ਪ੍ਰੇਰਣਾਦਾਇਕ ਰਿਹਾ। ਅੰਤ ਵਿੱਚ ਸਕੂਲ ਮੁਖੀ ਪੂਜਾ ਅਰੋੜਾ ਸੀਐਚਟੀ ਝੋਕ ਹਰੀਹਰ ਨੇ ਆਏ ਹੋਏ ਮੁੱਖ ਮਹਿਮਾਨ, ਬੱਚਿਆਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਪ੍ਰੋਗਰਾਮ ਦੀ ਸਫ਼ਲ ਕਰਨ ਲਈ ਸਮੂਹ ਸਟਾਫ ਵਲੋਂ ਤਨਦੇਹੀ ਨਾਲ ਕੀਤੀ ਮਿਹਨਤ ਦਾ ਨਤੀਜਾ ਹੈ।
ਇਸ ਮੌਕੇ ਸਕੂਲ ਸਰਪੰਚ ਅਮਰਜੀਤ ਕੌਰ, ਭਜਨ ਸਿੰਘ, ਸਰਬਜੀਤ ਸਿੰਘ ਗੁਰਪ੍ਰੀਤ ਸਿੰਘ ਅਤੇ ਸਾਰੇ ਪੰਚਾਇਤ ਮੈਂਬਰਾਂ ਅਤੇ ਝੋਕ ਹਰੀਹਰ ਪਿੰਡ ਦੇ ਪਤਵੰਤੇ ਸੱਜਣਾ, ਐਸਐਮਸੀ ਕਮੇਟੀ ਦੇ ਚੇਅਰਮੈਨ ਚਰਨਜੀਤ ਕੌਰ, ਗਗਨਦੀਪ ਸਿੰਘ, ਸਮੂਹ ਕਮੇਟੀ ਮੈਂਬਰ, ਵੱਖ-ਵੱਖ ਬਲਾਕਾਂ ਤੋ ਆਏ ਅਧਿਆਪਕ ਅਤੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।





