Ferozepur News
ਪਤਨੀ ਤੇ 4 ਸਾਲਾ ਪੁੱਤਰ ਨੂੰ ਗੋਲੀ ਮਾਰ ਕੇ ਕਿਸਾਨ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼, ਹਾਲਤ ਗੰਭੀਰ

ਪਤਨੀ ਤੇ 4 ਸਾਲਾ ਪੁੱਤਰ ਨੂੰ ਗੋਲੀ ਮਾਰ ਕੇ ਕਿਸਾਨ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼, ਹਾਲਤ ਗੰਭੀਰ
ਫਿਰੋਜ਼ਪੁਰ, ਫਰਵਰੀ 13, 2026: ਫਿਰੋਜ਼ਪੁਰ ਦੇ ਨੇੜੇ ਲੱਗਦੇ ਵਜੀਦਪੁਰ ਪਿੰਡ ਵਿੱਚ ਸ਼ਾਮ ਸਮੇਂ ਇਕ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ 35 ਸਾਲਾ ਜਗਸੀਰ ਸਿੰਘ ਨੇ ਆਪਣੀ ਪਤਨੀ ਨਵਨੀਤ ਕੌਰ ਅਤੇ ਚਾਰ ਸਾਲਾ ਪੁੱਤਰ ਵਿਰਸਾ ਦੀਪ ਸਿੰਘ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਸਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।
ਗੋਲੀ ਦੀ ਆਵਾਜ਼ ਸੁਣਦੇ ਹੀ ਆਸ-ਪਾਸ ਦੇ ਲੋਕ ਮੌਕੇ ’ਤੇ ਪਹੁੰਚੇ ਅਤੇ ਤਿੰਨਾਂ ਨੂੰ ਤੁਰੰਤ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਬੱਚੇ ਨੂੰ ਲਿਵਰ ਵਿੱਚ, ਪਤਨੀ ਨੂੰ ਸੀਨੇ ਵਿੱਚ ਅਤੇ ਜਗਸੀਰ ਸਿੰਘ ਨੂੰ ਸਿਰ ਵਿੱਚ ਗੋਲੀ ਲੱਗੀ ਹੈ। ਤਿੰਨਾਂ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ ਅਤੇ ਵੈਂਟੀਲੇਟਰ ’ਤੇ ਇਲਾਜ ਜਾਰੀ ਹੈ। ਉਨ੍ਹਾਂ ਨੂੰ ਅੱਗੇ ਰੈਫਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਮੌਕੇ ’ਤੇ ਪੁਲਿਸ ਪਹੁੰਚ ਗਈ ਹੈ ਅਤੇ ਹਥਿਆਰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।
ਡੀਐਸਪੀ ਕਰਨ ਸ਼ਰਮਾ ਨੇ ਦੱਸਿਆ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਹਾਲੀਆ ਦਿਨਾਂ ਵਿੱਚ ਕੋਈ ਵੱਡਾ ਵਿਵਾਦ ਸਾਹਮਣੇ ਨਹੀਂ ਆਇਆ ਸੀ। ਪੁਲਿਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।





