ਮੈਰੀਟੋਰੀਅਸ ਸਕੂਲ ਵਿੱਚ ਪ੍ਰਭਾਵਸ਼ਾਲੀ ਵਿਦਿਅਕ ਸੈਮੀਨਾਰ ਆਯੋਜਿਤ, ਉਘੇ ਸਾਹਿਤਕਾਰ ਡਾ. ਦਵਿੰਦਰ ਸੈਫ਼ੀ ਵਿਦਿਆਰਥੀਆਂ ਦੇ ਹੋਏ ਰੂਬਰੂ
ਮੈਰੀਟੋਰੀਅਸ ਸਕੂਲ ਵਿੱਚ ਪ੍ਰਭਾਵਸ਼ਾਲੀ ਵਿਦਿਅਕ ਸੈਮੀਨਾਰ ਆਯੋਜਿਤ, ਉਘੇ ਸਾਹਿਤਕਾਰ ਡਾ. ਦਵਿੰਦਰ ਸੈਫ਼ੀ ਵਿਦਿਆਰਥੀਆਂ ਦੇ ਹੋਏ ਰੂਬਰੂ
ਫਿਰੋਜ਼ਪੁਰ, 8 ਦਸੰਬਰ, 2025: ਸਾਰਾਗੜੀ ਮੈਮੋਰੀਅਲ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ, ਫ਼ਿਰੋਜ਼ਪੁਰ ਵਿੱਚ ਸਕੂਲ ਦੇ ਪ੍ਰਿੰਸੀਪਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਦੀ ਅਗਵਾਈ ਵਿੱਚ ਪ੍ਰਭਾਵਸ਼ਾਲੀ ਸੈਮੀਨਾਰ ਅਤੇ ਉੱਘੇ ਸਾਹਿਤਕਾਰ ਤੇ ਸਿੱਖਿਆ ਮਾਹਿਰ ਡਾ. ਦਵਿੰਦਰ ਸੈਫੀ ਨਾਲ ਰੁਬਰੂ ਸਮਾਗਮ ਆਯੋਜਿਤ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਖਾਸ ਮਕਸਦ ਵਿਦਿਆਰਥੀਆਂ ਨੂੰ ਸਿੱਖਿਆ ਦੀ ਮਹੱਤਤਾ, ਮੁਕਾਬਲਿਆਂ ਦੀਆ ਪ੍ਰੀਖਿਆਵਾਂ ਦੀ ਤਨਾਅ ਮੁਕਤ ਤਿਆਰੀ ਤੋਂ ਇਲਾਵਾ ਮੁਕਾਬਲੇ ਦੀ ਭੱਜ ਦੌੜ ਅਤੇ ਤਣਾਓ ਭਰੇ ਮਾਹੌਲ ਵਿਚ ਕੁਦਰਤ ਨਾਲ ਇਕਮਿਕ ਹੋ ਕੇ ਸਕੂਨ ਭਰੀ ਜਿੰਦਗੀ ਜਿਉਣ ਦੀ ਜਾਚ ਦੇ ਅਮਲ ਨਾਲ ਜੋੜਨਾ ਰਿਹਾ। ਵਾਇਸ ਪ੍ਰਿੰਸੀਪਲ ਸੁਕੀਰਤੀ ਸ਼ਰਮਾ ਅਤੇ ਸਟਾਫ ਨੇ ਆਏ ਮਹਿਮਾਨਾਂ ਨੂੰ ਰਸਮੀ ਤੌਰ ਤੇ ਸਵਾਗਤ ਕੀਤਾ।
ਡਾ. ਸੈਫ਼ੀ ਨੇ ਆਪਣੇ ਕੁੰਜੀਵਤ ਸੰਬੋਧਨ ਦੌਰਾਨ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਉਦਾਹਰਣਾ ਰਾਹੀਂ ਸਿੱਖਿਆ ਦੀ ਮਹੱਤਤਾ ਅਤੇ ਵਿਦਿਆਰਥੀ ਜੀਵਨ ਵਿੱਚ ਮਿਹਨਤ ਕਰਕੇ ਮੰਜ਼ਿਲ ਤੱਕ ਪਹੁੰਚਣ ਦੀ ਗੱਲ ਕੀਤੀ। ਉਹਨਾਂ ਨੇ ਸਾਹਿਤਕ ਰਚਨਾਵਾਂ ਰਾਹੀਂ ਵਿਦਿਆਰਥੀਆਂ ਨੂੰ ਹਿੰਮਤ, ਜਜ਼ਬੇ ਤੇ ਮਿਹਨਤ ਨਾਲ ਜ਼ਿੰਦਗੀ ਦੇ ਮੁਕਾਮ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਅਧਾਰਿਤ ਕਵਿਤਾ ਰਾਹੀਂ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਗੱਲ ਬੇਹੱਦ ਸੁਚੱਜੇ ਢੰਗ ਨਾਲ ਵਿਦਿਆਰਥੀਆਂ ਸਾਹਮਣੇ ਰੱਖੀ।

ਇਸ ਮੌਕੇ ਡਾ. ਸਤਿੰਦਰ ਸਿੰਘ ਨੇ ਸਿੱਖਿਆ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੇ 60 ਤੋਂ ਵੱਧ ਵਿਦਿਆਰਥੀਆਂ ਨੂੰ ਆਪਣੇ ਵੱਲੋਂ ਵਿਦਿਅਕ ਸਮਗਰੀ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਉਹ ਭਵਿੱਖ ਵਿਚ ਹੋਰ ਵਧੇਰੇ ਸ਼ਾਨਦਾਰ ਨਤੀਜੇ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਇਸ ਤਰ੍ਹਾਂ ਹੀ ਕਿਤਾਬਾਂ ਤੇ ਸਟੇਸ਼ਨਰੀ ਦਾ ਲੰਗਰ ਲਗਾਉਂਦੇ ਰਹਿਣਗੇ ਤਾਂ ਕਿ ਵਿਦਿਆਰਥੀਆਂ ਵਿਚ ਉਤਸ਼ਾਹ ਦੀ ਕੋਈ ਕਮੀ ਨਾ ਆਵੇ।
ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਲੈਕਚਰਾਰ ਨਵਜੋਤ ਕੌਰ ਨੇ ਬਾਖੂਬੀ ਨਿਭਾਈ। ਲੈਕਚਰਾਰ ਗਿੰਨੀ ਬਾਂਸਲ ਤੇ ਸਾਕਸ਼ੀ ਸਹਿਗਲ ਦੁਆਰਾ ਆਪਣੇ ਵਿਚਾਰਾਂ ਰਾਹੀਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਸਮਾਗਮ ਦੇ ਅੰਤ ਵਿਚ ਸਕੂਲ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਡਾ. ਦਵਿੰਦਰ ਸੈਫ਼ੀ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕਰਦਿਆਂ ਧੰਨਵਾਦ ਕੀਤਾ ਤੇ ਭਵਿੱਖ ਵਿਚ ਮੁੜ ਵਿਦਿਆਥੀਆਂ ਦੇ ਰੂਬਰੂ ਹੋਣ ਦੀ ਕਾਮਨਾ ਵੀ ਕੀਤੀ।
ਸਮੁੱਚੇ ਸਮਾਗਮ ਵਿਚ ਸਕੂਲ ਦੇ ਉਪ ਪ੍ਰਿੰਸੀਪਲ ਮੈਡਮ ਸੁਕੀਰਤੀ ਸ਼ਰਮਾਂ, ਅਸ਼ਵਿੰਦਰ ਸਿੰਘ ਬਰਾੜ ਜ਼ਿਲਾ ਆਰਡੀਨੇਟਰ,ਮੈਡਮ ਗੁਰਪ੍ਰੀਤ ਕੌਰ, ਮੈਡਮ ਸੀਮਾ ਰਾਣੀ, ਜਸਵਿੰਦਰ ਸਿੰਘ,ਮੈਡਮ ਰੂਪਪ੍ਰੀਤ ਕੌਰ, ਮੈਡਮ ਲਕਸ਼ਮੀ, ਮੈਡਮ ਗਗਨਦੀਪ ਕੌਰ, ਮੈਡਮ ਗਿੰਨੀ ਬਾਂਸਲ, ਅਮਰ ਵਰਮਾ, ਮਨੋਜ ਸਰ, ਜਰਨੈਲ ਸਿੰਘ ਤੇ ਸਮੂਹ ਸਟਾਫ਼ ਹਾਜ਼ਰ ਰਿਹਾ।





