ਕਿਸਾਨ ਮਜ਼ਦੂਰ ਜਥੇਬੰਦੀ ਦਾ ਵੱਡਾ ਕਾਫਲਾ KMM ਦੇ ਸੱਦੇ ਤੇ ਕੁੱਕੜ ਪਿੰਡ ਹੋ ਰਹੀ ਸਰਕਾਰ ਜਬਰ ਵਿਰੋਧੀ ਰੈਲੀ ਵਿੱਚ ਜੈਕਾਰਿਆਂ ਦੀ ਗੂੰਜ ਵਿੱਚ ਹੋਇਆ ਰਵਾਨਾ
ਕਿਸਾਨ ਮਜ਼ਦੂਰ ਜਥੇਬੰਦੀ ਦਾ ਵੱਡਾ ਕਾਫਲਾ KMM ਦੇ ਸੱਦੇ ਤੇ ਕੁੱਕੜ ਪਿੰਡ ਹੋ ਰਹੀ ਸਰਕਾਰ ਜਬਰ ਵਿਰੋਧੀ ਰੈਲੀ ਵਿੱਚ ਜੈਕਾਰਿਆਂ ਦੀ ਗੂੰਜ ਵਿੱਚ ਹੋਇਆ ਰਵਾਨਾ

ਫ਼ਿਰੋਜ਼ਪੁਰ, ਅਗਸਤ 20, 2025: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜਿਲਾ ਫਿਰੋਜਪੁਰ ਦੇ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਨੌਜਵਾਨ ਤੇ ਬੀਬੀਆਂ ਦਾ ਜਥਾ ਕੁੱਕੜ ਪਿੰਡ (ਜਲੰਧਰ) ਵਿਖੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਤੇ ਹੋਰ ਰਹੀ ‘ਜਮੀਨ ਬਚਾਓ, ਪਿੰਡ ਬਚਾਓ, ਪੰਜਾਬ ਬਚਾਓ’ ਰੈਲੀ ਵਿੱਚ ਸ਼ਾਮਲ ਹੋਣ ਲਈ ਜਿਲਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਲੋਹੀਆਂ-ਮੱਖੂ ਰੋਡ ਤੇ ਗਿੱਦੜਪਿੰਡੀ ਪੁਲ ਤੋਂ ਚ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਹੋਇਆ। ਇਸ ਮੌਕੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਅੱਜ ਦੀ ਹੋ ਰਹੀ ਸਰਕਾਰ ਵਿਰੁੱਧ ਰੈਲੀ ਭਗਵੰਤ ਮਾਨ ਸਰਕਾਰ ਦੀ ਨੀਂਦ ਹਰਾਮ ਕਰ ਦੇਵੇਗੀ ਤੇ ਅੱਗੇ ਤੋਂ ਕੋਈ ਵੀ ਕਿਸਾਨ ਮਜ਼ਦੂਰ ਵਿਰੋਧੀ ਫੈਸਲੇ ਲੈਣ ਤੋਂ ਪਹਿਲਾਂ ਮਾਣ ਸਰਕਾਰ ਨੂੰ ਸੌਂ ਵਾਰ ਸੋਚਣਾ ਪਵੇਗਾ, ਦਿੱਲੀ ਦੇ ਹੁਕਮਰਾਨਾਂ ਦੇ ਕਹਿਣ ਤੇ ਲੋਕ ਮਾਰੂ ਨੀਤੀਆਂ ਲਿਆਉਣ ਵਾਲੀ ਪੰਜਾਬ ਦੀ ਆਮ ਆਦਮੀ ਦੀ ਸਰਕਾਰ ਅਖਵਾਉਣ ਵਾਲੇ ਅਖੌਤੀ ਲੀਡਰਾਂ ਨੂੰ ਪੰਜਾਬ ਦੇ ਲੋਕ ਕਦੇ ਵੀ ਮੁਆਫ ਨਹੀਂ ਕਰਨਗੇ।
ਕਿਸਾਨ ਆਗੂਆਂ ਗੁਰਮੇਲ ਸਿੰਘ ਫੱਤੇਵਾਲਾ, ਧਰਮ ਸਿੰਘ ਸਿੱਧੂ,ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਸੁਰਜੀਤ ਸਿੰਘ ਫੌਜੀ ਨੇ ਕਿਹਾ ਕਿ ਅੱਜ ਦੀ ਰੈਲੀ ਸਰਕਾਰ ਦੇ ਸਾਰੇ ਭਰਮ ਭੁਲੇਖਿਆਂ ਨੂੰ ਦੂਰ ਕਰਦੇ ਹੋਏ ਲੈਂਡ ਪੂਲਿੰਗ ਪੋਲਿਸੀ ਨੂੰ ਜਿਸ ਤਰ੍ਹਾਂ ਵਾਪਸ ਲੈਣ ਲਈ ਥੁੱਕ ਕੇ ਚੱਟਣਾ ਪੈ ਰਿਹਾ ਹੈ, ਇਸੇ ਤਰ੍ਹਾਂ ਹੀ ਜੋ ਸਮਾਰਟ ਚਿਪ ਵਾਲੇ ਪ੍ਰੀਪੇਡ ਮੀਟਰ ਲਗਾਉਣ ਦੇ ਹੁਕਮ ਦਿੱਤੇ ਹਨ ਨੂੰ ਵੀ ਆਉਣ ਵਾਲੇ ਦਿਨਾਂ ਵਿੱਚ ਰੱਦ ਕਰਨੇ ਪੈਣਗੇ ਤੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਜੋ ਜਬਰੀ ਜ਼ਮੀਨਾਂ ਐਕਵਾਇਰ ਕਰਕੇ ਕਾਰਪੋਰੇਟ ਪੱਖੀ ਰੋਡ ਬਣਾਏ ਜਾ ਰਹੇ ਹਨ ਤੇ ਕਿਸਾਨਾਂ ਮਜ਼ਦੂਰਾਂ ਦੀਆਂ ਫ਼ਸਲਾਂ ਬਰਬਾਦ ਕੀਤੀਆਂ ਜਾ ਰਹੀਆਂ ਹਨ ਦੀ ਭਰਪਾਈ ਵੀ ਜਲਦੀ ਕਰਵਾਈ ਜਾਵੇਗੀ।
ਕਿਸਾਨ ਆਗੂਆਂ ਨਰਿੰਦਰਪਾਲ ਸਿੰਘ ਜਤਾਲਾ,ਅਮਨਦੀਪ ਸਿੰਘ ਕੱਚਰਭੰਨ, ਰਣਜੀਤ ਸਿੰਘ ਖੱਚਰਵਾਲਾ, ਹਰਫੂਲ ਸਿੰਘ ਦੂਲੇਵਾਲਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਅੱਜ ਬਿਲਕੁਲ ਹੀ ਫੈਲ ਸਾਬਿਤ ਹੋਈ ਹੈ ਤੇ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਪੂਰੀ ਤਰ੍ਹਾਂ ਚੱਲ ਰਿਹਾ ਹੈ, ਨਸ਼ੇ ਪੰਜਾਬ ਵਿੱਚ ਆਮ ਹੀ ਮਿਲ ਰਹੇ ਹਨ ਤੇ ਲੋਕਾਂ ਨੂੰ ਦਿਨ ਦਿਹਾੜੇ ਹੀ ਲੁਟਿਆ ਜਾ ਰਿਹਾ ਹੈ ਤੇ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਰਹਿ ਗਿਆ ਹੈ। ਇਸ ਮੌਕੇ ਵੀਰ ਸਿੰਘ ਨਿਜਾਮਦੀਨ ਵਾਲਾ, ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਮੱਖਣ ਸਿੰਘ ਵਾੜਾ, ਮੰਗਲ ਸਿੰਘ ਸਵਾਈਕੇ, ਗੁਰਬਖ਼ਸ਼ ਸਿੰਘ ਪੰਜਗਰਾਈਂ, ਬੂਟਾ ਸਿੰਘ ਕਰੀਕਲਾਂ, ਗੁਰਮੇਲ ਸਿੰਘ ਫਿਰੋਜਪੁਰ, ਬਲਰਾਜ ਸਿੰਘ ਫੇਰੋਕੇ, ਕੇਵਲ ਸਿੰਘ, ਅਵਤਾਰ ਸਿੰਘ, ਲਖਵਿੰਦਰ ਸਿੰਘ ਨਾਮਦੇਵ, ਬਚਿੱਤਰ ਸਿੰਘ, ਵਰਿੰਦਰ ਸਿੰਘ, ਗੁਰਦਿਆਲ ਸਿੰਘ, ਗੁਰਨਾਮ ਸਿੰਘ, ਗੁਰਭੇਜ ਸਿੰਘ ਆਦਿ ਆਗੂ ਹਾਜਰ ਸਨ।





