ਪੀਏਯੂ ਕੇਵੀਕੇ ਫਿਰੋਜ਼ਪੁਰ ਵੱਲੋਂ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਦਾ ਪੂਰੇ ਜੋਸ਼ ਖਰੋਸ਼ ਨਾਲ ਆਗਾਜ਼
ਪੀਏਯੂ ਕੇਵੀਕੇ ਫਿਰੋਜ਼ਪੁਰ ਵੱਲੋਂ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਦਾ ਪੂਰੇ ਜੋਸ਼ ਖਰੋਸ਼ ਨਾਲ ਆਗਾਜ਼
ਫ਼ਿਰੋਜ਼ਪੁਰ, 31 ਮਈ : ਆਈ.ਸੀ.ਏ.ਆਰ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਨੇ 29 ਮਈ 2025 ਨੂੰ 3 ਵੱਖ-ਵੱਖ ਟੀਮਾਂ ਵਿੱਚ ਗਠਿਤ ਹੋ ਕੇ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਦਾ ਪੂਰੇ ਜੋਸ਼ੋ ਖਰੋਸ਼ ਨਾਲ ਆਗਾਜ਼ ਕੀਤਾ। ਇਹ ਇੱਕ ਦੇਸ਼ ਵਿਆਪੀ ਮੁਹਿੰਮ ਹੈ ਜੋ ਕਿ ਡੀ.ਏ.ਆਰ.ਈ./ਆਈ.ਸੀ.ਏ.ਆਰ. ਅਤੇ ਐਮਓਏ ਅਤੇ ਐਫ ਡਬਲਯੂ ਦੁਆਰਾ 29 ਮਈ ਤੋਂ 12 ਜੂਨ ਤੱਕ ਦੇਸ਼ ਪੱਧਰ ਤੇ ਸ਼ੁਰੂ ਕੀਤੀ ਗਈ ਹੈ। ਪੀ ਏ ਯੂ- ਕੇ ਵੀ ਕੇ ਫਿਰੋਜ਼ਪੁਰ ਇਸ ਪਹਿਲਕਦਮੀ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਿਹਾ ਹੈ ਅਤੇ ਸਾਉਣੀ ਦੀਆਂ ਫਸਲਾਂ ਵਿੱਚ ਵਿਗਿਆਨਿਕ ਖੇਤੀ ਦੇ ਦ੍ਰਿਸ਼ਟੀਕੋਣ ਅਤੇ ਕਿਸਾਨ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਜਾਗਰੂਕਤਾ ਕੈਂਪ ਅਤੇ ਗਤੀਵਿਧੀਆਂ ਦਾ ਆਯੋਜਨ ਕਰ ਰਿਹਾ ਹੈ।
ਨਿਰਦੇਸ਼ਕ ਪਸਾਰ ਸਿੱਖਿਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਰਹਿਨੁਮਾਈ ਹੇਠ ਅਤੇ ਡਾ. ਗੁਰਮੇਲ ਸਿੰਘ ਡਿਪਟੀ ਡਾਇਰੈਕਟਰ (ਸਿਖਲਾਈ) ਕੇ ਵੀ ਕੇ ਫਿਰੋਜ਼ਪੁਰ ਦੀ ਯੋਗ ਅਗਵਾਈ ਹੇਠ ਕਿਸਾਨਾਂ ਤੱਕ ਵੱਧ ਤੋਂ ਵੱਧ ਪਹੁੰਚ ਦੇ ਮੰਤਵ ਨਾਲ ਪਿੰਡਾਂ ਵਿੱਚ ਗਤੀਵਿਧੀਆਂ ਕਰਨ ਲਈ ਤਿੰਨ ਟੀਮਾਂ ਦਾ ਗਠਨ ਕੀਤਾ ਗਿਆ।
ਕੈਂਪ ਦੀ ਸ਼ੁਰੂਆਤ ਡਾ. ਗੁਰਮੇਲ ਸਿੰਘ ਡਿਪਟੀ ਡਾਇਰੈਕਟਰ (ਸਿਖਲਾਈ ) ਨੇ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਵੱਖ-ਵੱਖ ਖੇਤੀਬਾੜੀ ਸਕੀਮਾਂ ਬਾਰੇ ਚਰਚਾ ਕੀਤੀ ਉਹਨਾਂ ਨੇ ਕਿਸਾਨਾਂ ਨੂੰ ਇਸ ਅਭਿਆਨ ਤੋਂ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਇਸ ਕੇਂਦਰ ਦੁਆਰਾ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਤੇ ਕਿਸਾਨਾਂ ਨੂੰ ਖੇਤੀ ਖਰਚੇ ਘੱਟ ਕਰਨ ਲਈ ਸਹਾਇਕ ਖੇਤੀ ਧੰਦੇ ਅਪਣਾਉਣ ਲਈ ਵੀ ਪ੍ਰੇਰਿਆ।
ਡਾ. ਬੀ. ਐੱਸ. ਸੇਖੋੰ ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ ) ਨੇ ਟੀਮ ਮੈਂਬਰਾਂ ਨਾਲ ਰਲ ਕੇ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਅਭਿਆਨ ਅਤੇ ਸਕੀਮਾਂ ਅਤੇ ਸਬਜ਼ੀਆਂ ਅਤੇ ਫਲਾਂ ਦੀ ਘਰੇਲੂ ਪੱਧਰ ਤੇ ਬਗੀਚੀ ਸਥਾਪਿਤ ਕਰਨ ਬਾਰੇ ਵੀ ਜਾਣਕਾਰੀ ਦਿੱਤੀ|
ਡਾ. ਸਿਮਰਨਜੀਤ ਕੌਰ ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਟੀਮ ਮੈਂਬਰਾਂ ਨਾਲ ਰਲ ਕੇ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ- ਝੋਨਾ ਬਾਸਮਤੀ ਆਦਿ ਵਿੱਚ ਬੀਜ ਸੋਧ, ਕੀੜਿਆਂ ਤੇ ਬਿਮਾਰੀਆਂ ਦੇ ਹਮਲੇ ਦੀ ਪਹਿਚਾਨ ਅਤੇ ਸਰਬਪੱਖੀ ਕੀਟ ਪ੍ਰਬੰਧਨ ਬਾਰੇ ਜਰੂਰੀ ਨੁਕਤੇ ਸਾਂਝੇ ਕੀਤੇ। ਉਨ੍ਹਾਂ ਨੇ ਸਰਕਾਰ ਦੁਆਰਾ ਮਧੂਮੱਖੀ ਸਬੰਧੀ ਸਕੀਮਾਂ ਬਾਰੇ ਵੀ ਚਰਚਾ ਕੀਤੀ।
ਡਾ. ਹਰਪ੍ਰੀਤ ਕੌਰ ਸਹਾਇਕ ਪ੍ਰੋਫੈਸਰ ਭੂਮੀ ਵਿਗਿਆਨ ਨੇ ਮਿੱਟੀ ਪਾਣੀ ਪਰਖ ਅਤੇ ਨਮੂਨੇ ਲੈਣ ਬਾਰੇ ਅਤੇ ਸਾਉਣੀ ਦੀਆਂ ਫਸਲਾਂ ਦੀਆਂ ਸੁਧਰੀਆਂ ਕਾਸ਼ਤ ਤਕਨੀਕਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਨੇ ਇਸ ਅਭਿਆਨ ਤੋਂ ਕਿਸਾਨਾਂ ਨੂੰ ਹੋਣ ਵਾਲੇ ਲਾਭ ਬਾਰੇ ਵੀ ਗੱਲਬਾਤ ਕੀਤੀ।
ਅੰਤ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਦੇ ਟੀਮ ਵੱਲੋਂ ਸਵਾਲਾਂ ਦੇ ਜਵਾਬ ਦਿੱਤੇ ਗਏ ਅਤੇ ਕਿਸਾਨਾਂ ਦਾ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਨੂੰ ਮੌਕੇ ਕੇਵੀਕੇ ਫਿਰੋਜ਼ਪੁਰ ਵੱਲੋਂ ਪੀਏਯੂ ਦਾ ਖੇਤੀ ਸਾਹਿਤ ਵੰਡਿਆ ਗਿਆ।