ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ ਵੱਲੋਂ ਪਿਆਜ਼ ਦੇ ਹਾਈਬ੍ਰਿਡ ਪੀ ਓ ਐਚ -1 ਅਤੇ ਕਿਸਮ ਪੀ ਆਰ ਓ -7 ਬਾਬਤ ਖੇਤ ਦਿਵਸ ਲਗਾਇਆ ਗਿਆ
ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ ਵੱਲੋਂ ਪਿਆਜ਼ ਦੇ ਹਾਈਬ੍ਰਿਡ ਪੀ ਓ ਐਚ –1 ਅਤੇ ਕਿਸਮ ਪੀ ਆਰ ਓ –7 ਬਾਬਤ ਖੇਤ ਦਿਵਸ ਲਗਾਇਆ ਗਿਆ
ਫ਼ਿਰੋਜ਼ਪੁਰ, 15 ਮਈ, 2025: ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ ਵੱਲੋਂ ਪਿਆਜ਼ ਦੇ ਹਾਈਬ੍ਰਿਡ ਪੀ ਓ ਐਚ-1 ਅਤੇ ਕਿਸਮ ਪੀ ਆਰ ਓ-7 ਬਾਬਤ ਮਿਤੀ 25 ਮਈ, 2025 ਨੂੰ ਪਿੰਡ ਸੋਢੇਵਾਲਾ ਵਿਖੇ ਖੇਤ ਦਿਵਸ ਲਗਾਇਆ ਗਿਆ ਜਿਸ ਵਿੱਚ ਲਗਭਗ 35 ਕਿਸਾਨਾਂ ਨੇ ਭਾਗ ਲਿਆ ।
ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਡਾ. ਗੁਰਮੇਲ ਸਿੰਘ, ਡਿਪਟੀ ਡਾਇਰੈਕਟਰ (ਟ੍ਰੇਨਿੰਗ), ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ ਨੇ ਪਹੁੰਚੇ ਕਿਸਾਨ ਵੀਰਾਂ ਨੂੰ ਜੀ ਆਇਆਂ ਕਿਹਾ। ਉਹਨਾਂ ਕਿਸਾਨ ਵੀਰਾਂ ਨਾਲ ਪੀ ਏ ਯੂ ਵਲੋਂ ਸਮੇਂ ਸਮੇਂ ਤੇ ਖੋਜ ਕੀਤੀਆਂ ਕਿਸਮਾਂ ਅਤੇ ਸਬਜ਼ੀਆਂ ਵਿੱਚ ਪਿਆਜ਼ ਦੀ ਘਰੇਲੂ ਅਤੇ ਵਪਾਰਕ ਪੱਧਰ ਦੀ ਮਹੱਤਤਾ ਬਾਰੇ ਜ਼ੋਰ ਦਿੱਤਾ।
ਡਾ ਭੱਲਣ ਸਿੰਘ ਸੇਖੋਂ, ਸਹਾਇਕ ਪ੍ਰੋਫੈਸਰ, ਸਬਜ਼ੀ ਵਿਗਿਆਨ ਵੱਲੋਂ ਵਿਸ਼ੇਸ਼ ਤੌਰ ਤੇ ਪੀ.ਏ.ਯੂ.- ਲੁਧਿਆਣਾ ਵੱਲੋਂ ਪਿਆਜ਼ ਦੀਆਂ ਉੱਨਤ ਕਿਸਮਾਂ ਅਤੇ ਹਾਈਬ੍ਰਿਡ ਦੇ ਗੁਣ, ਝਾੜ ਅਤੇ ਭੰਡਾਰਨ ਸਮਰੱਥਾ ਬਾਰੇ ਵਿਸਥਾਰ ਨਾਲ ਦੱਸਿਆ। ਉਹਨਾਂ ਦੱਸਿਆ ਕਿ ਪੀ ਏ ਯੂ ਵੱਲੋਂ ਸਿਫਾਰਸ਼ ਹਾਈਬ੍ਰਿਡ ਪੀ ਓ ਐਚ-1 ਦੇ ਗੰਢੇ ਹਲਕੇ ਲਾਲ, ਵੱਡੇ ਅਕਾਰ ਦੇ, ਗੋਲ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ ਅਤੇ ਘੱਟ ਨਿੱਸਰਦੇ ਹਨ। ਇਸਦਾ ਔਸਤਨ ਝਾੜ 221 ਕੁਇੰਟਲ ਪ੍ਰਤੀ ਏਕੜ ਹੈ। ਪੀ ਆਰ ਓ-7 ਦੇ ਗੰਢੇ ਲਾਲ, ਦਰਮਿਆਨੇ ਤੋਂ ਵੱਡੇ ਅਕਾਰ ਦੇ ਗੋਲ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ ਅਤੇ ਇਸ ਕਿਸਮ ਦੀ ਭੰਡਾਰਨ ਸਮਰਥਾ ਬਹੁਤ ਚੰਗੀ ਹੈ ਅਤੇ ਗੰਢੇ ਵੀ ਘੱਟ ਨਿਸਰਦੇ ਹਨ। ਇਸ ਕਿਸਮ ਦਾ ਔਸਤਨ ਝਾੜ੍ਹ 159 ਕੁਇੰਟਲ ਪ੍ਰਤੀ ਏਕੜ ਹੈ।
ਡਾ. ਸਿਮਰਨਜੀਤ ਕੌਰ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਵੱਲੋਂ ਪਿਆਜ਼ ਅਤੇ ਸਾਉਣੀ ਦੀਆਂ ਫਸਲਾਂ- ਝੋਨਾ, ਬਾਸਮਤੀ ਆਦਿ ਵਿੱਚ ਬੀਜ ਸੋਧ, ਕੀੜਿਆਂ ਤੇ ਬਿਮਾਰੀਆਂ ਦੇ ਹਮਲੇ ਦੀ ਪਹਿਚਾਣ ਅਤੇ ਸਰਵਪੱਖੀ ਕੀਟ ਪ੍ਰਬੰਧਨ ਬਾਰੇ ਜਰੂਰੀ ਨੁਕਤੇ ਸਾਂਝੇ ਕੀਤੇ ਗਏ।
ਕਿਸਾਨ ਵੀਰਾਂ ਦੁਆਰਾ ਮਾਹਿਰਾਂ ਨਾਲ ਵਿਚਾਰ-ਚਰਚਾ ਵੀ ਕੀਤੀ ਗਈ ਅਤੇ ਪੀ ਏ ਯੂ ਵੱਲੋਂ ਵਿਕਸਿਤ ਕੀਤਿਆਂ ਪਿਆਜ਼ ਦੀਆਂ ਸਿਫਾਰਸ਼ ਕਿਸਮਾਂ ਸਬੰਧੀ ਸੰਤੁਸ਼ਟੀ ਪ੍ਰਗਟਾਈ ਗਈ।