ਦਿੱਲੀ ਅੰਦੋਲਨ 2 ਜ਼ੋਰਾਂ ਤੇ, ਮੋਰਚੇ ਦੇ 360 ਦਿਨ, ਦੇਸ਼ ਦਾ ਕਿਸਾਨ ਮਜ਼ਦੂਰ ਲੰਬੇ ਸੰਘਰਸ਼ ਲਈ ਤਿਆਰ,
ਦਿੱਲੀ ਅੰਦੋਲਨ 2 ਜ਼ੋਰਾਂ ਤੇ, ਮੋਰਚੇ ਦੇ 360 ਦਿਨ, ਦੇਸ਼ ਦਾ ਕਿਸਾਨ ਮਜ਼ਦੂਰ ਲੰਬੇ ਸੰਘਰਸ਼ ਲਈ ਤਿਆਰ
ਫਿਰੋਜ਼ਪੁਰ, 08/02/2025: ਕਿਸਾਨ ਮਜ਼ਦੂਰ ਮੋਰਚਾ, ਭਾਰਤ ਅਤੇ ਸੰਜੁਕਤ ਕਿਸਾਨ ਮੋਰਚਾ, ਗੈਰ ਰਾਜਨੀਤਿਕ ਦੇ ਦਿੱਲੀ ਕੂਚ ਦੇ ਐਲਾਨ ਨਾਲ, ਕਿਸਾਨਾਂ ਮਜਦੂਰਾਂ ਦੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ, ਫਰਵਰੀ 2024 ਤੋਂ ਲਗਾਤਾਰ ਜਾਰੀ ਦਿੱਲੀ ਅੰਦੋਲਨ 2 ਵੱਖ ਵੱਖ ਬਾਡਰਾਂ ਤੇ ਪੂਰੇ ਜੋਸ਼ ਨਾਲ ਜਾਰੀ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਕੋਆਡੀਨੇਟਰ ਸੀਨੀਅਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਕਿਸਾਨ ਆਗੂ ਜਰਮਨਜੀਤ ਸਿੰਘ ਬੰਡਾਲਾ ਨੇ ਸ਼ੰਭੂ ਮੋਰਚੇ ਤੋਂ ਪ੍ਰੈਸ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਕਿ ਅੰਦੋਲਨ ਆਪਣੀ ਚਾਲੇ ਚਲਦਾ ਹੋਇਆ ਅਤੇ ਦੋ ਫੋਰਮਾਂ ਦੇ ਰੂਪ ਵਿੱਚ ਵੱਖ ਵੱਖ ਜਥੇਬੰਦੀਆਂ ਦੀ ਸ਼ਮੂਲੀਅਤ ਨਾਲ ਕਿਸਾਨਾਂ ਮਜਦੂਰਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਵਿੱਢੇ ਗਏ ਸੰਘਰਸ਼ ਨੂੰ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ, ਜਿਸਦੇ ਅੱਜ 360 ਦਿਨ ਪੂਰੇ ਹੋ ਚੁੱਕੇ ਹਨ।
ਉਹਨਾਂ ਕਿਹਾ ਕਿ ਦੇਸ਼ ਭਰ ਤੋਂ ਕਿਸਾਨਾਂ ਮਜਦੂਰਾਂ ਦਾ ਧਿਆਨ ਅੱਜ ਸ਼ੰਭੂ, ਖਨੌਰੀ ਅਤੇ ਰਤਨਪੁਰਾ ( ਰਾਜਿਸਥਾਨ ) ਬਾਡਰਾਂ ਤੇ ਚਲਦੇ ਹੋਏ ਅੰਦੋਲਨ ਤੇ ਲੱਗਾ ਹੋਇਆ ਹੈ। ਉਹਨਾ ਦਿੱਲੀ ਚੋਣ ਬਾਰੇ ਸਪਸਟ ਕਰਦੇ ਕਿਹਾ ਕਿ ਕਿਸੇ ਵੀ ਪਾਰਟੀ ਦੀ ਸਰਕਾਰ ਬਣੇ, ਸਾਰੀਆਂ ਰਾਜਨੀਤਿਕ ਪਾਰਟੀਆਂ ਅੱਜ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਤੇ ਕੰਮ ਕਰ ਰਹੀਆਂ ਹਨ, ਸੋ ਕਿਸਾਨਾਂ ਮਜਦੂਰਾਂ ਨੂੰ ਆਪਣੇ ਹੱਕ ਲਈ ਸੰਘਰਸ਼ ਹੀ ਕਰਨਾ ਪਵੇਗਾ।
ਉਹਨਾਂ ਕਿਹਾ ਕਿ ਕਿਸਾਨਾਂ ਮਜਦੂਰਾਂ ਨੂੰ ਉਹਨਾਂ ਦੀ ਕਿਰਤ ਦਾ ਵਾਜਿਬ ਭਾਅ ਨਹੀਂ ਮਿਲ ਰਿਹਾ ਜਿਸ ਕਾਰਨ ਦੇਸ਼ ਵਿੱਚ ਅਮੀਰ ਗਰੀਬ ਦਾ ਪਾੜਾ ਲਗਾਤਾਰ ਵਧ ਰਿਹਾ ਹੈ, ਆਰਥਿਕ ਦੇ ਨਾਲ ਨਾਲ ਸਮਾਜਿਕ ਅਸਥਿਰਤਾ ਪੈਦਾ ਹੋ ਰਹੀ ਹੈ, ਬੇਜ਼ੁਗਾਰੀ ਸਿਖਰਾਂ ਤੇ ਹੈ ਅਤੇ ਨੌਜਵਾਨ ਤਣਾਅ ਵਿਚ ਨਸ਼ੇ ਅਤੇ ਹੋਰ ਅਪਰਾਧਿਕ ਮਾਮਲਿਆਂ ਵਿੱਚ ਉਲਝ ਰਹੇ ਹਨ, ਜਿਸ ਲਈ ਮੁੱਖ ਤੌਰ ਤੇ ਚੁਣੇ ਗਏ ਨੁੰਮਾਇਦੇ ਅਤੇ ਉਹਨਾਂ ਦੁਆਰਾ ਚੱਲ ਰਹੀਆਂ ਸਰਕਾਰਾਂ ਜਿੰਮੇਵਾਰ ਹਨ। ਉਹਨਾ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੀ ਆਵਾਜ਼ ਕੇਂਦਰ ਅੱਗੇ ਚੱਕਣ ਦੀ ਬਜ਼ਾਏ ਲਗਾਤਾਰ ਕੰਨ, ਅੱਖਾਂ ਅਤੇ ਮੂੰਹ ਬੰਦ ਕਰਕੇ ਬੈਠੀ ਹੈ ਅਤੇ ਆਪਣੇ ਫਰਜ਼ ਤੋਂ ਭੱਜ ਨਿਕਲੀ ਹੈ।
ਉਹਨਾ ਨੇ ਸਾਫ ਕਿਹਾ ਕਿ ਫ਼ਸਲਾਂ ਦੀ ਖਰੀਦ ਤੇ ਐਮ ਐਸ ਪੀ ਦਾ ਗਰੰਟੀ ਕਾਨੂੰਨ ਅਤੇ ਭਾਅ ਸਵਾਮੀਨਾਥਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ, ਮਨਰੇਗਾ ਤਹਿਤ ਪ੍ਰਤੀ ਸਾਲ 200 ਰੁਜਗਾਰ ਅਤੇ ਦਿਹਾੜੀ 700, ਕਿਸਾਨਾਂ ਮਜਦੂਰਾਂ ਦੀ ਕਰਜ਼ ਮੁਕਤੀ, ਫ਼ਸਲੀ ਬੀਮਾ ਯੋਜਨਾ, ਕਿਸਾਨ ਮਜ਼ਦੂਰ ਦੀ ਪੈਨਸ਼ਨ, ਬਿਜਲੀ ਐਕਟ 2023 ਰੱਦ ਕਰਨ, ਆਦਿਵਾਸੀਆਂ ਦੇ ਹੱਕਾਂ ਦੀ ਰਾਖੀ ਲਈ ਸੰਵਿਧਾਨ ਦੀ ਪੰਜਵੀਂ ਸੂਚੀ ਲਾਗੂ ਕਰਨ, ਸਮੇਤ ਸਾਰੀਆਂ ਮੰਗਾਂ ਦੇ ਹੱਲ ਹੋਣ ਤੱਕ ਇਹ ਸੰਘਰਸ਼ ਜਾਰੀ ਰਹੇਗਾ।
ਉਹਨਾ ਲੋਕਾਂ ਨੂੰ 13 ਫਰਵਰੀ ਨੂੰ ਮੋਰਚੇ ਦਾ ਇੱਕ ਸਾਲ ਪੂਰਾ ਹੋਣ ਮੌਕੇ ਵੱਡੀ ਗਿਣਤੀ ਵਿੱਚ ਸ਼ੰਭੂ ਬਾਰਡਰ ਮੋਰਚੇ ਤੇ ਪਹੁੰਚਣ ਦੀ ਅਪੀਲ ਕੀਤੀ।