Ferozepur News

ਰੰਗ ਕਰਮੀ ਕੈਲਾਸ਼ ਕੌਰ ਦੀਆਂ ਅਸਥੀਆਂ ਹੁਸੈਨੀਵਾਲਾ ਵਿਖੇ ਜਲ ਪ੍ਰਵਾਹ

ਕਲਮ, ਕਲਾ ਅਤੇ ਲੋਕ ਸੰਗਰਾਮ ਦੇ ਪਰਿਵਾਰ ਵੱਲੋਂ ਸਿਜਦਾ

 

ਰੰਗ ਕਰਮੀ ਕੈਲਾਸ਼ ਕੌਰ ਦੀਆਂ ਅਸਥੀਆਂ ਹੁਸੈਨੀਵਾਲਾ ਵਿਖੇ ਜਲ ਪ੍ਰਵਾਹ

ਰੰਗ ਕਰਮੀ ਕੈਲਾਸ਼ ਕੌਰ ਦੀਆਂ ਅਸਥੀਆਂ ਹੁਸੈਨੀਵਾਲਾ ਵਿਖੇ ਜਲ ਪ੍ਰਵਾਹ
ਕਲਮ, ਕਲਾ ਅਤੇ ਲੋਕ ਸੰਗਰਾਮ ਦੇ ਪਰਿਵਾਰ ਵੱਲੋਂ ਸਿਜਦਾ

ਹਰੀਸ਼ ਮੋਂਗਾ

ਫਿਰੋਜ਼ਪੁਰ, ਅਕਤੂਬਰ 12, 2024: ਇਨਕਲਾਬੀ ਪੰਜਾਬੀ ਰੰਗ ਮੰਚ ਦੀ ਜਾਣੀ- ਪਹਿਚਾਣੀ ਸ਼ਖ਼ਸੀਅਤ, ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦੀ ਮੋਢੀ ਅਦਾਕਾਰਾ ਅਤੇ ਪੰਜਾਬੀ ਰੰਗਮੰਚ ਦੇ ਵਿਹੜੇ ਦਾ ਕੁੜੀਆਂ ਦੀ ਆਮਦ ਲਈ ਸਪਾਟ ਦੁਆਰ ਖੋਲ੍ਹਣ ਦੀ ਭੂਮਿਕਾ ਅਦਾ ਕਰਨ ਵਾਲ਼ੀ ਸ੍ਰੀ ਮਤੀ ਕੈਲਾਸ਼ ਕੌਰ ਦੀਆਂ ਅਸਥੀਆਂ ਉਹਨਾਂ ਦੇ ਵਡੇਰੇ ਪਰਿਵਾਰ ਵੱਲੋਂ ਅੱਜ ਹੁਸੈਨੀਵਾਲਾ ਵਿਖੇ ਮਾਣ ਸਨਮਾਨ ਅਤੇ ਨਾਅਰਿਆਂ ਦੀ ਗੂੰਜ ਨਾਲ਼ ਜਲ ਪ੍ਰਵਾਹ ਕੀਤੀਆਂ ਗਈਆਂ।

ਵਡੇਰੇ ਪਰਿਵਾਰ ਦੇ ਕਾਫ਼ਲੇ ਚੰਡੀਗੜ੍ਹ ਸਮੇਤ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਹੁਸੈਨੀਵਾਲਾ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਯਾਦਗਾਰ ਤੇ ਇਕੱਠੇ ਹੋਏ।

ਇਸ ਤੋਂ ਪਹਿਲਾਂ ਸ਼ਬਦ ਸੱਭਿਆਚਾਰ ਦੇ ਪਸਾਰ ਲਈ ਯਤਨਸ਼ੀਲ ਸੰਸਥਾ ਕਲਾਪੀਠ (ਰਜਿ:) ਫ਼ਿਰੋਜ਼ਪੁਰ ਦੇ ਅਹੁਦੇਦਾਰਾਂ ਨੇ ਗੁਰਦੁਆਰਾ ਸਾਰਾਗੜ੍ਹੀ ਵਿਖੇ ਮਾਤਾ ਕੈਲਾਸ਼ ਕੌਰ ਦੀਆਂ ਅਸਥੀਆਂ ਅਤੇ ਉਹਨਾਂ ਨੂੰ ਜਲ ਪ੍ਰਵਾਹ ਕਰਨ ਪੰਜਾਬ ਭਰ ਵਿੱਚੋਂ ਆਏ ਕਾਫ਼ਲਿਆਂ ਨੂੰ ਜੀ ਆਇਆਂ ਨੂੰ ਕਿਹਾ।

ਉਹਨਾਂ ਕਾਫ਼ਲਿਆਂ ਨੇ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਕਿਹਾ ਕਿ ਅੱਜ ਅਸੀਂ ਉਹਨਾਂ ਦੀ ਸੋਚ ਦਾ ਚਿਰਾਗ਼ ਰੰਗ ਮੰਚ ਤੇ ਬਲ਼ਦਾ ਰੱਖਣ ਵਾਲ਼ੀ ਸ਼ਖ਼ਸੀਅਤ ਕੈਲਾਸ਼ ਕੌਰ ਨੂੰ ਸਿਜਦਾ ਕਰਦੇ ਹੋਏ ਉਸ ਰੰਗ ਮੰਚ ਦੀ ਰੌਸ਼ਨੀ ਘਰ ਘਰ ਲਿਜਾਣ ਦਾ ਅਹਿਦ ਕਰਦੇ ਹਾਂ।

ਇਸ ਮੌਕੇ ਨਾਟਕਕਾਰ ਕੇਵਲ ਧਾਲੀਵਾਲ ਨੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੰਗ ਮੰਚ ਦਾ ਵਿਹੜਾ ਇੱਕ ਵਾਰ ਸੱਖਣਾ ਹੋ ਗਿਆ ਜਿਸਨੂੰ ਭਰਨ ਲਈ ਸਾਨੂੰ ਹੌਸਲੇ ਨਾਲ ਸਫ਼ਰ ਜਾਰੀ ਰੱਖਣ ਦੀ ਲੋੜ ਹੈ।

ਸ੍ਰੀ ਮਤੀ ਕੈਲਾਸ਼ ਕੌਰ ਦੀ ਧੀ ਅਤੇ ਰੰਗ ਕਰਮੀ ਡਾ. ਅਰੀਤ ਨੇ ਕਿਹਾ ਕਿ ਉਹ ਸਿਰਫ਼ ਸਾਡੀ ਹੀ ਮਾਂ ਨਹੀਂ ਸੀ ਉਹ ਭਾਈ ਲਾਲੋਆਂ ਦੇ ਪਰਿਵਾਰ ਦਾ ਜੀਅ ਸੀ ਜਿਸਨੇ ਸਾਡੇ ਸਮਿਆਂ ਦੇ ਮਲਕ ਭਾਗੋਆਂ ਤੋਂ ਭਾਈ ਲਾਲੋਆਂ ਦੀ ਮੁਕਤੀ ਲਈ ਰੰਗ ਮੰਚ ਵਿਸ਼ੇਸ਼ ਕਰਕੇ ਆਵਾਜ਼ ਉਠਾਈ ਅਤੇ ਗੁਰਸ਼ਰਨ ਭਾਅ ਜੀ ਦੇ ਨਾਲ਼ ਜਮਹੂਰੀ ਲਹਿਰ ਵਿੱਚ ਵੀ ਡਟਕੇ ਸਾਥ ਦਿੱਤਾ।

ਨਾਮਵਰ ਕਵੀ ਗੁਰਤੇਜ ਕੋਹਾਰਵਾਲਾ ਨੇ ਖ਼ੂਬਸੂਰਤ ,ਬਾਮੌਕਾ ਅਤੇ ਅਰਥਭਰਪੂਰ ਸ਼ੇਅਰਾਂ ਨਾਲ਼ ਸ਼ਿੰਗਾਰੇ ਬੋਲਾਂ ਨਾਲ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਹਰ ਮੋੜ ਤੇ ਕਲਮ ਅਤੇ ਕਲਾ ਨੇ ਲੋਕ ਸਰੋਕਾਰਾਂ ਦੀ ਬਾਤ ਪਾਈ ਹੈ ਇਸ ਕਾਫ਼ਲੇ ਵਿਚ ਸ੍ਰੀ ਮਤੀ ਕੈਲਾਸ਼ ਕੌਰ ਦਾ ਨਾਮ ਚੰਨ ਸੂਰਜ ਵਾਂਗ ਰੌਸ਼ਨੀ ਵੰਡਦਾ ਰਹੇਗਾ।

ਪਰਿਵਾਰ ਦੀ ਤਰਫ਼ੋਂ ਇਸ ਮੌਕੇ ਪਰਿਵਾਰ ਦੇ ਮੈਂਬਰਾਂ ਦੀ ਹੈਸੀਅਤ ਵਿਚ ਹੀ ਜੁੜੇ ਸਮੂਹ ਸਾਹਿਤ ਕਲਾ, ਲੋਕ ਪੱਖੀ ਜੱਥੇਬੰਦੀਆਂ ਦੇ ਆਗੂਆਂ ਅਤੇ ਕਾਰਕੁਨਾਂ ਦਾ ਧੰਨਵਾਦ ਕਰਦਿਆਂ ਅਮੋਲਕ ਸਿੰਘ ਨੇ ਕਿਹਾ ਕਿ ਸ੍ਰੀ ਮਤੀ ਕੈਲਾਸ਼ ਕੌਰ ਅਜੇਹੇ ਰੰਗ ਮੰਚ ਦੀ ਸਿਰਮੌਰ ਸਖਸ਼ੀਅਤ ਹੈ ਜਿਸਨੇ ਲੋਕ ਲਹਿਰਾਂ ਦੀ ਫਸਲ ਬੀਜਣ ਅਤੇ ਪਾਲਣ ਵਿਚ ਲਾ ਮਿਸਾਲ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਤਪਦੇ ਮਾਰੂਥਲਾਂ ਦੀ ਸਿਦਕਵਾਨ ਮੁਸਾਫ਼ਿਰ ਨੇ ਧਰਤੀ ਦੀ ਪਿਆਸ ਬੁਝਾਉਣ ਲਈ ਰੰਗਮੰਚ ਦੀ ਬਰਸਾਤ ਕੀਤੀ।

ਉਹਨਾਂ ਕਿਹਾ ਕਿ ਭਵਿੱਖ਼ ਚੁਣੌਤੀਆਂ ਭਰਿਆ ਹੈ ਇਸ ਸਫ਼ਰ ਤੇ ਪਲ ਪਲ ਉਹਨਾਂ ਦੀ ਯਾਦ ਆਏਗੀ ਸਾਡੇ ਕਾਫ਼ਲੇ ਦਾ ਪਰਿਵਾਰ ਹਮੇਸ਼ਾ ਉਹਨਾਂ ਦੇ ਵਿਚਾਰਾਂ ਦੀ ਲੋਅ ਵਿੱਚ ਤੁਰਦਾ ਰਹੇਗਾ।
ਇਸ ਉਪਰੰਤ ਹੁਸੈਨੀਵਾਲਾ ਬਾਰਡਰ ਤੇ ਸਤਲੁਜ ਦਰਿਆ ਵਿੱਚ ਅਸਥੀਆਂ ਨੂੰ ਆਕਾਸ਼ ਗੂੰਜਾਊ ਨਾਅਰਿਆਂ ਨਾਲ਼ ਜਲ ਪ੍ਰਵਾਹ ਕੀਤਾ ਗਿਆ।

ਇਸ ਮੌਕੇ ਡਾ. ਨਵਸ਼ਰਨ, ਡਾ. ਅਤੁਲ, ਪ੍ਰਿਯਾ ਲੀਨ, ਨੀਲਾਕਸੀ, ਰੋਮਿਲਾ ਸਿੰਘ,ਸਰਦਾਰਾ ਸਿੰਘ ਚੀਮਾ, ਅਨੀਤਾ ਸ਼ਬਦੀਸ਼ , ਸੁਭਾਸ਼ ਬਿੱਟੂ ਮਾਨਸਾ, ਸ਼ਬਦੀਸ਼, ਹਰਮੀਤ ਵਿਦਿਆਰਥੀ, ਜੋਰਾ ਸਿੰਘ ਨਸਰਾਲੀ, ਹਰਿੰਦਰ ਬਿੰਦੂ, ਜਸਬੀਰ ਨੱਤ, ਪਾਵੇਲ ਕੁੱਸਾ, ਸੁਦਰਸ਼ਨ ਨੱਤ, ਕੁਲਦੀਪ ਕੌਰ ਕੁੱਸਾ, ਕ੍ਰਿਸ਼ਨ ਦਿਆਲ ਕੁੱਸਾ, ਸੁਖਦੇਵ ਸਿੰਘ ਕੋਕਰੀ ਕਲਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ , ਸੁਮੀਤ ਅੰਮ੍ਰਿਤਸਰ ਅਤੇ ਰੰਗ ਕਰਮੀ ਸਾਜਨ ਕੋਹਿਨੂਰ,ਪ੍ਰੋ. ਕੁਲਦੀਪ , ਸੁਖਜਿੰਦਰ, ਸੁਰਿੰਦਰ ਕੰਬੋਜ, ਡਾ. ਜਗਦੀਪ ਸੰਧੂ ਅਤੇ ਸੁਖਦੇਵ ਭੱਟੀ ਆਦਿ ਸ਼ਖਸ਼ੀਅਤਾਂ ਸ਼ਾਮਲ ਸਨ।

Related Articles

Leave a Reply

Your email address will not be published. Required fields are marked *

Back to top button