Ferozepur News

ਸਿੱਖਿਆ ਵਿਭਾਗ ਅਧਿਆਪਕਾਂ ਨੂੰ ਤਰੱਕੀਆਂ ਛੱਡਣ ਲਈ ਕਰ ਰਿਹਾ ਮਜ਼ਬੂਰ : ਡੀ ਟੀ ਐੱਫ 

ਸਾਰੇ ਖਾਲੀ ਸਟੇਸ਼ਨ ਜਨਤਕ ਕਰਕੇ ਸਟੇਸ਼ਨ ਚੋਣ ਕਰਵਾਈ ਜਾਵੇ-ਵਿਕਰਮ ਦੇਵ ਸਿੰਘ /ਮਲਕੀਤ ਹਰਾਜ 

ਸਿੱਖਿਆ ਵਿਭਾਗ ਅਧਿਆਪਕਾਂ ਨੂੰ ਤਰੱਕੀਆਂ ਛੱਡਣ ਲਈ ਕਰ ਰਿਹਾ ਮਜ਼ਬੂਰ : ਡੀ ਟੀ ਐੱਫ 
ਸਿੱਖਿਆ ਵਿਭਾਗ ਅਧਿਆਪਕਾਂ ਨੂੰ ਤਰੱਕੀਆਂ ਛੱਡਣ ਲਈ ਕਰ ਰਿਹਾ ਮਜ਼ਬੂਰ : ਡੀ ਟੀ ਐੱਫ
ਸਾਰੇ ਖਾਲੀ ਸਟੇਸ਼ਨ ਜਨਤਕ ਕਰਕੇ ਸਟੇਸ਼ਨ ਚੋਣ ਕਰਵਾਈ ਜਾਵੇ-ਵਿਕਰਮ ਦੇਵ ਸਿੰਘ /ਮਲਕੀਤ ਹਰਾਜ
ਫ਼ਿਰੋਜ਼ਪੁਰ 20 ਸਤੰਬਰ, 20243: ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਲੰਬੇ ਸਮੇਂ ਤੋਂ ਤਰੱਕੀਆਂ ਨੂੰ ਉਡੀਕ ਰਹੇ ਅਧਿਆਪਕਾਂ ਨੂੰ ਵੱਖ ਵੱਖ ਵਿਸ਼ਿਆਂ ਦੀਆਂ ਤਰੱਕੀਆਂ ਸਬੰਧੀ ਸੂਚੀਆਂ ਨੂੰ ਦੇਖ ਕੇ ਕੁਝ ਆਸ ਬੱਝੀ ਸੀ ਪਰ ਸਿੱਖਿਆ ਵਿਭਾਗ ਵੱਲੋਂ ਸਟੇਸ਼ਨ ਚੋਣ ਵੇਲੇ ਸਾਰੇ ਖਾਲੀ ਸਟੇਸ਼ਨ ਨਾ ਦਿਖਾਉਣ ਦੀ ਸਾਜ਼ਿਸ਼ ਕਰਦਿਆਂ ਅਧਿਆਪਕਾਂ ਨੂੰ ਤਰੱਕੀਆਂ ਛੱਡਣ ਲਈ ਮਜ਼ਬੂਰ ਕਰਨ ਦੇ ਅੜਿੱਕੇ ਡਾਹੇ ਜਾ ਰਹੇ ਹਨ।
ਡੀ ਟੀ ਐੱਫ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਪਹਿਲੇ ਗੇੜ ਵਿੱਚ ਫਿਜੀਕਲ ਐਜੂਕੇਸ਼ਨ ਵਿਸ਼ੇ ਅਤੇ ਕੁਝ ਹੋਰ ਵਿਸ਼ਿਆਂ ਦੇ ਲੈਕਚਰਾਰਾਂ ਲਈ ਸਟੇਸ਼ਨ ਚੋਣ ਲਈ ਡਾਇਰੈਕਟੋਰੇਟ ਸਕੂਲ ਸਿੱਖਿਆ ਦੇ ਦਫ਼ਤਰ ਵਿਖੇ ਸੱਦਿਆ ਸੀ। ਇਸ ਚੋਣ ਮੌਕੇ ਉਕਤ ਵਿਸ਼ਿਆਂ ਦੀਆਂ ਸਾਰੇ ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਦਿਖਾਉਣ ਦੀ ਥਾਂ ਵਿਭਾਗ ਵੱਲੋਂ ਕੁਝ ਕੁ ਚੋਣਵੇਂ ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਹੀ ਦਿਖਾਈਆਂ ਗਈਆਂ ਜਿਸ ਕਾਰਣ ਅਧਿਆਪਕਾਂ ਨੂੰ  ਆਪਣੀ ਰਿਹਾਇਸ਼ ਤੋਂ 150-200 ਕਿਲੋਮੀਟਰ ਦੂਰ ਦੇ ਸਟੇਸ਼ਨ ਦੀ ਅਲਾਟਮੈਂਟ ਕਰਕੇ ਉੱਥੇ ਜਾਣ ਲਈ ਮਜਬੂਰ ਕੀਤਾ ਗਿਆ ਹੈ, ਜਿਸ ਕਰਕੇ ਅਧਿਆਪਕ ਤਰੱਕੀਆਂ ਛੱਡਣ ਬਾਰੇ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਆਗੂਆਂ ਨੇ ਪ੍ਰਸ਼ਨ ਉਠਾਇਆ ਕਿ ਕੀ ਪੰਜਾਬ ਸਰਕਾਰ ਵੱਲੋਂ ਕੁਝ ਕੁ ਚੋਣਵੇਂ ਸਕੂਲਾਂ ਨੂੰ ਪਹਿਲ ਦੇਣ ਦੇ ਕੇ ਬਾਕੀ ਦੇ ਸਕੂਲਾਂ ਨੂੰ ਬੰਦ ਕਰਨਾ ਚਾਹੁੰਦੀ ਹੈ? ਜਾਂ ਚੋਣਵੇਂ ਸਕੂਲਾਂ ਨੂੰ ਪਹਿਲ ਦੇਣ ਦੇ ਕੇ ਪੰਜਾਬ ਸਰਕਾਰ ਪੱਛੜੇ ਖੇਤਰ ਦੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨਾਲ ਵਿਤਕਰਾ ਕਰਨਾ ਚਾਹੁੰਦੀ ਹੈ? ਤਾਂ ਉਨ੍ਹਾਂ ਕਿਹਾ ਕਿ ਡੀ ਟੀ ਐੱਫ ਵੱਲੋਂ ਪੰਜਾਬ ਸਰਕਾਰ ਪੱਛੜੇ ਖੇਤਰ ਦੇ ਸਕੂਲਾਂ ਨੂੰ ਬੰਦ ਕਰਨ ਦੀ ਮਨਸ਼ਾ ਦਾ ਅਤੇ ਇਸ ਖੇਤਰ ਦੇ ਵਿਦਿਆਰਥੀਆਂ ਨਾਲ ਹੋਣ ਵਾਲੇ ਵਿਤਕਰੇ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ।
ਆਗੂਆਂ ਨੇ ਪੰਜਾਬ ਸਰਕਾਰ ਦੀ ਸਕੂਲ ਆਫ਼ ਐਮੀਨੈਂਸ ਸਕੀਮ ਨੂੰ ਨਵੀਂ ਸਿੱਖਿਆ ਨੀਤੀ ਤਹਿਤ ਆਮ ਸਕੂਲਾਂ ਨੂੰ ਬੰਦ ਕਰਨ ਦੀ ਸਾਜ਼ਿਸ਼ ਐਲਾਨਦਿਆਂ ਕਿਹਾ ਕਿ ਇਸ ਸਕੀਮ ਤਹਿਤ ਇੱਕ ਵੱਡੇ ਖੇਤਰ ਦੇ ਵਿਦਿਆਰਥੀਆਂ ਨੂੰ ਅਤੇ ਅਧਿਆਪਕਾਂ ਨੂੰ ਇੱਕੋ ਜਗ੍ਹਾ ਇਕੱਠੇ ਕਰਕੇ ਛੋਟੇ ਸਕੂਲਾਂ ਨੂੰ ਬੰਦ ਕਰਨ ਵੱਲ ਵਧਿਆ ਜਾ ਰਿਹਾ ਹੈ ਜਿਸ ਨਾਲ ਵਿਦਿਆਰਥੀਆਂ ਤੋਂ ਸਿੱਖਿਆ ਖੋਹੇ ਜਾਣ ਦੀ ਸੰਭਾਵਨਾਵਾਂ ਵਿੱਚ ਭਾਰੀ ਵਾਧਾ ਹੋਵੇਗਾ। ਡੀ. ਟੀ. ਐੱਫ. ਫਿਰੋਜ਼ਪੁਰ ਪ੍ਰਧਾਨ ਮਲਕੀਤ ਸਿੰਘ ਹਰਾਜ ਨੇ ਆਪਣੇ ਸਾਥੀਆਂ ਅਮਿਤ ਕੁਮਾਰ, ਗੁਰਵਿੰਦਰ ਸਿੰਘ ਖੋਸਾ, ਸਵਰਨ ਸਿੰਘ,ਸੁਖਜਿੰਦਰ ਸਿੰਘ, ਅਰਸ਼ਦੀਪ ਸਿੰਘ, ਅਰਵਿੰਦ ਗਰਗ, ਇੰਦਰ ਸਿੰਘ, ਗੁਰਵਿੰਦਰ ਸਿੰਘ, ਨਰਿੰਦਰ ਸਿੰਘ, ਅੰਕੁਸ਼ ਕੁਮਾਰ ਸਮੇਤ ਗੱਲਬਾਤ ਕਰਦਿਆਂ ਕਿਹਾ ਕਿ ਇਹ ਵੀ ਦੱਸਿਆ ਕਿ ਸਟੇਸ਼ਨ ਚੋਣ ਦੇ ਪਹਿਲੇ ਗੇੜ ਵਿੱਚ ਸਿੱਖਿਆ ਵਿਭਾਗ ਵੱਲੋਂ ਦਿਵਿਆਂਗ ਅਧਿਆਪਕਾਂ ਨੂੰ ਉਨ੍ਹਾਂ ਦੀ ਸਹੂਲਤ ਵਾਲੇ ਨੇੜਲੇ ਸਕੂਲਾਂ ਵਿੱਚ ਭੇਜਣ ਦੀ ਥਾਂ ਆਪਣੇ ਚੁਣੇ ਹੋਏ ਸਕੂਲਾਂ ਚੋਂ ਹੀ ਕੋਈ ਸਕੂਲ ਚੁਣਨ ਦਾ ਮੌਕਾ ਦਿੱਤਾ ਹੈ ਜਦਕਿ ਉਨ੍ਹਾਂ ਦੀ ਤਾਇਨਾਤੀ ਹੋਰ ਨੇੜਲੇ ਸਕੂਲਾਂ ਵਿੱਚ ਹੋ ਸਕਦੀ ਸੀ।
ਡੀ ਟੀ ਐੱਫ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਭਰ ਦੇ ਸਾਰੇ ਸਕੂਲਾਂ ਦੀਆਂ ਖਾਲੀ ਅਸਾਮੀਆਂ ਜਨਤਕ ਕਰਕੇ ਆਨਲਾਈਨ ਸਟੇਸ਼ਨ ਚੋਣ ਕਰਵਾਈ ਜਾਵੇ ਜਿਸ ਨਾਲ ਅਧਿਆਪਕਾਂ ਦੀ ਖੱਜਲ ਖ਼ੁਆਰੀ ਵੀ ਘਟੇ ਅਤੇ ਉਨ੍ਹਾਂ ਲਈ ਤਰੱਕੀਆਂ ਦੇ ਕੋਈ ਸਕਾਰਾਤਮਕ ਅਰਥ ਹੋਣ ਨਾ ਕਿ ਵਿਭਾਗ ਦੀ ਮਾੜੀ ਨੀਤੀ ਕਰਕੇ ਉਹ ਤਰੱਕੀਆਂ ਛੱਡ ਕੇ ਪੁਰਾਣੇ ਅਹੁਦੇ ਤੇ ਕੰਮ ਕਰਨਾ ਹੀ ਸਹੀ ਸਮਝਣ।

Related Articles

Leave a Reply

Your email address will not be published. Required fields are marked *

Back to top button