ਫਿਰੋਜ਼ਪੁਰ ਦੀ ਵਿਗੜਦੀ ਕਾਨੂੰਨ ਵਿਵਸਥਾ ਵੱਲ ਸਰਕਾਰ ਤੁਰੰਤ ਧਿਆਨ ਦੇਵੇ: ਨੰਨੂ
ਫਿਰੋਜ਼ਪੁਰ ਦੀ ਵਿਗੜਦੀ ਕਾਨੂੰਨ ਵਿਵਸਥਾ ਵੱਲ ਸਰਕਾਰ ਤੁਰੰਤ ਧਿਆਨ ਦੇਵੇ: ਨੰਨੂ
ਫਿਰੋਜ਼ਪੁਰ, ਅਗਸਤ 9,2023: ਫਿਰੋਜ਼ਪੁਰ ਦੀ ਕਾਨੂੰਨ-ਵਿਵਸਥਾ ਨੂੰ ਲੈ ਕੇ ਸੂਬਾ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਸੁਖਪਾਲ ਸਿੰਘ ਨੰਨੂ ਸਾਬਕਾ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਲੇਕਿਨ ਉਸ ਤੋਂ ਬਾਅਦ ਵਾਅਦੇ ਪੂਰੇ ਕਰਨਾ ਤਾਂ ਦੂਰ ਦੀ ਗੱਲ ਇਹ ਆਮ ਨਾਗਰਿਕਾ ਦੀ ਜਾਨ ਅਤੇ ਮਾਲ ਦੀ ਰਾਖੀ ਕਰਨ ਵਿੱਚ ਵੀ ਬੁਰੀ ਤਰਾਂ ਨਾਕਾਮ ਸਾਬਿਤ ਹੋਈ ਹੈ। ਉਹਨਾਂ ਕਿਹਾ ਕਿ ਆਮ ਲੋਕਾਂ ਦੇ ਨਾਲ ਨਾਲ ਚੁਣੇ ਹੋਏ ਨੁਮਾਇੰਦਿਆਂ ਤੇ ਵੀ ਦਿਨ ਦਿਹਾੜੇ ਹਮਲੇ ਹੋ ਰਹੇ ਹਨ। ਆਮ ਲੋਕਾਂ ਵਿੱਚ ਭਾਰੀ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਵੱਧਦੀਆਂ ਚੋਰੀਆਂ,ਲੁੱਟ ਖੋਹ,ਦਿਨ ਦਿਹਾੜੇ ਹਮਲੇ ਅਤੇ ਸ਼ਰੇਆਮ ਗੁੰਡਾਗਰਦੀ ਅਤੇ ਲੜਾਈਆਂ ਆਦਿ ਦੀਆਂ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਪ੍ਰਦੇਸ਼ ‘ਚ ਕਾਨੂੰਨ-ਵਿਵਸਥਾ ਦੀ ਸਥਿਤੀ ਬੇਹੱਦ ਤਰਸਯੋਗ ਹੈ।
ਇਨ੍ਹਾਂ ਘਟਨਾਵਾਂ ਦੇ ਪ੍ਰਤੀ ਸਰਕਾਰੀ ਲੀਪਾਪੋਤੀ ਨਾਲ ਹਾਲਾਤ ਦਿਨ ਬਦਿਨ ਹੋਰ ਵਿਗੜ ਰਹੇ ਹਨ ।
ਉਹਨਾਂ ਨੇ ਪੰਜਾਬ ਸਰਕਾਰ ਤੋਂ ਸਰਹੱਦੀ ਇਲਾਕੇ ਵਿਚ ਕਾਨੂੰਨ ਵਿਵਸਥਾ ਜਲਦ ਠੀਕ ਕਰਨ ਦੀ ਮੰਗ ਕਰਦਿਆਂ ਕਿਹਾ ਮੁੱਖ ਮੰਤਰੀ ਪੰਜਾਬ ਆਪਣੀ ਪਾਰਟੀ ਦਾ ਦੂਜੇ ਸੂਬਿਆਂ ਵਿਚ ਪ੍ਰਚਾਰ ਕਰਨ ਦੀ ਥਾਂ ਆਪਣੇ ਸੂਬੇ ਦੀ ਜਨਤਾ ਦੀ ਸਾਰ ਲੈਣ ਅਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਹੋਣ ਤੋਂ ਬਚਾਉਣ।
ਉਨ੍ਹਾਂ ਨੇ ਭਾਰੀ ਬਹੁਮਤ ਨਾਲ ਚੁਣੇ ਸਥਾਨਕ ਨੁਮਾਇੰਦਿਆਂ ਤੋਂ ਵੀ ਮੰਗ ਕੀਤੀ ਹੈ ਕਿ ਉਹ ਸੱਤਾ ਦਾ ਸੁੱਖ ਭੋਗਣ ਦੀ ਬਜਾਏ ਆਮ ਜਨਤਾ ਦੇ ਦੁੱਖ ਨੂੰ ਵੀ ਸਮਝਣ।
ਸ੍ਰੀ ਨੰਨੂ ਨੇ ਸ਼ਹਿਰ ਨਿਵਾਸੀਆਂ ,ਸਮਾਜ ਸੇਵੀ ਸੰਸਥਾਵਾਂ ਅਤੇ ਵਪਾਰਿਕ ਜਥੇਬੰਦੀਆਂ ਦੇ ਆਗੂਆਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਇਸ ਮੁੱਦੇ ਤੇ ਕੁੰਭ ਕਰਨੀ ਨੀਂਦ ਸੁੱਤੀ ਸਰਕਾਰ ਨੂੰ ਜਗਾਉਣ ਲਈ ਯਤਨ ਕਰਨੇ ਚਾਹੀਦੇ ਹਨ।