ਸਮਾਜ ਦੀ ਤਰੱਕੀ ਤੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ‘ਨਾਰੀ’ : ਐਸ.ਡੀ.ਐਮ.
ਰਾਜਾ ਰਾਮਮੋਹਨ ਰਾਏ ਦੇ 250ਵੇਂ ਜਨਮ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਆਯੋਜਿਤ
ਸਮਾਜ ਦੀ ਤਰੱਕੀ ਤੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ‘ਨਾਰੀ‘ : ਐਸ.ਡੀ.ਐਮ.
- ਰਾਜਾ ਰਾਮਮੋਹਨ ਰਾਏ ਦੇ 250ਵੇਂ ਜਨਮ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਆਯੋਜਿਤ
- ਨਾਰੀ ਸ਼ਕਤੀ ਨੂੰ ਸਮਰਪਿਤ ਜਾਗਰੂਕਤਾ ਰੈਲੀ ਵੀ ਕੱਢੀ
ਫ਼ਿਰੋਜ਼ਪੁਰ, 15 ਨਵੰਬਰ 2022: ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਆਜ਼ਾਦੀ ਕਾ ਅੰਮ੍ਰਿਤ ਮਹਾਂ ਉਤਸਵ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਵਿੱਚ ਦੇਸ਼ ਦੇ ਮਹਾਨ ਸਮਾਜ ਸੁਧਾਰਕ ਅਤੇ ਸਿੱਖਿਆ ਮਾਹਿਰ ਰਾਜਾ ਰਾਮ ਮੋਹਨ ਰਾਏ ਜੀ ਦੇ 250ਵੇਂ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਅਤੇ ਨਾਰੀ ਸ਼ਕਤੀ ਜਾਗਰੂਕਤਾ ਰੈਲੀ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੇ ਸੰਗਠਨ ਰਾਜਾ ਰਾਮ ਮੋਹਨ ਰਾਏ ਲਾਇਬਰੇਰੀ ਫਾਊਂਡੇਸ਼ਨ ਕੋਲਕਤਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਅਤੇ ਜ਼ਿਲ੍ਹਾ ਸਿੱਖਿਆ ਦਫਤਰ (ਸੈਕੰਡਰੀ ਸਿੱਖਿਆ) ਦੇ ਸਹਿਯੋਗ ਨਾਲ ਸਥਾਨਕ ਦੇਵ ਸਮਾਜ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਇਆ ਗਿਆ, ਜਿਸ ਵਿਚ ਸ. ਰਣਜੀਤ ਸਿੰਘ ਭੁੱਲਰ ਐਸ.ਡੀ.ਐਮ ਫਿਰੋਜ਼ਪੁਰ ਬਤੌਰ ਮੁੱਖ ਮਹਿਮਾਨ ਪਹੁੰਚੇ। ਸਮਾਗਮ ਦੀ ਪ੍ਰਧਾਨਗੀ ਸ.ਚਮਕੌਰ ਸਿੰਘ ਸਰਾਂ ਡੀ.ਈ.ਓ. ਸੈਕੰਡਰੀ ਨੇ ਕੀਤੀ ਅਤੇ ਸ. ਅਮਰੀਕ ਸਿੰਘ ਸਾਮਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸ੍ਰੀ ਕੋਮਲ ਅਰੋੜਾ ਡਿਪਟੀ ਡੀ.ਈ.ਓ. ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ। ਸਕੂਲ ਪ੍ਰਿੰਸੀਪਲ ਸ੍ਰੀਮਤੀ ਦੀਪ ਸ਼ਿਖਾ ਨੇ ਆਏ ਮਹਿਮਾਨਾਂ ਦਾ ਰਸਮੀ ਤੌਰ ‘ਤੇ ਸਵਾਗਤ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਐਸ.ਡੀ.ਐਮ. ਸ. ਰਣਜੀਤ ਸਿੰਘ ਭੁੱਲਰ ਨੇ ਸਮਾਜ ਵਿੱਚ ਔਰਤਾਂ ਦੀ ਮਹੱਤਤਾ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਉਨ੍ਹਾਂ ਦੇ ਅਧਿਕਾਰਾਂ ਅਤੇ ਸਮਾਜ ਦੀ ਤਰੱਕੀ ਤੇ ਵਿਕਾਸ ਵਿੱਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਸਬੰਧੀ ਵਿਸਥਾਰ ਸਹਿਤ ਦੱਸਿਆ। ਉਨ੍ਹਾਂ ਲੜਕੀਆਂ ਨੂੰ ਸਿੱਖਿਆ ਦੇਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਮਾਜ ਨੂੰ ਅੱਗੇ ਲਿਜਾਣ ਵਿਚ ਔਰਤਾਂ ਹੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਦਾਜ ਪ੍ਰਥਾ, ਕੰਨਿਆ ਭਰੂਣ ਹੱਤਿਆ ਅਤੇ ਹੋਰ ਸਮਾਜਿਕ ਬੁਰਾਈਆਂ ਖ਼ਿਲਾਫ਼ ਚੇਤਨ ਹੋਣ ਅਤੇ ਇਨ੍ਹਾਂ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਪ੍ਰੇਰਿਤ ਕੀਤਾ।
ਪ੍ਰੋਗਰਾਮ ਦੇ ਨੋਡਲ ਅਫਸਰ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਨੇ ਸਮਾਗਮ ਦੇ ਉਦੇਸ਼ ਸਬੰਧੀ ਚਾਣਨਾ ਪਾਉਂਦੇ ਰਾਜਾ ਰਾਮ ਮੋਹਨ ਰਾਏ ਜੀ ਦੇ ਜੀਵਨ ਤੇ ਸਮਾਜ ਨੂੰ ਦੇਣ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਮਹਾਨ ਦਾਰਸ਼ਨਿਕ, ਸਮਾਜ ਸੁਧਾਰਕ, ਆਧੁਨਿਕ ਭਾਰਤ ਦੇ ਨਿਰਮਾਤਾ ਤੇ ਵਿਦਵਾਨ ਸਨ। ਉਨ੍ਹਾਂ ਦਾ ਜਨਮ ਦਿਵਸ ‘ਨਾਰੀ ਸ਼ਕਤੀ ਜਾਗਰੂਕਤਾ’ ਵਜੋਂ ਪੂਰੇ ਦੇਸ਼ ਵਿਚ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜਾ ਰਾਮ ਮੋਹਨ ਰਾਏ ਨੇ ਦਾਜ ਪ੍ਰਥਾ, ਸਤੀ ਪ੍ਰਥਾ ਅਤੇ ਪਰਦਾ ਪ੍ਰਥਾ ਖਤਮ ਕਰਨ ਅਤੇ ਲੜਕੀਆਂ ਦੀ ਸਿੱਖਿਆ ਲਈ ਵਡਮੁੱਲੇ ਕਾਰਜ ਕੀਤੇ।
ਸਮਾਗਮ ਨੂੰ ਸ. ਚਮਕੌਰ ਸਿੰਘ ਡੀ.ਈ.ਓ., ਸ. ਅਮਰੀਕ ਸਿੰਘ ਸਾਮਾ ਡੀ.ਪੀ.ਆਰ.ਓ. ਅਤੇ ਸ੍ਰੀ ਕੋਮਲ ਅਰੋੜਾ ਨੇ ਵੀ ਸੰਬੋਧਨ ਕਰਦਿਆਂ ਜਿੱਥੇ ਰਾਜਾ ਰਾਮ ਮੋਹਨ ਰਾਏ ਦੇ ਜੀਵਨ ਤੇ ਚਾਨਣਾ ਪਾਇਆ ਉੱਥੇ ਨਾਰੀ ਸ਼ਕਤੀ ਸਬੰਧੀ ਵਿਚਾਰ ਵੀ ਰੱਖੇ।
ਨਾਰੀ ਸ਼ਕਤੀ ਜਾਗਰੂਕਤਾ ਰੈਲੀ ਵਿੱਚ ਦੇਵ ਸਮਾਜ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸਿੱਖ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਤੇ ਦੇਵ ਸਮਾਜ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀਆਂ 300 ਤੋਂ ਵੱਧ ਵਿਦਿਆਰਥਣਾਂ ਅਤੇ 50 ਅਧਿਆਪਕਾਂ ਨੇ ਭਾਗ ਲਿਆ। ਦੇਸ਼ ਦੀ ਸਫਲ ਅਤੇ ਮਹਾਨ ਔਰਤਾਂ ਦੀ ਪੁਸ਼ਾਕ ਵਿੱਚ ਵਿਦਿਆਰਥਨਾਂ ਪ੍ਰਭਾਵਸ਼ਾਲੀ ਲੱਗ ਰਹੀਆਂ ਸਨ। ਇਹ ਰੈਲੀ ਫਿਰੋਜ਼ਪੁਰ ਦੇ ਵੱਖ-ਵੱਖ ਬਾਜ਼ਾਰਾਂ ਚੋਂ ਹੁੰਦੀ ਹੋਈ ਸਕੂਲ ਵਿੱਚ ਹੀ ਸਮਾਪਤ ਹੋਈ ਜਿਥੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ।
ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਿਚ ਸਕੂਲ ਪ੍ਰਿੰਸੀਪਲ ਦੀਪ ਸ਼ਿਖਾ, ਸੁਨੀਤਾ ਰੰਗਬੁੱਲ੍ਹਾ ਪ੍ਰਿੰਸੀਪਲ, ਪ੍ਰਿਤਪਾਲ ਕੌਰ ਸਕੂਲ ਮੈਨੇਜਰ, ਸਹਾਇਕ ਕੋਆਰਡੀਨੇਟਰ ਰਵੀਇੰਦਰ ਸਿੰਘ ਸਟੇਟ ਅਵਾਰਡੀ, ਅਮਿਤ ਨਾਰੰਗ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਕਾਰ ਸਿੰਘ ਗਿੱਲ ਚਰਨਜੀਤ ਸਿੰਘ ਚਾਹਲ ਰਤਨਦੀਪ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ। ਸਮਾਗਮ ਵਿੱਚ ਸਕੂਲ ਅਧਿਆਪਕ ਪ੍ਰੀਤੀ ਸ਼ੈਲੀ, ਰੁਪਿੰਦਰ ਕੌਰ, ਸੀਮਾ ਅਰੋੜਾ, ਸੁਨੀਤਾ ਰਾਣੀ, ਅਨੂ ਸ਼ਰਮਾ, ਸੁਨੀਤਾ ਦੇਵੀ ਅਤੇ ਹੋਰ ਅਧਿਆਪਕ ਹਾਜ਼ਰ ਸਨ।