ਰਾਸ਼ਟਰੀ ਵੋਟਰ ਦਿਵਸ ਤੇ ਵਿਸ਼ੇਸ਼ – 25 ਜਨਵਰੀ – ਡਾ ਸਤਿੰਦਰ ਸਿੰਘ ਸਟੇਟ ਅਤੇ ਨੈਸ਼ਨਲ ਅਵਾਰਡੀ
ਰਾਸ਼ਟਰੀ ਵੋਟਰ ਦਿਵਸ ਤੇ ਵਿਸ਼ੇਸ਼ – 25 ਜਨਵਰੀ
ਡਾ ਸਤਿੰਦਰ ਸਿੰਘ ਸਟੇਟ ਅਤੇ ਨੈਸ਼ਨਲ ਅਵਾਰਡੀ
ਲੋਕਤੰਤਰ ਦੀ ਮਜ਼ਬੂਤੀ ਲਈ ਹਰ ਇੱਕ ਵੋਟ ਮਹੱਤਵਪੂਰਨ । ਲੋਕਤੰਤਰਿਕ ਦੇਸ਼ ਭਾਰਤ ਵਿੱਚ ਚੋਣ ਪ੍ਰਕਿਰਿਆ ਨੂੰ ਸਫ਼ਲ ਬਨਾਉਣ ਅਤੇ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਦੇ ਉਦੇਸ਼ ਨਾਲ ਹਰ ਸਾਲ ਪੂਰੇ ਦੇਸ਼ ਵਿਚ 25 ਜਨਵਰੀ ਦਾ ਦਿਨ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾਦਾ ਹੈ।ਭਾਰਤ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਅਤੇ ਸਫ਼ਲ ਲੋਕਤੰਤਰਿਕ ਦੇਸ਼ ਕਿਹਾ ਜਾਂਦਾ ਹੈ ।ਲੋਕਤੰਤਰਿਕ ਦੇਸ਼ ਵਿੱਚ ਚੋਣ ਪ੍ਰਕਿਰਿਆ ਅਤੇ ਵੋਟ ਨੂੰ ਸਭ ਤੋਂ ਵੱਧ ਮਹੱਤਵਪੂਰਨ ਮੰਨਿਆ ਜਾਂਦਾ ਹੈ । ਭਾਰਤ ਵਿੱਚ 18 ਸਾਲ ਵੱਧ ਉਮਰ ਦੇ ਹਰ ਨਾਗਰਿਕ ਨੂੰ ਬਿਨਾਂ ਕਿਸੇ ਭੇਦ ਭਾਵ ਜਾਤ ਪਾਤ, ਰੰਗ ਭੇਦ ਜਾਂ ਪੱਖਪਾਤ ਦੇ ਵੋਟ ਦਾ ਅਧਿਕਾਰ ਹੈ ।ਲੋਕਤੰਤਰ ਦੀ ਸਫਲਤਾ ਲਈ ਹਰ ਇੱਕ ਵੋਟ ਨੂੰ ਮਹੱਤਵਪੂਰਨ ਜਾਦਾ ਹੈ। ਅਨੇਕਾਂ ਵਾਰ ਇੱਕ ਵੋਟ ਦਾ ਫ਼ਰਕ ਵੀ ਜਿੱਤ ਹਾਰ ਦਾ ਫ਼ੈਸਲਾ ਕਰਨ ਵਿੱਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਭਾਰਤ ਵਿੱਚ ਚੋਣ ਪ੍ਰਕਿਰਿਆ ਨੂੰ ਨਿਰਪੱਖ ਅਤੇ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ 25 ਜਨਵਰੀ 1950 ਨੂੰ ਭਾਰਤੀ ਚੋਣ ਕਮਿਸ਼ਨ ਦੀ ਇੱਕ ਖੁਦਮੁਖਤਿਆਰ ਸੰਸਥਾ ਵਜੋਂ ਸਥਾਪਨਾ ਕੀਤੀ ਗਈ ਅਤੇ ਭਾਰਤੀ ਸੰਵਿਧਾਨ ਦੀ ਧਾਰਾ 324 ਵਿੱਚ ਇਸ ਦੇ ਅਧਿਕਾਰ ਅਤੇ ਕੰਮ ਨਿਸ਼ਚਿਤ ਕੀਤੇ ਗਏ । ਚੋਣ ਕਮਿਸ਼ਨ ਵੱਲੋਂ ਲੋਕ ਸਭਾ ,ਰਾਜ ਸਭਾ, ਵਿਧਾਨ ਸਭਾਵਾਂ, ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀਆਂ ਚੋਣਾਂ ਨੂੰ ਕਰਵਾਉਣ ਦੀ ਜ਼ਿੰਮੇਵਾਰੀ ਸਫ਼ਲਤਾਪੂਰਵਕ ਨਿਭਾਅ ਰਿਹਾ ਹੈ। ਸਾਲ 2011 ਵਿੱਚ ਚੋਣ ਕਮਿਸ਼ਨ ਵੱਲੋਂ ਭਾਰਤੀ ਵੋਟਰਾਂ ਵਿੱਚ ਚੋਣਾਂ ਵਿੱਚ ਭਾਗ ਲੈਣ ਦੇ ਘਟਦੇ ਰੁਝਾਨ ਤੇ ਚਿੰਤਾ ਪ੍ਰਗਟ ਕੀਤੀ ਗਈ । ਖ਼ਾਸ ਤੌਰ ਤੇ ਨੌਜਵਾਨ ਵਰਗ ਵਿੱਚ ਆਲਸ, ਗ਼ੈਰ ਜ਼ਿੰਮੇਵਾਰੀ ਅਤੇ ਮੇਰੇ ਇੱਕ ਵੋਟ ਨਾਲ ਕੀ ਫ਼ਰਕ ਪੈ ਜਾਵੇਗਾ ਦੀ ਵੱਧਦੀ ਸੋਚ ਦੇ ਕਾਰਨ ਵੋਟ ਪੋਲ ਪ੍ਰਤੀਸ਼ਤ ਘਟਣ ਲੱਗੀ। ਇਸ ਨੂੰ ਦੇਖਦੇ ਹੋਏ 26 ਜਨਵਰੀ 2011 ਨੂੰ ਇਹ ਐਲਾਨ ਕੀਤਾ ਗਿਆ ਕਿ 25 ਜਨਵਰੀ ਭਾਰਤੀ ਚੋਣ ਕਮਿਸ਼ਨ ਦੇ ਸਥਾਪਨਾ ਦਿਵਸ ਨੂੰ ਹਰ ਸਾਲ ਰਾਸ਼ਟਰੀ ਵੋਟਰ ਦਿਵਸ ਵਜੋਂ ਮਨਾਇਆ ਜਾਵੇਗਾ ।ਇਸ ਦਿਨ ਸਕੂਲਾਂ ਅਤੇ ਕਾਲਜਾਂ ਵਿੱਚ ਵੋਟਰ ਜਾਗਰੂਕਤਾ ਮੁਹਿੰਮ ਦੇ ਤਹਿਤ ਵੱਖ ਵੱਖ ਮੁਕਾਬਲੇ ਆਯੋਜਿਤ ਕਰਵਾਏ ਜਾਂਦੇ ਹਨ। ਜਾਗਰੂਕਤਾ ਰੈਲੀਆਂ ਅਤੇ ਸੈਮੀਨਾਰ ਦਾ ਆਯੋਜਨ ਕਰਕੇ ਸਮਾਜ ਦੀ ਚੋਣ ਪ੍ਰਕਿਰਿਆ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਦੇ ਯਤਨ ਕੀਤੇ ਜਾਂਦੇ ਹਨ। ਇਸ ਦਿਨ ਦੇਸ਼ ਦੇ 8.50 ਲੱਖ ਤੋਂ ਵੱਧ ਪੋਲਿੰਗ ਬੂਥਾਂ ਤੇ ਬੂਥ ਲੈਵਲ ਅਧਿਕਾਰੀਆਂ ਵੱਲੋਂ ਛੋਟੇ ਵੱਡੇ ਸਮਾਗਮ ਕਰਵਾਏ ਜਾਂਦੇ ਹਨ ਅਤੇ ਨਵੇਂ ਵੋਟਰਾਂ ਨੂੰ ਫੋਟੋ ਸ਼ਨਾਖਤੀ ਕਾਰਡ ਵੰਡੇ ਜਾਂਦੇ ਹਨ। ਸਨਮਾਨ ਵਜੋਂ ਚੋਣ ਕਮਿਸ਼ਨ ਵੱਲੋਂ ਦਿੱਤੇ ਜਾਂਦੇ ਵਿਸ਼ੇਸ਼ ਬੈਜ ਸਟਿੱਕਰ ਜਾਂ ਪ੍ਰਸੰਸਾ ਪੱਤਰ ਵੀ ਦਿੱਤੇ ਜਾਂਦੇ ਹਨ। ਰਾਸ਼ਟਰ ਪੱਧਰ ਤੇ ਚੋਣਾਂ ਦੌਰਾਨ ਚੰਗਾ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰਾਸ਼ਟਰੀ ਪੁਰਸਕਾਰ ਦੇ ਕੇ ਨਿਵਾਜਿਆ ਜਾਂਦਾ ਹੈ। ਦੇਸ਼ ਦੇ ਹਰ ਪ੍ਰਾਂਤ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਵਿੱਚ ਰਾਜ ਦੇ ਚੋਣ ਅਧਿਕਾਰੀਆਂ ਵੱਲੋਂ ਰਾਜ ਪੱਧਰ ਤੇ ਵਿਸ਼ੇਸ਼ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਚੋਣ ਅਫਸਰਾਂ ਵੱਲੋਂ ਵੀ ਜ਼ਿਲ੍ਹਾ ਪੱਧਰ ਤੇ ਸਮਾਗਮ ਕਰਵਾ ਕੇ ਸਮਾਜ ਨੂੰ ਇਸ ਪ੍ਰਤੀ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਭਾਰਤੀ ਸੰਵਿਧਾਨ ਨੇ 18ਸਾਲ ਤੋਂ ਵੱਧ ਉਮਰ ਦੇ ਹਰ ਨਾਗਰਿਕ ਨੂੰ ਵੋਟ ਬਣਾਉਣ ਅਤੇ ਪਾਉਣ ਦਾ ਬਰਾਬਰ ਅਧਿਕਾਰ ਦਿੱਤਾ ਹੈ । ਨਾਲ ਹੀ ਹਰ ਨਾਗਰਿਕ ਦਾ ਦੇਸ਼ ਪ੍ਰਤੀ ਮੁੱਢਲਾ ਫਰਜ਼ ਬਣਦਾ ਹੈ ਕਿ ਉਹ ਆਪਣੀ ਵੋਟ ਦਾ ਸਹੀ ਇਸਤੇਮਾਲ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਮਾਹੌਲ ਵਿੱਚ ਨਿਡਰ ਹੋ ਕੇ ਬਿਨਾਂ ਕਿਸੇ ਲਾਲਚ ਦੇ ਧਰਮ ਜਾਤ ਵਰਗ ਦੇ ਪ੍ਰਭਾਵ ਰਹਿਤ ਕਰਨਗੇ ।ਨੌਜਵਾਨ ਵਰਗ ਦੀ ਭਾਗੀਦਾਰੀ ਨੂੰ ਵਧਾਉਣ ਦੇ ਉਦੇਸ਼ ਨਾਲ ਹੀ 1988 ਵਿੱਚ ਭਾਰਤੀ ਸੰਵਿਧਾਨ ਦੀ ਧਾਰਾ 326 ਵਿੱਚ ਸੋਧ ਕਰਕੇ ਵੋਟਰ ਲਈ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਕੀਤੀ ਗਈ ਸੀ । ਇਸ ਦਿਨ ਨੌਜਵਾਨ ਵਰਗ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ । ਭਾਰਤੀ ਚੋਣ ਕਮਿਸ਼ਨ ਵਲੋਂ ਰਾਸ਼ਟਰੀ ਵੋਟਰ ਦਿਵਸ 2021 ਦੇ ਥੀਮ ਦੇ ਲੋਗੋ ਰਾਹੀਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਅਸੀਂ ਹਾ….ਤਾਕਤਵਰ , ਸੁਚੇਤ, ਸੁਰਖਿਅਤ ਅਤੇ ਜਾਗਰੂਕ । ਚੋਣ ਕਮਿਸ਼ਨ ਦੀ ਸਥਾਪਨਾ ਤੋਂ ਲੈ ਕੇ ਹੁਣ ਤਕ ਵੱਡੀਆਂ ਤਬਦੀਲੀਆਂ ਕਰਕੇ ਚੋਣ ਪ੍ਰਕਿਰਿਆ ਨੂੰ ਨਿਰਪੱਖ ,ਆਸਾਨ ਅਤੇ ਸ਼ੰਕਾਵਾਂ ਰਹਿਤ ਬਣਾਉਣ ਦੇ ਯਤਨ ਕੀਤੇ ਗਏ ਹਨ ।ਪੂਰੀ ਚੋਣ ਪ੍ਰਕਿਰਿਆ ਨੂੰ ਆਧੁਨਿਕ ਲੀਹਾਂ ਤੇ ਚਲਾਉਣ ਦੀ ਕੋਸ਼ਿਸ਼ ਹੋ ਰਹੀ ਹੈ।ਬੈਲਟ ਬਕਸਿਆਂ ਅਤੇ ਬੈਲਟ ਪੇਪਰ ਦੀ ਥਾਂ ਤੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (ਈਵੀਐਮ )ਅਤੇ ਵੋਟਰ ਵੈਰੀਫਾਇੰਗ ਪੇਪਰ ਆਡਿਟ ਟ੍ਰੇਲ (ਵੀਵੀਪੈਟ )ਦੀ ਵਰਤੋਂ ਦਾ ਚਲਨ ਸ਼ੁਰੂ ਕਰ ਦਿੱਤਾ ਹੈ।ਵੋਟਰਾਂ ਅਤੇ ਉਮੀਦਵਾਰਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਅਤੇ ਠੋਸ ਨਿਪਟਾਰਾ ਕਰਨ ਲਈ ਸੀ- ਵਿਜ਼ਲ ਐਪ ਸ਼ੁਰੂ ਕੀਤੇ ਗਏ ਹਨ ।ਜੋ ਕਿ ਬੇਹੱਦ ਪ੍ਰਭਾਵਸ਼ਾਲੀ ਸਾਬਿਤ ਹੋ ਰਹੇ ਹਨ। ਫੋਟੋ ਸ਼ਨਾਖ਼ਤੀ ਕਾਰਡ ਲਈ ਈ- ਐਪਿਕ ਅਤੇ ਵੋਟਰ ਹੈਲਪਲਾਈਨ ਤੋਂ ਇਲਾਵਾ ਆਨਲਾਈਨ ਵੋਟ ਬਣਾਉਣ ਦੀ ਪ੍ਰਕਿਰਿਆ ਵੀ ਸਫ਼ਲਤਾਪੂਰਵਕ ਚੱਲ ਰਹੀ ਹੈ। ਵੋਟਰਾਂ ਨੂੰ ਅਧਿਕਾਰ ਅਤੇ ਜਾਗਰੂਕਤਾ ਸਬੰਧੀ ਇਕ ਵਿਸ਼ੇਸ਼ ਪ੍ਰੋਗਰਾਮ ਸਵੀਪ ਮੁਹਿੰਮ ਤਹਿਤ ਚਲਾਇਆ ਜਾ ਰਿਹਾ ਹੈ । ਜਿਸ ਦਾ ਅਰਥ ਸਿਸਟੇਮੈਟਿਕ ਵੋਟਰਜ਼ ਸਿੱਖਿਆ ਅਤੇ ਚੋਣ ਸ਼ਮੂਲੀਅਤ ਹੈ। ਇਸ ਮੁਹਿੰਮ ਤਹਿਤ ਰਾਸ਼ਟਰ ਪੱਧਰ ਤੋਂ ਲੈ ਕੇ ਹਰ ਵਿਧਾਨ ਸਭਾ ਹਲਕੇ ਤੱਕ ਪੂਰਾ ਸਾਲ ਵੱਖ ਵੱਖ ਮੌਕਿਆਂ ਤੇ ਵੋਟਰ ਜਾਗਰੂਕਤਾ ਪ੍ਰੋਗਰਾਮ ਉਲੀਕੇ ਜਾਂਦੇ ਹਨ। ਸਾਲ 2020 ਦੌਰਾਨ ਪੰਜਾਬ ਰਾਜ ਵਿੱਚ ਇਸ ਮੁਹਿੰਮ ਤਹਿਤ ਰਾਜ ਚੋਣ ਅਧਿਕਾਰੀ ਦੀ ਅਗਵਾਈ ਵਿਚ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਦੇ ਮੁਕਾਬਲੇ , ਆਂਗਨਵਾੜੀ ਸਟਾਫ,ਚੋਣ ਸਟਾਫ ਦੇ ਵੱਖ ਵੱਖ ਮੁਕਾਬਲੇ ਅਤੇ ਪ੍ਰੋਗਰਾਮ ਕਰਵਾ ਕੇ ਜਾਗਰੂਕਤਾ ਫੈਲਾਉਣ ਦੀ ਪਹਿਲੀ ਵਾਰ ਸਫ਼ਲਤਾਪੂਰਵਕ ਨਿਵੇਕਲੀ ਕੋਸ਼ਿਸ਼ ਕੀਤੀ ਹੈ। ਸਵੀਪ ਮੁਹਿੰਮ ਅਧੀਨ ਜਿੱਥੇ ਸਕੂਲਾਂ ਅਤੇ ਕਾਲਜਾਂ ਵਿਚ ਪਹੁੰਚ ਕਰਕੇ ਵੋਟਰ ਲਿਟਰੇਸੀ ਕਲੱਬ ਬਣਾਏ ਗਏ ਹਨ ਕੈਂਪਸ ਅੰਬੈਸਡਰ ਅਤੇ ਸਵੀਪ ਨੋਡਲ ਅਫਸਰ ਨਿਯੁਕਤ ਕਰਕੇ ਨਵੇਂ ਯੋਗ ਵੋਟਰ ਰਜਿਸਟਰਡ ਕੀਤੇ ਜਾਂਦੇ ਹਨ,ਉੱਥੇ ਚੋਣ ਪ੍ਰਣਾਲੀ ਦੀ ਜਾਣਕਾਰੀ ਅਤੇ ਹਰ ਇੱਕ ਵੋਟ ਦੀ ਮਹੱਤਤਾ ਤੋਂ ਜਾਣੂ ਕਰਵਾ ਕੇ ਨੌਜਵਾਨ ਵਰਗ ਨੂੰ ਦੇਸ਼ ਦੇ ਲੋਕਤੰਤਰ ਪ੍ਰਣਾਲੀ ਦੀ ਸਫਲਤਾ ਵਿਚ ਸਹਿਯੋਗ ਕਰਨ ਲਈ ਤਿਆਰ ਰਹਿਣ ਦੇ ਯਤਨ ਕੀਤੇ ਜਾਂਦੇ ਹਨ । ਇਸ ਤੋਂ ਇਲਾਵਾ ਸਮਾਜ ਦਾ ਉਹ ਵਰਗ ਜਿਨ੍ਹਾਂ ਦੀ ਚੋਣਾਂ ਦੌਰਾਨ ਭਾਗੀਦਾਰੀ ਘੱਟ ਰਹਿੰਦੀ ਹੈ ਉਨ੍ਹਾਂ ਤੱਕ ਪਹੁੰਚ ਕਰਕੇ ਇਸ ਮੁਹਿੰਮ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਵਿਸ਼ੇਸ਼ ਜ਼ਰੂਰਤਾਂ ਵਾਲੇ ਵੋਟਰ (ਵਿਕਲਾਂਗ) , ਐਨ. ਆਰ. ਆਈ. ਵੋਟਰ,ਪ੍ਰਵਾਸੀ ਮਜ਼ਦੂਰ ,ਸਰਵਿਸ ਵੋਟਰ ਅਤੇ ਤੀਸਰੇ ਲਿੰਗ ਨਾਲ ਸਬੰਧਤ ਵੋਟਰ ਤੱਕ ਪਹੁੰਚ ਕਰਕੇ ਪਹਿਲਾਂ ਵੋਟ ਬਣਾਈ ਜਾਂਦੀ ਹੈ ਅਤੇ ਫਿਰ ਵੋਟ ਪੋਲ ਕਰਨ ਵਿੱਚ ਹਰ ਸੰਭਵ ਮੱਦਦ ਕੀਤੀ ਜਾਂਦੀ ਹੈ । ਚੋਣਾਂ ਵਾਲੇ ਦਿਨ ਮਾਡਲ ਪੋਲਿੰਗ ਬੂਥ ਬਣਾ ਕੇ ਇਕ ਉਤਸਵ ਵਾਲਾ ਮਾਹੌਲ ਪੈਦਾ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਪਹਿਲੀ ਵਾਰ ਵੋਟ ਪੋਲ ਕਰਨ ਵਾਲੇ ਨੋਜਵਾਨ ਵੋਟਰਾ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਵੀ ਕੀਤਾ ਜਾਦਾ ਹੈ। ਇਸ ਮੁਹਿੰਮ ਤਹਿਤ ਸਮਾਜ ਦੇ ਵਿੱਚ ਨਾਮਵਰ ਸ਼ਖਸੀਅਤਾਂ ਜਿਨ੍ਹਾਂ ਨੇ ਖੇਡਾਂ, ਅਦਾਕਾਰੀ, ਸਿੱਖਿਆ, ਸਮਾਜ ਸੇਵਾ ਜਾਂ ਕਿਸੇ ਹੋਰ ਖੇਤਰ ਵਿਚ ਵਿਲੱਖਣ ਪ੍ਰਾਪਤੀਆਂ ਕਰਕੇ ਨਾਮਣਾ ਖੱਟਿਆ ਹੈ ਅਤੇ ਸਮਾਜ ਵਿਚ ਅਲੱਗ ਪਛਾਣ ਬਣਾਈ ਹੈ ।ਉਨ੍ਹਾਂ ਨੂੰ ਸਵੀਪ ਆਈਕੋਨ ਨਿਯੁਕਤ ਕੀਤਾ ਜਾਂਦਾ ਹੈ ।ਸਵੀਪ ਆਈਕੋਨ ਰਾਸ਼ਟਰ ਪੱਧਰ ਤੋਂ ਲੈ ਕੇ ਰਾਜ ਪੱਧਰ ਅਤੇ ਜ਼ਿਲ੍ਹਾ ਪੱਧਰ ਤੇ ਬਣਾਏ ਜਾਂਦੇ ਹਨ ,ਜੋ ਵੋਟਰ ਜਾਗਰੂਕਤਾ ਲਈ ਅਪੀਲ ਕਰਦੇ ਹਨ ਅਤੇ ਚੋਣ ਕਮਿਸ਼ਨ ਵੱਲੋਂ ਕਰਵਾਏ ਜਾਂਦੇ ਪ੍ਰੋਗਰਾਮਾਂ ਵਿੱਚ ਵੀ ਭਾਗ ਲੈਂਦੇ ਹਨ । ਚੋਣ ਕਮਿਸ਼ਨ ਵੱਲੋਂ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਨੂੰ ਸਫ਼ਲ ਬਣਾਉਣ ਲਈ ਚਲਾਏ ਜਾਂਦੇ ਜਾਗਰੂਕਤਾ ਪ੍ਰੋਗਰਾਮ ਤਾਂ ਹੀ ਸਫਲ ਹੋਣਗੇ ,ਜਦੋਂ ਦੇਸ਼ ਦਾ 18 ਸਾਲ ਤੋਂ ਵੱਧ ਉਮਰ ਦਾ ਹਰ ਨਾਗਰਿਕ ਵੋਟ ਬਣਾਉਣਾ ਅਤੇ ਪਾਉਣਾ ਯਕੀਨੀ ਬਣਾਵੇਗਾ। ਜੋ ਲੋਕ ਇਹ ਸੋਚਦੇ ਹਨ ਕਿ ਮੇਰੀ ਇਕੱਲੀ ਵੋਟ ਨਾਲ ਕੀ ਫਰਕ ਪੈਦਾ ਹੈ ,ਅਜਿਹੀ ਸੋਚ ਨੂੰ ਬਦਲੀਏ ,ਇਤਿਹਾਸ ਗਵਾਹ ਹੈ ਕਿ ਇਕੱਲੀ ਵੋਟ ਵੀ ਬੇਹੱਦ ਕੀਮਤੀ ਸਾਬਤ ਹੁੰਦੀ ਹੈ ।ਇਸ ਲਈ ਆਓ ਇਸ ਦਿਨ ਤੇ ਵੋਟ ਦਾ ਬਿਨਾਂ ਕਿਸੇ ਲਾਲਚ ,ਡਰ ਅਤੇ ਪੱਖਪਾਤ ਤੋਂ ਉਪਰ ਉੱਠ ਕੇ ਵੋਟ ਦਾ ਸਹੀ ਇਸਤੇਮਾਲ ਕਰਨ ਦਾ ਪ੍ਰਣ ਕਰੀਏ ਅਤੇ ਯੋਗ ਉਮੀਦਵਾਰ ਚੁਣ ਕੇ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣ ਵੱਲ ਯੋਗਦਾਨ ਪਾਈਏ।
ਡਾ ਸਤਿੰਦਰ ਸਿੰਘ ਸਟੇਟ ਅਤੇ ਨੈਸ਼ਨਲ ਅਵਾਰਡੀ ਪ੍ਰਿੰਸੀਪਲ ਅਤੇ ਜਿਲ੍ਹਾ ਸਵੀਪ ਨੋਡਲ ਅਫਸਰ। ਧਵਨ ਕਲੋਨੀ ਫਿਰੋਜ਼ਪੁਰ ਸ਼ਹਿਰ। 9815427554