Ferozepur News

12 ਸਤੰਬਰ ਸਾਰਾਗੜ੍ਹੀ ਦਿਵਸ ਨੂੰ ਰਾਜ ਪੱਧਰੀ ਸਮਾਗਮ ਵਜੋਂ ਮਨਾਇਆ ਜਾਵੇਗਾ: ਰਾਮਵੀਰ

ਫ਼ਿਰੋਜ਼ਪੁਰ 04 ਸਤੰਬਰ 2017 (              ) ਪੰਜਾਬ ਸਰਕਾਰ ਵੱਲੋਂ ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ਨੂੰ ਸਮਰਪਿਤ 12 ਸਤੰਬਰ ਨੂੰ ਸਾਰਾਗੜ੍ਹੀ ਸ਼ਹੀਦੀ ਦਿਵਸ ਨੂੰ ਰਾਜ ਪੱਧਰੀ ਸਮਾਗਮ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ ਤੇ ਇਸ ਦਿਨ ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਉੱਪ ਚੇਅਰਮੈਨ ਤੇ ਕਾਰਜਕਾਰੀ ਪ੍ਰਧਾਨ ਸਾਰਾਗੜ੍ਹੀ ਮੈਮੋਰੀਅਲ ਮੈਨੇਜਮੈਂਟ ਟਰੱਸਟ ਨੇ ਸਾਰਾਗੜ੍ਹੀ ਦਿਵਸ ਮਨਾਉਣ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।

         ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 12 ਸਤੰਬਰ ਨੂੰ ਇਤਿਹਾਸਕ ਗੁਰਦੁਆਰਾ ਸਾਰਾਗੜ੍ਹੀ ਫ਼ਿਰੋਜ਼ਪੁਰ ਛਾਉਣੀ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਵਿੱਚ ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਪੰਜਾਬ ਸਰਕਾਰ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਨਗੇ।  ਉਨ੍ਹਾਂ ਦੱਸਿਆ ਕਿ ਇਸ ਸਮਾਗਮ ਲਈ 10 ਸਤੰਬਰ 2017 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਆਰੰਭ ਹੋਣਗੇ ਅਤੇ 12 ਸਤੰਬਰ ਨੂੰ ਸ੍ਰੀ ਅਖੰਡ ਸਾਹਿਬ ਦੇ ਭੋਗ ਪਾਏ ਜਾਣਗੇ। ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਵਿੱਚੋਂ ਆਉਣ ਵਾਲੀਆਂ ਸੰਗਤਾਂ ਲਈ ਗੁਰੂ ਦੇ ਅਟੁੱਟ ਲੰਗਰ ਦਾ ਪ੍ਰਬੰਧ ਹੋਵੇਗਾ ਅਤੇ ਭਾਰਤੀ ਫ਼ੌਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਆਪਸੀ ਮਿਲਵਰਤਨ ਨਾਲ ਨੇਪਰੇ ਚਾੜ੍ਹੇ ਜਾਣਗੇ।                 

         ਉਨ੍ਹਾਂ ਕਿਹਾ ਕਿ ਸਾਰਾਗੜ੍ਹੀ ਦਾ ਸਾਕਾ ਬਲੀਦਾਨ ਦੀ ਅਜਿਹੀ ਅਦੁੱਤੀ ਕਹਾਣੀ ਹੈ ਜਿਸ ਦੀ ਮਿਸਾਲ ਪੂਰੀ ਦੁਨੀਆ ਵਿੱਚ ਨਹੀਂ ਮਿਲਦੀ। ਇਹ ਸਾਕਾ ਸਿੱਖ ਰੈਜਮੈਂਟ  ਦੇ ਉਨ੍ਹਾਂ ਸੂਰਬੀਰ ਬਹਾਦਰ ਸੈਨਿਕਾਂ ਦੀ ਯਾਦ ਦਿਵਾਉਂਦਾ ਹੈ ਜਿਨ੍ਹਾ ਨੇ 12 ਸਤੰਬਰ 1897 ਨੂੰ ਸਾਰਾਗੜ੍ਹੀ ਕਿਲ੍ਹੇ ਦੀ ਰੱਖਿਆ ਕਰਕੇ 10 ਹਜ਼ਾਰ ਪਠਾਣਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਜਾਮ ਪੀਤਾ ਜੋ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹੈ।

         ਉਨ੍ਹਾਂ ਨੇ ਵੱਖ -ਵੱਖ ਵਿਭਾਗਾਂ ਵੱਲੋਂ ਕੀਤੇ ਜਾਣ ਵਾਲੇ ਪ੍ਰਬੰਧਾਂ, ਟੈਂਟਸ ਦੇ ਪ੍ਰਬੰਧਾਂ, 5 ਹਜ਼ਾਰ ਸ਼ਰਧਾਲੂਆਂ ਲਈ ਲੰਗਰ ਦੇ ਪ੍ਰਬੰਧਾਂ, ਸਾਰਾਗੜ੍ਹੀ ਦੇ ਸ਼ਹੀਦਾਂ/ਸਾਬਕਾ ਸੈਨਿਕਾਂ ਨੂੰ ਲਿਆਉਣ ਤੇ ਛੱਡਣ ਲਈ ਟਰਾਂਸਪੋਰਟ ਦੇ ਪ੍ਰਬੰਧਾਂ, ਸਨਮਾਨਿਤ ਕੀਤੀਆਂ ਜਾਣ ਵਾਲੀਆਂ ਸ਼ਖ਼ਸੀਅਤਾਂ ਲਈ ਪ੍ਰਬੰਧਾਂ, ਸਟਾਲਾਂ ਦੇ ਪ੍ਰਬੰਧਾਂ ਸਮੇਤ ਹੋਰ ਕਈ ਤਰ੍ਹਾਂ ਦੇ ਪ੍ਰਬੰਧਾਂ ਬਾਰੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਮਾਗਮ ਦੇ ਪ੍ਰਬੰਧ ਪੂਰੀ ਜ਼ਿੰਮੇਵਾਰੀ ਨਾਲ ਕਰਨ ਅਤੇ ਇਸ ਰਾਜ ਪੱਧਰੀ ਸਮਾਗਮ ਵਿੱਚ ਆਪਣੀ ਡਿਊਟੀ ਪੂਰੀ ਲਗਨ ਤੇ ਤਨਦੇਹੀ ਨਾਲ ਨਿਭਾਉਣ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇਸ ਮੌਕੇ ਜ਼ਿਲ੍ਹਾ ਦਿਹਾਤੀ ਵਿਕਾਸ ਏਜੰਸੀ, ਖੇਤੀਬਾੜੀ ਵਿਭਾਗ, ਬਾਗ਼ਬਾਨੀ, ਸਿਹਤ ਵਿਭਾਗ, ਰੋਜ਼ਗਾਰ ਜਨਰੇਸ਼ਨ ਐਂਡ ਟ੍ਰੇਨਿੰਗ, ਮੱਛੀ ਪਾਲਣ, ਮਾਰਕਫੈੱਡ, ਮਿਲਕਫੈੱਡ, ਉਦਯੋਗ ਵਿਭਾਗ, ਪਸ਼ੂ ਪਾਲਣ ਵਿਭਾਗ, ਲੀਡ ਬੈਂਕ, ਸਹਿਕਾਰੀ ਸਭਾਵਾਂ, ਸਰਵ ਸਿੱਖਿਆ ਵਿਭਾਗ, ਭਾਸ਼ਾ ਵਿਭਾਗ ਵੱਲੋਂ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ, ਆਰਮੀ ਕੰਟੀਨ ਖੋਲ੍ਹਣ ਦੇ ਨਾਲ-ਨਾਲ ਆਰਮੀ ਦੀ ਇਨਫੈਂਟਰੀ ਡਵੀਜ਼ਨ ਵੱਲੋਂ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ ।

         ਇਸ ਮੌਕੇ ਸ੍ਰੀ ਵਨੀਤ ਕੁਮਾਰ ਏ.ਡੀ.ਸੀ, ਸ੍ਰ. ਹਰਜੀਤ ਸਿੰਘ ਐਸ.ਡੀ.ਐਮ, ਸਹਾਇਕ ਕਮਿਸ਼ਨਰ (ਜਨ.) ਸ੍ਰ: ਰਣਜੀਤ ਸਿੰਘ, ਕਰਨਲ ਐਨ.ਐਸ. ਜਸਵਾਲ 11 ਸਿੱਖ ਰੈਜਮੈਂਟ, ਕਰਨਲ ਜੁਆਏ, ਕਰਨਲ ਅਭਿਸ਼ੇਕ ਮਿਸ਼ਰਾ, ਨਮਨ ਮਟਕਨ ਪੀ.ਸੀ.ਐਸ, ਕਰਨਲ (ਰਿਟਾ:) ਅਮਰਬੀਰ ਸਿੰਘ ਚਾਹਲ ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ, ਸ੍ਰ: ਗੁਰਮੀਤ ਸਿੰਘ ਢਿੱਲੋਂ ਸਕੱਤਰ ਜ਼ਿਲ੍ਹਾ ਪ੍ਰੀਸ਼ਦ, ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Related Articles

Back to top button