Ferozepur News

A short story by Avtar Singh Sandhu – Will of God

ਰੱਬ ਦਾ ਫ਼ੈਸਲਾ

ਕਾਲੀ ਘਟਾ ਦੇਖ ਕੇ ਕਿਸਾਨ ਦੀ ਪਤਨੀ ਨੇ ਰੱਬ ਅੱਗੇ ਤਰਲਾ ਕੀਤਾ, “ਰੱਬਾ, ਇਸ ਸਾਲ ਵੇਲੇ ਸਿਰ ਮੀਂਹ ਪੈ ਜਾਣ, ਚੰਗੀ ਫ਼ਸਲ ਹੋ ਜਾਵੇ। ਚਾਰ ਪੈਸੇ ਲਾ ਕੇ ਜਵਾਨ ਧੀ ਦੇ ਹੱਥ ਪੀਲੇ ਕਰ ਦੇਈਏ।” ਕਾਲੀ ਘਟਾ ਦੇਖ ਕੇ ਪਟਵਾਰੀ ਦੇ ਪਤਨੀ ਨੇ ਬੇਨਤੀ ਕੀਤੀ, “ਹੇ ਮਾਲਕਾ, ਜੇ ਇਸ ਵਾਰ ਹੜ੍ਹ ਆ ਜਾਣ ਤਾਂ ਸ਼ਿੰਦੇ ਨੂੰ ਸਕੂਟਰ ਖਰੀਦ ਦੇਈਏ। ਦੋ ਸਾਲ ਹੋ ਗਏ, ਬੱਸਾਂ ਵਿਚ ਧੱਕੇ ਖਾਂਦੇ ਨੂੰ। ਕਦੇ ਸਮੇਂ ਸਿਰ ਕਾਲਜ ਨਹੀਂ ਪੁਹੰਚਿਆ।”
ਭੂਰ ਪੈਂਦੀ ਦੇਖ ਤਹਿਸੀਲਦਾਰ ਦੀ ਪਤਨੀ ਬੋਲੀ, “ਹੇ ਇੰਦਰ ਦੇਵਤਾ, ਜ਼ਰਾ ਜ਼ੋਰ ਨਾਲ ਬਰਸੋ। ਜੇ ਇਸ ਵਾਰ ਹੜ੍ਹ ਆ ਜਾਣ ਤਾਂ ਅਸੀਂ ਵੀ ਚਾਰ ਦਿਨ ਕਾਰ ਵਿਚ ਝੂਟੇ ਲੈ ਲਈਏ।” ਮੀਂਹ ਪੈਂਦਾ ਦੇਖ ਕੇ ਐੱਸਡੀਐੱਮ ਸਾਹਿਬ ਦੀ ਪਤਨੀ ਉਪਰ ਆਸਮਾਨ ਵੱਲ ਮੂੰਹ ਕਰਕੇ ਬੋਲੀ, “ਹੇ ਪਰਮਾਤਮਾ, ਮੇਰੀ ਵੀ ਇਸ ਸਾਲ ਸੁਣ ਲੈ। ਚੰਦਰੀ ਤਨਖ਼ਾਹ ਵਿਚ ਕੀ ਬਣਦੈ? ਜੇ ਐਤਕੀਂ ਹੜ੍ਹ ਆ ਜਾਣ ਤਾਂ ਅਸੀਂ ਆਪਣੀ ਕੋਠੀ ਪਾ ਲਈਏ, ਸਾਰੀ ਉਮਰ ਸਰਕਾਰੀ ਕੋਠੀ…।” ਲਗਾਤਾਰ ਦੋ ਦਿਨ ਮੀਂਹ ਪੈਂਦਾ ਦੇਖ ਕੇ ਡੀਸੀ ਸਾਹਿਬ ਦੀ ਪਤਨੀ ਪੁਕਾਰ ਉੱਠੀ, “ਓ ਮਾਈ ਗੌਡ, ਇਸ ਸਾਲ ਫਲੱਡ ਜ਼ਰੂਰ ਆਉਣ, ਫਿਰ ਮੇਰਾ ਹੀਰੇ ਵਾਲਾ ਸੈੱਟ ਤੇ ਨਵੀਂ ਕਾਰ ਪੱਕੀ…।” ਲੋਕ ਰਾਜ ਦੇ ਇਸ ਜ਼ਮਾਨੇ ਵਿਚ ਰੱਬ ਨੇ ਵੋਟਾਂ ਗਿਣੀਆਂ ਤੇ ਫ਼ੈਸਲਾ ਕਰ ਦਿੱਤਾ। ਕਿਸਾਨ ਦੀ ਜਵਾਨ ਧੀ ਅਜੇ ਵੀ ਘਰ ਬੈਠੀ ਹੈ। ਉਸ ਦੇ ਹੱਥ ਮਹਿੰਦੀ ਲਈ ਤਰਸ ਰਹੇ ਹਨ। ਪਟਵਾਰੀ ਦਾ ਮੁੰਡਾ ਹੁਣ ਰੋਜ਼ ਸਕੂਟਰ ’ਤੇ ਕਾਲਜ ਜਾਂਦਾ ਹੈ। ਤਹਿਸੀਲਦਾਰ ਦਾ ਸਾਰਾ ਟੱਬਰ ਨਵੀਂ ਕਾਰ ਵਿਚ ਦੂਰ ਦੂਰ ਦੀਆਂ ਸੈਰਾਂ ਕਰਦਾ ਹੈ। ਐੱਸਡੀਐੱਮ ਸਾਹਿਬ ਦੀ ਨਵੀਂ ਕੋਠੀ ਪੈ ਗਈ। ਡੀਸੀ ਸਾਹਿਬ ਦੀ ਪਤਨੀ ਹੀਰਿਆਂ ਦਾ ਸੈੱਟ ਪਾ ਕੇ, ਨਵੀਂ ਕਾਰ ਵਿਚ ਬੈਠ ਕੇ ਨਿੱਤ ਕਿੱਟੀ ਪਾਰਟੀਆਂ ਵਿਚ ਜਾਂਦੀ ਹੈ।
✍ਅਵਤਾਰ ਸਿੰਘ ਸੰਧੂ
ਸੰਪਰਕ: 99151-82971

Related Articles

Back to top button