ਚਾਈਨੀਜ਼ ਡੋਰ ਦੀ ਜ਼ਿਲਾ ਫਿਰੋਜ਼ਪੁਰ ਵਿਚ ਖਰੀਦੋ ਫਰੋਖਤ ਸਖਤੀ ਨਾਲ ਬੰਦ ਕਰਵਾਉਣ ਦੀ ਮੰਗ
ਫਿਰੋਜ਼ਪੁਰ 15—-ਮਨੁੱਖ ਤੇ ਅਸਮਾਨ ਵਿਚ ਉੱਡਦੇ ਪੰਛੀਆਂ ਦੇ ਲਈ ਜਾਨਲੇਵਾ ਸਾਬਤ ਹੋ ਰਹੀ ਚਾਈਨੀਜ਼ ਡੋਰ ਦੀ ਜ਼ਿਲਾ ਫਿਰੋਜ਼ਪੁਰ ਵਿਚ ਖਰੀਦੋ ਫਰੋਖਤ ਸਖਤੀ ਨਾਲ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਸ਼ਿਵ ਸੈਨਾ ਸ਼ੇਰੇ-ਏ-ਪੰਜਾਬ ਵੱਲੋਂ ਪ੍ਰਧਾਨ ਰਿਸ਼ੀ ਮਹਿਤਾ ਤੇ ਸੀਨੀਅਰ ਉਪ ਪ੍ਰਧਾਨ ਪੁਨੀਤ ਮਹਿਤਾ ਦੀ ਅਗਵਾਈ ਹੇਠ ਰੈਲੀ ਕੱਢੀ ਗਈ ਤੇ ਡੀ. ਸੀ. ਨੂੰ ਮੰਗ ਪੱਤਰ ਦਿੱਤਾ ਗਿਆ। ਰਿਸ਼ੀ ਮਹਿਤਾ ਤੇ ਪੁਨੀਤ ਮਹਿਤਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਚਾਈਨੀਜ਼ ਡੋਰ ਦੇ ਨਾਲ ਕਈ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਤੇ ਕਈ ਲੋਕ ਮਰਦੇ-ਮਰਦੇ ਬਚੇ ਹਨ। ਉਨ੍ਹਾਂ ਕਿਹਾ ਕਿ ਜ਼ਿਲਾ ਮੈਜਿਸਟਰੇਟ ਵੱਲੋਂ ਲਾਈ ਪਾਬੰਦੀ ਦੇ ਬਾਵਜੂਦ ਕਈ ਲੋਕ ਬਾਹਰ ਤੋਂ ਆ ਕੇ ਚਾਈਨੀਜ਼ ਡੋਰ ਵੇਚ ਰਹੇ ਹਨ। ਸ਼ਿਵ ਸੈਨਾ ਸ਼ੇਰ-ਏ-ਪੰਜਾਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਚਾਈਨੀਜ਼ ਡੋਰ ਵੇਚਣ ਵਾਲੇ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਚਾਈਨੀਜ਼ ਡੋਰ ਨਾ ਵੇਚਣ, ਕਿਉਂਕਿ ਚਾਈਨੀਜ਼ ਡੋਰ ਸਮੁੱਚੇ ਸਮਾਜ ਦੇ ਲਈ ਜਾਨਲੇਵਾ ਤੇ ਘਾਤਕ ਹੈ। ਉਨ੍ਹਾਂ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਅਜਿਹੇ ਕੁਝ ਲਾਲਚੀ ਦੁਕਾਨਦਾਰਾਂ ਨੇ ਚਾਈਨੀਜ਼ ਡੋਰ ਵੇਚਣੀ ਬੰਦ ਨਹੀਂ ਕੀਤੀ ਜਾਂ ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸਨ ਨੇ ਇਸਨੂੰ ਰੋਕਣ ਦੇ ਲਈ ਸਖਤ ਕਦਮ ਨਹੀਂ ਚੁੱਕੇ ਤਾਂ ਸ਼ਿਵ ਸੈਨਾ-ਸ਼ੇਰੇ-ਏ ਪੰਜਾਬ ਆਪਣੇ ਪੱਧਰ 'ਤੇ ਇਸਨੂੰ ਰੋਕੇਗੀ, ਜਿਸਦੀ ਸਾਰੀ ਜ਼ਿੰਮੇਵਾਰੀ ਜ਼ਿਲਾ ਪ੍ਰਸ਼ਾਸਨ ਤੇ ਅਧਿਕਾਰੀਆਂ ਦੀ ਹੋਵੇਗੀ।