
ਰੋਟਰੀ ਕਲੱਬ ਫਿਰੋਜ਼ਪੁਰ ਸਿਟੀ ਵੱਲੋਂ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਦਾ ਸਨਮਾਨ

ਰੋਟਰੀ ਕਲੱਬ ਫਿਰੋਜ਼ਪੁਰ ਸਿਟੀ ਵੱਲੋਂ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਦਾ ਸਨਮਾਨ
ਫਿਰੋਜ਼ਪੁਰ, 5 ਸਤੰਬਰ, 2026: ਭਾਰਤ ਦੇ ਮਹਾਨ ਸਿੱਖਿਆ ਸ਼ਾਸਤਰੀ ਅਤੇ ਸਾਬਕਾ ਰਾਸ਼ਟਰਪਤੀ ਭਾਰਤ ਰਤਨ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਵਸ ਨੂੰ ਸਮਰਪਿਤ ਅਧਿਆਪਕ ਦਿਵਸ ਮੌਕੇ ਰੋਟਰੀ ਕਲੱਬ ਫਿਰੋਜ਼ਪੁਰ ਸਿਟੀ ਵੱਲੋਂ ਸਥਾਨਕ ਸਾਈ ਪਬਲਿਕ ਸਕੂਲ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।
ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਮਨੀਲਾ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਸੀਨੀਅਰ ਅਸਿਸਟੈਂਟ ਅਮਨ ਸ਼ਰਮਾ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਰੋਟਰੀ ਕਲੱਬ ਫਿਰੋਜ਼ਪੁਰ ਸਿਟੀ ਦੇ ਚੇਅਰਮੈਨ ਵਿਜੇ ਮੋਗਾ, ਪ੍ਰਧਾਨ ਵਿਜੇ ਧਵਨ, ਸਕੱਤਰ ਸੋਹਣ ਲਾਲ ਖੱਤਰੀ ਅਤੇ ਸਾਈ ਪਬਲਿਕ ਸਕੂਲ ਦੇ ਪ੍ਰਿੰਸੀਪਲ ਸੁਨੀਰ ਮੋਂਗਾ ਵੱਲੋਂ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕੀਤਾ ਗਿਆ।
ਇਸ ਮੌਕੇ ਰੋਟਰੀ ਇੰਟਰਨੈਸ਼ਨਲ ਵੱਲੋਂ ਰੋਟਰੀ ਜ਼ਿਲ੍ਹਾ 3090 ਦੇ ਗਵਰਨਰ ਰੋਟੇਰੀਅਨ ਅਮਿਤ ਸਿੰਘਲਾ ਰਾਹੀਂ ਭੇਜੇ ਗਏ ‘ਨੈਸ਼ਨਲ ਬਿਲਡਰ ਐਵਾਰਡ’ ਨਾਲ ਸਾਈ ਪਬਲਿਕ ਸਕੂਲ ਦੀਆਂ ਸਮੂਹ ਅਧਿਆਪਕਾਵਾਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਮਨੀਲਾ ਅਰੋੜਾ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮਨੀਲਾ ਅਰੋੜਾ ਨੇ ਸਮੂਹ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕ ਸਮਾਜ ਦੀ ਉਹ ਮਹੱਤਵਪੂਰਨ ਤਾਕਤ ਹਨ ਜੋ ਆਉਣ ਵਾਲੀ ਪੀੜ੍ਹੀ ਅਤੇ ਦੇਸ਼ ਦੇ ਭਵਿੱਖ ਦੀ ਨੀਂਹ ਤਿਆਰ ਕਰਦੇ ਹਨ। ਉਨ੍ਹਾਂ ਅਧਿਆਪਕਾਂ ਨੂੰ ਆਪਣੇ ਪੇਸ਼ੇ ਨੂੰ ਪੂਰੀ ਇਮਾਨਦਾਰੀ, ਸਮਰਪਣ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ ਕੀਤੀ।
ਸਮਾਗਮ ਵਿੱਚ ਰੋਟਰੀ ਕਲੱਬ ਫਿਰੋਜ਼ਪੁਰ ਸਿਟੀ ਦੇ ਕੈਸ਼ੀਅਰ ਪ੍ਰੇਮ ਧਵਨ ਤੋਂ ਇਲਾਵਾ ਸੁਰਿੰਦਰ ਨਾਰੰਗ, ਰਕੇਸ਼ ਮਨਚੰਦਾ, ਪ੍ਰਮੋਦ ਕਪੂਰ, ਅਸ਼ੋਕ ਪਸਰੀਚਾ ਅਤੇ ਓਮ ਪ੍ਰਕਾਸ਼ ਨਿੱਕਾ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।




