Ferozepur News

ਕੇ.ਵੀ.ਕੇ. ਫਿਰੋਜ਼ਪੁਰ ਵੱਲੋਂ ਬਾਗਬਾਨੀ ਫ਼ਸਲਾਂ ਵਿਚ ਪਨੀਰੀ ਪ੍ਰਬੰਧਨ ਸੰਬੰਧੀ ਗਿਆਨ ਵਧਾਊ ਯਾਤਰਾ ਆਯੋਜਿਤ

ਕੇ.ਵੀ.ਕੇ. ਫਿਰੋਜ਼ਪੁਰ ਵੱਲੋਂ ਬਾਗਬਾਨੀ ਫ਼ਸਲਾਂ ਵਿਚ ਪਨੀਰੀ ਪ੍ਰਬੰਧਨ ਸੰਬੰਧੀ ਗਿਆਨ ਵਧਾਊ ਯਾਤਰਾ ਆਯੋਜਿਤ

ਕੇ.ਵੀ.ਕੇ. ਫਿਰੋਜ਼ਪੁਰ ਵੱਲੋਂ ਬਾਗਬਾਨੀ ਫ਼ਸਲਾਂ ਵਿਚ ਪਨੀਰੀ ਪ੍ਰਬੰਧਨ ਸੰਬੰਧੀ ਗਿਆਨ ਵਧਾਊ ਯਾਤਰਾ ਆਯੋਜਿਤ

ਫ਼ਿਰੋਜ਼ਪੁਰ, 17 ਅਗਸਤ, 2026 : ਡਾ. ਗੁਰਮੇਲ ਸਿੰਘ, ਡਿਪਟੀ ਡਾਇਰੈਕਟਰ (ਟ੍ਰੇਨਿੰਗ), ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਿਰੋਜ਼ਪੁਰ ਦੀ ਰਹਿਨੁਮਾਈ ਹੇਠ ਆਤਮਾ ਸਕੀਮ ਦੇ ਸਹਿਯੋਗ ਨਾਲ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ “ਬਾਗਬਾਨੀ ਫ਼ਸਲਾਂ ਵਿਚ ਪਨੀਰੀ ਪ੍ਰਬੰਧਨ” ਸਬੰਧੀ ਡਾ. ਜੇ.ਸੀ. ਬਖਸ਼ੀ ਖੇਤਰੀ ਖੋਜ ਕੇਂਦਰ, ਅਬੋਹਰ ਵਿਖੇ ਗਿਆਨ ਵਧਾਊ ਯਾਤਰਾ ਆਯੋਜਿਤ ਕਰਵਾਈ ਗਈ। ਯਾਤਰਾ ਦੇ ਆਗਾਜ਼ ਦੌਰਾਨ ਡਾ. ਗੁਰਮੇਲ ਸਿੰਘ, ਡਿਪਟੀ ਡਾਇਰੈਕਟਰ (ਟ੍ਰੇਨਿੰਗ), ਕੇ.ਵੀ.ਕੇ. ਫਿਰੋਜ਼ਪੁਰ ਨੇ ਗਿਆਨ ਵਧਾਊ ਯਾਤਰਾ ਵਿਚ ਭਾਗ ਲੈ ਰਹੇ ਨੌਜਵਾਨ ਕਿਸਾਨ ਵੀਰਾਂ ਨੂੰ ਖੇਤਰੀ ਖੋਜ ਕੇਂਦਰ, ਅਬੋਹਰ ਵਿਖੇ ਚੱਲ ਰਹੇ ਬਾਗਬਾਨੀ ਸੰਬੰਧਤ ਕਾਰਜਾਂ ਨੂੰ ਬਾਰੀਕੀ ਨਾਲ ਵਾਚ ਕੇ ਇਸ ਕਿੱਤੇ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ ਲਈ ਪ੍ਰੇਰਿਆ।

ਡਾ. ਬੀ.ਐੱਸ. ਸੇਖੋਂ, ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ) ਨੇ ਸਿਖਿਆਰਥੀਆਂ ਨੂੰ ਖਜ਼ੂਰ, ਜਾਮੁਨ ਅਤੇ ਨਿੰਬੂ ਜਾਤੀ ਦੇ ਫਲਾਂ ਦੀਆਂ ਪਨੀਰੀਆਂ/ਬੂਟੇ ਤਿਆਰ ਕਰਨ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ ਦੇ ਭਵਿੱਖ ਅਤੇ ਜ਼ਰੂਰੀ ਨੁਕਤਿਆਂ ਬਾਰੇ ਸੰਬੰਧੀ ਮੁੱਢਲੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਆਮ ਮਿਲ ਰਹੇ ਬੂਟਿਆਂ ਦੀਆਂ ਜੜ੍ਹਾਂ ਨੀਮਾਟੋਡ ਅਤੇ ਹੋਰ ਬਿਮਾਰੀਆਂ ਨਾਲ ਗ੍ਰਸਤ ਹੋ ਸਕਦੀਆਂ ਹਨ, ਇਸ ਲਈ ਬੂਟੇ ਹਮੇਸ਼ਾ ਭਰੋਸੇਯੋਗ ਸਰਕਾਰੀ ਨਰਸਰੀਆਂ ਤੋਂ ਖਰੀਦਣੇ ਚਾਹੀਦੇ ਹਨ। ਡਾ. ਅਨਿਲ ਕੁਮਾਰ ਕਾਮਰਾ, ਸਾਇੰਸਦਾਨ (ਬਾਗਬਾਨੀ), ਖੇਤਰੀ ਖੋਜ ਕੇਂਦਰ, ਅਬੋਹਰ ਨੇ ਕਿਸਾਨਾਂ ਨਾਲ ਖਜੂਰ ਅਤੇ ਜਾਮਣ ਦੀਆਂ ਸਿਫਾਰਸ਼ ਕਿਸਮਾਂ ਦੇ ਮਦਰ ਬਲਾਕ ਅਤੇ ਬੂਟੇ ਤਿਆਰ ਕਰਨ ਦੀਆਂ ਵਿਧੀਆਂ ਅਤੇ ਫ਼ਲ ਦੇ ਰਹੇ ਬੂਟਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਜਾਮੁਨ ਦੀਆਂ ਨਵੀਆਂ ਸਿਫਾਰਸ਼ ਕਿਸਮਾਂ ਬਹੁਤੀ ਜਗ੍ਹਾ ਨਹੀਂ ਘੇਰਦੀਆਂ ਅਤੇ ਇਹ ਕਿਸਮਾਂ ਲਗਾਉਣ ਤੋਂ 5 ਸਾਲ ਬਾਅਦ ਫਲ ਦੇਣਾ ਸ਼ੁਰੂ ਕਰ ਦਿੰਦੀਆਂ ਹਨ।

ਇਸ ਦੌਰਾਨ ਡਾ. ਸੁਭਾਸ਼ ਚੰਦਰ, ਸਾਇੰਸਦਾਨ (ਬਾਗਬਾਨੀ), ਨੇ ਸਿਖਿਆਰਥੀਆਂ ਨੂੰ ਨਿੰਬੂ ਜਾਤੀ ਦੇ ਬੂਟੇ ਤਿਆਰ ਕਰਨ ਲਈ ਪਿਓਂਦ ਅਤੇ ਹੋਰ ਤਰੀਕਿਆਂ ਜਿਵੇਂ ਕਿ ਫਾਨਾ ਪਿਓਂਦ, ਟੀ ਬਡਿੰਗ, ਪੈਚ ਬਡਿੰਗ, ਜੀਭੀ ਪਿਉਂਦ ਆਦਿ ਦੇ ਪ੍ਰੈਕਟੀਕਲ ਵੀ ਕਰਵਾਏ ਗਏ।

ਗਿਆਨ ਵਧਾਊ ਫੇਰੀ ਤੋਂ ਬਾਅਦ ਫੇਰੀ ਵਿੱਚ ਭਾਗ ਲੈ ਰਹੇ ਕਿਸਾਨਾਂ ਨੇ ਸਬਜ਼ੀਆਂ ਦੀ ਪਨੀਰੀ ਦੇ ਕਿੱਤੇ ਦੇ ਨਾਲ-ਨਾਲ ਫਲਾਂ ਦੇ ਮਦਰ ਬਲਾਕ ਸਥਾਪਿਤ ਕਰਕੇ ਫਲਦਾਰ ਬੂਟਿਆਂ ਦੀਆਂ ਪਨੀਰੀਆਂ ਤਿਆਰ ਕਰਨ ਨੂੰ ਵੀ ਸਹਾਇਕ ਧੰਦੇ ਵਜੋਂ ਅਪਨਾਉਣ ਲਈ ਹਾਮੀ ਭਰੀ। ਇਸ ਗਿਆਨ ਵਧਾਊ ਯਾਤਰਾ ਵਿੱਚ ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ 25 ਕਿਸਾਨਾਂ ਦੁਆਰਾ ਭਾਗ ਲਿਆ।

Related Articles

Leave a Reply

Your email address will not be published. Required fields are marked *

Back to top button