ਅਨੁਸ਼ਾਸਨ – ਸਫ਼ਲ ਜੀਵਨ ਦੀ ਬੁਨਿਆਦ, “ਅਨੁਸ਼ਾਸਨ ਉਹ ਪੁਲ ਹੈ ਜੋ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਦਾ ਹੈ।”

ਅਨੁਸ਼ਾਸਨ – ਸਫ਼ਲ ਜੀਵਨ ਦੀ ਬੁਨਿਆਦ।
“ਅਨੁਸ਼ਾਸਨ ਉਹ ਪੁਲ ਹੈ ਜੋ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਦਾ ਹੈ।”
ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਸਮਾਜ ਵਿੱਚ ਸੁਚੱਜੇ ਢੰਗ ਨਾਲ ਵਿਚਰਦਿਆਂ ਹੀ ਉਸ ਦਾ ਸਮਾਜਿਕ ਵਿਕਾਸ ਸੰਭਵ ਹੈ। ਇਸ ਲਈ ਸਮਾਜ ਦੇ ਹਰ ਖੇਤਰ ਵਿੱਚ ਵਿਚਰਨ ਲਈ ਕੁਝ ਸਮਾਜਿਕ ਨਿਯਮਾਂ ਦਾ ਪਾਲਣ ਕਰਨਾ ਬੇਹੱਦ ਜਰੂਰੀ ਹੈ। ਸਮਾਜ ਦੇ ਨਿਯਮਾਂ ਦਾ ਪਾਲਣ ਕਰਨ ਦੇ ਨਾਲ-ਨਾਲ, ਜ਼ਿੰਮੇਵਾਰੀ ਵਾਲਾ ਵਿਵਹਾਰ ਕਰਨਾ, ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਸਵੈ ਨਿਰੰਤਰਨ ਵਿੱਚ ਰਹਿਣ ਵਾਲਾ ਵਿਅਕਤੀ ਅਨੁਸ਼ਾਸਿਤ ਮਨੁੱਖ ਅਖਵਾਉਂਦਾ ਹੈ। ਅਨੁਸ਼ਾਸਿਤ ਵਿਅਕਤੀ ਆਪਣਾ ਜੀਵਨ ਜ਼ਿੰਮੇਵਾਰੀ ਅਤੇ ਨੈਤਿਕਤਾ ਨਾਲ ਬਤੀਤ ਕਰਦਾ ਹੋਇਆ ,ਸਮਾਜ ਵਿੱਚ ਸਨਮਾਨ ਪ੍ਰਾਪਤ ਕਰਦਾ ਹੈ। ਉਸ ਸਮੇਂ ਦਾ ਪਾਬੰਦ, ਸੱਚਾਈ ਅਤੇ ਇਮਾਨਦਾਰੀ ਤੇ ਚੱਲਦਾ ਹੋਇਆ ਦੂਸਰਿਆਂ ਪ੍ਰਤੀ ਸਨਮਾਨ ਅਤੇ ਸਹਿਯੋਗ ਦੀ ਭਾਵਨਾ ਰੱਖਦਾ ਹੈ । ਅਜਿਹੇ ਵਿਅਕਤੀ ਚੰਗੀਆਂ ਆਦਤਾਂ ਦਾ ਖਜ਼ਾਨਾ ਹੁੰਦੇ ਹਨ। ਇਹਨਾਂ ਦੇ ਦਿਨ ਦੀ ਸ਼ੁਰੂਆਤ ਸਵੇਰੇ ਜਲਦੀ ਉੱਠਣ ਨਾਲ ਹੁੰਦੀ ਹੈ, ਖਾਣ ਪੀਣ ਅਤੇ ਰਹਿਣ ਸਹਿਣ ਦੀਆਂ ਚੰਗੀਆਂ ਆਦਤਾਂ, ਘਰੇਲੂ ਕਲੇਸ਼ ਤੋਂ ਦੂਰ ਆਂਢ ਗੁਆਂਢ ਅਤੇ ਸਹਿ ਕਰਮੀਆਂ ਨਾਲ ਚੰਗੇ ਸੰਬੰਧ ,ਨਿੰਦਾ ਚੁਗਲੀ ਤੋਂ ਦੂਰ ਅਤੇ ਵਿਹਲੇ ਸਮੇਂ ਦੀ ਸੁਚੱਜੀ ਵਰਤੋਂ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ਅਜਿਹਾ ਵਿਅਕਤੀ ਦੂਸਰਿਆਂ ਲਈ ਪ੍ਰੇਰਨਾ ਸਰੋਤ ਹੁੰਦਾ ਹੈ। ਉਹ ਆਪਣੇ ਪਰਿਵਾਰ ਸੰਸਥਾ ਅਤੇ ਸਮਾਜ ਦੀ ਤਰੱਕੀ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲਾ ਹੁੰਦਾ ਹੈ।
ਇਸ ਲਈ ਅਨੁਸ਼ਾਸਨ ਨੂੰ ਵਿਅਕਤੀ ਦੇ ਸਮੁੱਚੇ ਵਿਕਾਸ ਦੀ ਮੂਲ ਨੀਂਹ ਕਿਹਾ ਜਾਂਦਾ ਹੈ। ਅਨੁਸ਼ਾਸਨ ਵਿਅਕਤੀ ਦੀਆਂ ਅਸਫਲਤਾਵਾਂ ਨੂੰ ਸਫ਼ਲਤਾ ਵਿੱਚ ਬਦਲਦਾ ਹੈ। ਅਨੁਸ਼ਾਸਨ ਜ਼ਿੰਦਗੀ ਵਿੱਚ ਨਵੀਂ ਊਰਜਾ ਅਤੇ ਦ੍ਰਿਸ਼ਟੀਕੋਣ ਪ੍ਰਦਾਨ ਕਰਦਾ ਹੈ। ਅਨੁਸ਼ਾਸਨ ਰਾਹੀਂ ਵਿਅਕਤੀ ਨੂੰ ਜ਼ਿੰਮੇਵਾਰੀ ਅਤੇ ਅਧਿਕਾਰਾਂ ਦਾ ਗਿਆਨ ਹੁੰਦਾ ਹੈ ।ਪਰਿਵਾਰ ਅਤੇ ਸਮਾਜ ਵਿੱਚ ਅਨੁਸ਼ਾਸਿਤ ਵਿਅਕਤੀ ਜਲਦ ਹੀ ਹਰਮਨ ਪਿਆਰਾ ਹੋ ਜਾਂਦਾ ਹੈ। ਆਸਾਨ ਸ਼ਬਦਾਂ ਵਿੱਚ ਅਨੁਸ਼ਾਸਨ ਵਾਲੇ ਮਨੁੱਖ ਨੂੰ ਸੱਭਿਅਕ ਮੰਨਿਆ ਜਾਂਦਾ ਹੈ। ਅਨੁਸ਼ਾਸਨ ਤੋਂ ਬਗੈਰ ਵਿਅਕਤੀ ਚਾਹੇ ਕਿੰਨੀ ਵੀ ਵਿੱਦਿਅਕ ਯੋਗਤਾ ਰੱਖਦਾ ਹੋਵੇ, ਉਹ ਸਮਾਜਿਕ ਵਿਕਾਸ ਤੋਂ ਵਾਂਝਾ ਰਹਿ ਜਾਂਦਾ ਹੈ। ਦੁਨੀਆਂ ਦੇ ਕਿਸੇ ਵੀ ਖੇਤਰ ਵਿੱਚ ਨਿਗਾਹ ਮਾਰੀਏ ਤਾਂ ਪਤਾ ਚੱਲਦਾ ਹੈ, ਕਿ ਅਨੁਸ਼ਾਸਨ ਦਾ ਪਾਲਣ ਕਰਨ ਵਾਲੇ ਲੋਕ ਹੀ ਮਹਾਨ ਸ਼ਖਸ਼ੀਅਤ ਬਣ ਕੇ ਸਾਹਮਣੇ ਆਉਂਦੇ ਹਨ।
ਮਨੁੱਖੀ ਜੀਵਨ ਵਿੱਚ ਅਨੁਸ਼ਾਸਨ ਦੀ ਇੰਨੀ ਮਹੱਤਤਾ ਹੋਣ ਦੇ ਬਾਵਜੂਦ ਵੀ ਮੌਜੂਦਾ ਦੌਰ ਵਿੱਚ ਹਰ ਪਰਿਵਾਰ ਅਤੇ ਸਮਾਜ ਨੂੰ ਅੱਜ ਅਨੁਸ਼ਾਸਨ ਕਾਇਮ ਰੱਖਣ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਦਿਆਰਥੀ ਜੀਵਨ ਤੋਂ ਲੈ ਕੇ ਨੌਕਰੀ ਕਰਦੇ ਸਥਾਨਾਂ ਤੱਕ ਅਨੁਸ਼ਾਸਨ ਦੀ ਘਾਟ ਸਾਫ ਨਜ਼ਰ ਆ ਰਹੀ ਹੈ ਸਾਂਝੇ ਪਰਿਵਾਰਾਂ ਦਾ ਟੁੱਟਣਾ, ਪਦਾਰਥਵਾਦੀ ਸੋਚ, ਵੱਧਦੀ ਮੁਕਾਬਲੇਬਾਜ਼ੀ ,ਸੋਸ਼ਲ ਮੀਡੀਆ ਅਤੇ ਮੋਬਾਇਲ ਦੀ ਵੱਧਦੀ ਵਰਤੋ ਅਤੇ ਦੇਖਾ ਦੇਖੀ ਅਮੀਰ ਬਣਨ ਅਤੇ ਅਮੀਰੀ ਦਾ ਦਿਖਾਵਾ ਕਰਨ ਦੀ ਲੱਗੀ ਅੰਨੀ ਦੌੜ ਨੇ ਅਨੁਸ਼ਾਸਨ ਦੀ ਸਥਿਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਡੰਡੇ ਤੇ ਜ਼ੋਰ ਜਾਂ ਦਬਾਅ ਨਾਲ ਬਣਾਇਆ ਅਨੁਸ਼ਾਸਨ ਲੰਮਾ ਸਮਾਂ ਕਾਇਮ ਨਹੀਂ ਰਹਿੰਦਾ। ਪ੍ਰੰਤੂ ਸਵੈ-ਇੱਛਿਤ ਤੌਰ ਤੇ ਬਣਿਆ ਅਨੁਸ਼ਾਸਨ ਸਦਾ ਲਈ ਹੀ ਚੰਗੇ ਨਤੀਜੇ ਦਿੰਦਾ ਹੈ ਸਵੈ -ਇੱਛਤ ਅਨੁਸ਼ਾਸਨ ਲਈ ਜਰੂਰੀ ਹੈ ,ਕਿ ਬਚਪਨ ਤੋਂ ਹੀ ਚੰਗੇ ਸੰਸਕਾਰ, ਚੰਗੇ ਵਿਚਾਰ ਅਤੇ ਨੈਤਿਕ ਗੁਣ ਪੈਦਾ ਕੀਤੇ ਜਾਣ। ਚੰਗੇ ਵਿਚਾਰ ਸਿਰਫ ਗੁਣਾਤਮਕ ਸਿੱਖਿਆ ਨਾਲ ਹੀ ਪੈਦਾ ਕੀਤੇ ਜਾ ਸਕਦੇ ਹਨ। ਵਿੱਦਿਅਕ ਸੰਸਥਾਵਾਂ ਅਤੇ ਅਧਿਆਪਕ ਅਨੁਸ਼ਾਸਿਤ ਇਨਸਾਨ ਪੈਦਾ ਕਰਨ ਵਿੱਚ ਵੱਡਮੁੱਲਾ ਯੋਗਦਾਨ ਪਾ ਸਕਦੇ ਹਨ।
ਵਿਦਿਆਰਥੀ ਜੀਵਨ ਮਨੁੱਖੀ ਜੀਵਨ ਦਾ ਸਭ ਤੋਂ ਖੂਬਸੂਰਤ ,ਮਹੱਤਵਪੂਰਨ, ਯਾਦਗਾਰ ਅਤੇ ਜੀਵਨ ਜਾਂਚ ਸਿੱਖਣ ਦਾ ਸਮਾਂ ਹੁੰਦਾ ਹੈ। ਇਹ ਸਮਾਂ ਸਿਰਫ ਕਿਤਾਬਾਂ ਪੜ੍ਹਨ, ਜਮਾਤ ਦੇ ਲੈਕਚਰ ਸੁਣਨ ਜਾਂ ਇਮਤਿਹਾਨ ਪਾਸ ਕਰਨ ਤੱਕ ਹੀ ਸੀਮਤ ਨਹੀਂ ਹੁੰਦਾ। ਸਗੋਂ ਚੰਗੀਆਂ ਆਦਤਾਂ ਬਣਾਉਣ ਅਤੇ ਭਵਿੱਖ ਦੀਆਂ ਨੀਹਾਂ ਮਜ਼ਬੂਤ ਕਰਨ ਲਈ ਵੀ ਹੁੰਦਾ ਹੈ। ਇਸੇ ਸਮੇਂ ਦੌਰਾਨ ਹੀ ਵਿਦਿਆਰਥੀ ਅਨੁਸ਼ਾਸਨ ਦੇ ਮੂਲ ਅੰਗ ਸਮੇਂ ਦੀ ਕਦਰ, ਸਹਿਯੋਗ, ਵੱਡਿਆਂ ਦਾ ਸਤਿਕਾਰ ,ਮਿਹਨਤ ,ਬੋਲਚਾਲ ਵਿੱਚ ਸ਼ਬਦਾਂ ਦੀ ਮਹੱਤਤਾ, ਮੁਸ਼ਕਿਲ ਹਾਲਾਤਾਂ ਵਿੱਚ ਧੀਰਜ, ਸਹਿਣਸ਼ੀਲਤਾ ਅਤੇ ਸੱਚਾਈ ਵਰਗੇ ਗੁਣਾਂ ਨੂੰ ਸਿੱਖਦਾ ਹੈ ਅਤੇ ਜ਼ਿੰਦਗੀ ਵਿੱਚ ਅਪਣਾਉਣ ਦੇ ਯਤਨ ਕਰਦਾ ਹੈ।
ਸਿੱਖਿਆ ਦੇ ਖੇਤਰ ਵਿੱਚ ਅਨੁਸ਼ਾਸਨ ਦੀ ਪ੍ਰਾਚੀਨ ਧਾਰਨਾ ਦੀ ਥਾਂ ਤੇ ਹੁਣ ਆਧੁਨਿਕ ਧਾਰਨਾ ਲਾਗੂ ਹੋ ਚੁੱਕੀ ਹੈ। ਪ੍ਰਾਚੀਨ ਧਾਰਨਾ ਅਨੁਸਾਰ ਵਿਦਿਆਰਥੀ ਵਰਗ ਵਿੱਚ ਅਧਿਆਪਕ ਦਾ ਡਰ, ਤਾਕਤ ਅਤੇ ਸਜ਼ਾ ਦੀ ਧਾਰਨਾ ਪ੍ਰਚੱਲਿਤ ਸੀ। ਪ੍ਰੰਤੂ ਮੌਜੂਦਾ ਦੌਰ ਵਿੱਚ ਇਹ ਪ੍ਰੇਮ, ਸਨੇਹ, ਹਮਦਰਦੀ ਅਤੇ ਸਤਿਕਾਰ ਵਿੱਚ ਬਦਲ ਚੁੱਕੀ ਹੈ। ਅਧਿਆਪਕ ਸੱਚੇ ਮਿੱਤਰ, ਮਾਰਗ ਦਰਸ਼ਕ ,ਸਹਿਯੋਗੀ ਅਤੇ ਦਰਸ਼ਕ ਦੀ ਭੂਮਿਕਾ ਵਜੋਂ ਕੰਮ ਕਰਨ ਦੇ ਯਤਨ ਕਰ ਰਿਹਾ ਹੈ। ਆਧੁਨਿਕ ਦੌਰ ਵਿੱਚ ਅਨੁਸ਼ਾਸਨ ਸੁਤੰਤਰਤਾ ਤੇ ਅਧਾਰਿਤ ਹੈ। ਕਿਉਂਕਿ ਬੱਚਾ ਸੁਤੰਤਰ ਸੁਭਾਅ ਦਾ ਹੁੰਦਾ ਹੈ, ਉਸ ਨੂੰ ਦਬਾਇਆ ਨਹੀਂ ਜਾ ਸਕਦਾ । ਬੱਚੇ ਦਾ ਵਿਕਾਸ ਸੁਤੰਤਰ ਵਾਤਾਵਰਨ ਵਿੱਚ ਹੋਣਾ ਚਾਹੀਦਾ ਹੈ। ਸੱਚਾ ਅਨੁਸ਼ਾਸਨ ਬੱਚਿਆਂ ਤੇ ਕੇਂਦਰੀ ਹੁੰਦਾ ਹੈ।ਅਨੁਸ਼ਾਸਨ ਜਬਰਦਸਤੀ ਥੋਪਣ ਦੀ ਥਾਂ ਅੰਦਰੋਂ ਪੈਦਾ ਹੁੰਦਾ ਹੈ। ਇਸ ਦਾ ਪ੍ਰਭਾਵ ਅਸਥਾਈ ਹੁੰਦਾ ਹੈ, ਜੋ ਬੱਚੇ ਦਾ ਵਿਵਹਾਰ ਹੀ ਬਦਲ ਦਿੰਦਾ ਹੈ ਤੇ ਉਹ ਜ਼ਿੰਮੇਵਾਰ ਨਾਗਰਿਕ ਬਣ ਕੇ ਨਿਕਲਦਾ ਹੈ।
ਅਨੁਸ਼ਾਸਨ ਦਾ ਪਹਿਲਾ ਪਾਠ ਪਰਿਵਾਰ ਤੋਂ ਹੀ ਸਿੱਖਣ ਨੂੰ ਮਿਲਦਾ ਹੈ ਘਰ ਦਾ ਮਾਹੌਲ, ਮਾਪਿਆਂ ਦਾ ਵਿਵਹਾਰ, ਪਰਿਵਾਰਕ ਮਾਣ ਸਤਿਕਾਰ ਦੀ ਭਾਵਨਾ ਅਤੇ ਮਨੁੱਖੀ ਗੁਣ ਬੱਚੇ ਨੂੰ ਜੀਵਨ ਜਾਂਚ ਦੀ ਸਿਖਲਾਈ ਦਿੰਦੇ ਹਨ। ਅਨੁਸ਼ਾਸਨ ਮਨੁੱਖੀ ਜੀਵਨ ਦੇ ਵਿਕਾਸ ਦਾ ਆਧਾਰ ਹੈ ,ਜੋ ਸੁਚੱਜੀ ਸਿੱਖਿਆ ਅਤੇ ਚੰਗੇ ਪਰਿਵਾਰਕ ਮਾਹੌਲ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਲਈ ਹਰ ਵਿੱਦਿਅਕ ਸੰਸਥਾ, ਮਾਪਿਆਂ ਅਤੇ ਅਧਿਆਪਕ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਉਹ ਬੱਚਿਆਂ ਵਿੱਚ ਅਨੁਸ਼ਾਸਨ ਲਈ ਲੋੜੀਂਦੇ ਗੁਣ ਵਿਕਸਿਤ ਕਰਨ ਵਿੱਚ ਬਣਦਾ ਯੋਗਦਾਨ ਪਾਉਣ। ਅਨੁਸ਼ਾਸਿਤ ਵਿਅਕਤੀ ਹੀ ਸਮੁੱਚੇ ਸਮਾਜ ਅਤੇ ਰਾਸ਼ਟਰ ਨਿਰਮਾਣ ਦੀ ਨੀਂਹ ਰੱਖਦਾ ਹੈ।
“ਅਨੁਸ਼ਾਸਨ ਵਿਦਿਆਰਥੀ ਦੇ ਸੁਪਨਿਆਂ ਨੂੰ ਦਿਸ਼ਾ, ਮਿਹਨਤ ਨੂੰ ਗਤੀ ਅਤੇ ਸਫ਼ਲਤਾ ਨੂੰ ਮਜ਼ਬੂਤੀ ਦਿੰਦਾ ਹੈ।”
ਡਾ ਸਤਿੰਦਰ ਸਿੰਘ
ਨੈਸ਼ਨਲ ਅਵਾਰਡੀ
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫਿਰੋਜ਼ਪੁਰ।




