Ferozepur News

ਫਿਰੋਜ਼ਪੁਰ ਦੇ ਆਂਗਣਵਾੜੀ ਕੇਂਦਰਾਂ ਵਿੱਚ ਮਨਾਇਆ ਨੈਸ਼ਨਲ ਡੀ-ਵਾਰਮਿੰਗ ਡੇ

ਫਿਰੋਜ਼ਪੁਰ ਦੇ ਆਂਗਣਵਾੜੀ ਕੇਂਦਰਾਂ ਵਿੱਚ ਮਨਾਇਆ ਨੈਸ਼ਨਲ ਡੀ-ਵਾਰਮਿੰਗ ਡੇ

ਫਿਰੋਜ਼ਪੁਰ ਦੇ ਆਂਗਣਵਾੜੀ ਕੇਂਦਰਾਂ ਵਿੱਚ ਮਨਾਇਆ ਨੈਸ਼ਨਲ ਡੀ-ਵਾਰਮਿੰਗ ਡੇ

 

ਫਿਰੋਜ਼ਪੁਰ, 11 ਅਗਸਤ 2026: ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਬੱਚਿਆਂ ਦੀ ਸਿਹਤ, ਪੋਸ਼ਣ ਅਤੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਫਿਰੋਜ਼ਪੁਰ ਦੇ ਸਾਰੇ ਆਂਗਣਵਾੜੀ ਕੇਂਦਰਾਂ ਵਿੱਚ ਨੈਸ਼ਨਲ ਡੀ-ਵਾਰਮਿੰਗ ਡੇ ਮਨਾਇਆ ਗਿਆ।

ਨੈਸ਼ਨਲ ਡੀ-ਵਾਰਮਿੰਗ ਡੇ ਭਾਰਤ ਸਰਕਾਰ ਦੀ ਇੱਕ ਜਨ ਸਿਹਤ ਮੁਹਿੰਮ ਹੈ, ਜੋ ਹਰ ਸਾਲ 10 ਫਰਵਰੀ ਅਤੇ 10 ਅਗਸਤ ਨੂੰ ਮਨਾਈ ਜਾਂਦੀ ਹੈ। ਇਸ ਮੁਹਿੰਮ ਤਹਿਤ 1 ਤੋਂ 19 ਸਾਲ ਤੱਕ ਦੀ ਉਮਰ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਮੁਫ਼ਤ ਐਲਬੈਂਡਾਜ਼ੋਲ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਹਨ। ਇਸ ਦਾ ਉਦੇਸ਼ ਕੀੜਿਆਂ ਦੀ ਲਾਗ ਨੂੰ ਰੋਕਣ ਦੇ ਨਾਲ-ਨਾਲ ਬੱਚਿਆਂ ਦੀ ਸਿਹਤ ਅਤੇ ਸਿੱਖਣ ਦੀ ਸਮਰੱਥਾ ਵਿੱਚ ਸੁਧਾਰ ਲਿਆਉਣਾ ਹੈ।

ਇਸ ਮੌਕੇ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਨੂੰ ਡੀ-ਵਾਰਮਿੰਗ ਦੀ ਦਵਾਈ ਦਿੱਤੀ ਗਈ ਅਤੇ ਉਨ੍ਹਾਂ ਨੂੰ ਪੇਟ ਦੇ ਕੀੜਿਆਂ ਕਾਰਨ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ। ਬੱਚਿਆਂ ਦੇ ਮਾਪਿਆਂ ਨੂੰ ਵੀ ਡੀ-ਵਾਰਮਿੰਗ ਦੀ ਮਹੱਤਤਾ, ਪੋਸ਼ਟਿਕ ਖੁਰਾਕ, ਨਿੱਜੀ ਸਫਾਈ ਅਤੇ ਸਿਹਤਮੰਦ ਜੀਵਨ-ਸ਼ੈਲੀ ਸਬੰਧੀ ਜਾਗਰੂਕ ਕੀਤਾ ਗਿਆ।

ਬੱਚਿਆਂ ਨੂੰ ਖਾਣਾ ਖਾਣ ਤੋਂ ਪਹਿਲਾਂ ਅਤੇ ਪਖਾਨੇ ਦੀ ਵਰਤੋਂ ਤੋਂ ਬਾਅਦ ਸਾਬਣ ਨਾਲ ਹੱਥ ਧੋਣ, ਸਾਫ਼ ਪਾਣੀ ਪੀਣ, ਨਹੁੰ ਛੋਟੇ ਰੱਖਣ ਅਤੇ ਆਪਣੇ ਆਲੇ-ਦੁਆਲੇ ਸਾਫ਼-ਸਫਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪੌਸ਼ਟਿਕ ਖੁਰਾਕ ਲੈਣ ਅਤੇ ਸਿਹਤਮੰਦ ਆਦਤਾਂ ਅਪਣਾਉਣ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ।

ਜ਼ਿਲ੍ਹਾ ਪ੍ਰੋਗਰਾਮ ਅਫਸਰ ਗੁਰਜੀਤ ਕੌਰ ਨੇ ਕਿਹਾ ਕਿ ਡੀ-ਵਾਰਮਿੰਗ ਡੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਸੁਰੱਖਿਅਤ ਰੱਖਣ ਅਤੇ ਉਨ੍ਹਾਂ ਦੀ ਸਿਹਤ, ਪੋਸ਼ਣ ਤੇ ਮਾਨਸਿਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਮੁਹਿੰਮ ਹੈ। ਉਨ੍ਹਾਂ ਕਿਹਾ ਕਿ ਨਿਯਮਤ ਡੀ-ਵਾਰਮਿੰਗ ਦੇ ਨਾਲ-ਨਾਲ ਨਿੱਜੀ ਸਫਾਈ ਅਤੇ ਸੰਤੁਲਿਤ ਖੁਰਾਕ ਬੱਚਿਆਂ ਦੇ ਸਮੁੱਚੇ ਸਿਹਤਮੰਦ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

Related Articles

Leave a Reply

Your email address will not be published. Required fields are marked *

Back to top button