Ferozepur News

15 ਅਗਸਤ ਨੂੰ ਫ਼ਿਰੋਜ਼ਪੁਰ ’ਚ ਪੰਜਾਬ ਸਰਕਾਰ ਨੂੰ ਮਿਲੇਗਾ ਕਾਲੀਆਂ ਝੰਡੀਆਂ ਦਾ ਜਵਾਬ –  ਕੰਪਿਊਟਰ ਅਧਿਆਪਕਾਂ ਨੇ ਸੰਘਰਸ਼ ਦਾ ਮੈਦਾਨ ਭਖਾਇਆ 

15 ਅਗਸਤ ਨੂੰ ਫ਼ਿਰੋਜ਼ਪੁਰ ’ਚ ਪੰਜਾਬ ਸਰਕਾਰ ਨੂੰ ਮਿਲੇਗਾ ਕਾਲੀਆਂ ਝੰਡੀਆਂ ਦਾ ਜਵਾਬ -  ਕੰਪਿਊਟਰ ਅਧਿਆਪਕਾਂ ਨੇ ਸੰਘਰਸ਼ ਦਾ ਮੈਦਾਨ ਭਖਾਇਆ 
15 ਅਗਸਤ ਨੂੰ ਫ਼ਿਰੋਜ਼ਪੁਰ ’ਚ ਪੰਜਾਬ ਸਰਕਾਰ ਨੂੰ ਮਿਲੇਗਾ ਕਾਲੀਆਂ ਝੰਡੀਆਂ ਦਾ ਜਵਾਬ
 ਕੰਪਿਊਟਰ ਅਧਿਆਪਕਾਂ ਨੇ ਸੰਘਰਸ਼ ਦਾ ਮੈਦਾਨ ਭਖਾਇਆ
ਮੁੱਖ ਮੰਤਰੀ ਦੇ ਦੌਰੇ ਤੋਂ ਪਹਿਲਾਂ ਕੰਪਿਊਟਰ ਫੈਕਲਟੀ ਐਸੋਸੀਏਸ਼ਨ ਨੇ ਰੋਸ ਐਕਸ਼ਨ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ
 2022 ਦਾ ਚੋਣ ਮਨੋਰਥ ਪੱਤਰ ਫੂਕ ਕੇ ਸਰਕਾਰ ਦੇ ਵਾਅਦਿਆਂ ਦੀ ਖੋਲ੍ਹਣਗੇ ਪੋਲ
ਫ਼ਿਰੋਜ਼ਪੁਰ 11 ਅਗਸਤ, 2026: ਕੰਪਿਊਟਰ ਫੈਕਲਟੀ ਐਸੋਸੀਏਸ਼ਨ (ਪੰਜਾਬ) ਨੇ 15 ਅਗਸਤ ਨੂੰ ਫ਼ਿਰੋਜ਼ਪੁਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦੌਰੇ ਮੌਕੇ ਕੀਤੇ ਜਾਣ ਵਾਲੇ ਤਿੱਖੇ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਐਸੋਸੀਏਸ਼ਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਆਜ਼ਾਦੀ ਦਿਵਸ ਮੌਕੇ ਮੁੱਖ ਮੰਤਰੀ ਦੇ ਫ਼ਿਰੋਜ਼ਪੁਰ ਪਹੁੰਚਣ ’ਤੇ ਕੰਪਿਊਟਰ ਅਧਿਆਪਕ ਕਾਲੀਆਂ ਝੰਡੀਆਂ ਨਾਲ ਆਪਣਾ ਰੋਸ ਦਰਜ ਕਰਵਾਉਣਗੇ ਅਤੇ ਸਰਕਾਰ ਨੂੰ ਉਸ ਦੇ ਕੀਤੇ ਵਾਅਦੇ ਯਾਦ ਕਰਵਾਉਣਗੇ।
ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਕਿ 15 ਅਗਸਤ ਦਾ ਐਕਸ਼ਨ ਸਿਰਫ਼ ਇੱਕ ਰੋਸ ਪ੍ਰਦਰਸ਼ਨ ਨਹੀਂ, ਸਗੋਂ ਲੰਮੇ ਸਮੇਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਕੰਪਿਊਟਰ ਅਧਿਆਪਕਾਂ ਦੇ ਸਬਰ ਦਾ ਸਰਕਾਰ ਨੂੰ ਦਿੱਤਾ ਗਿਆ ਸਖ਼ਤ ਜਵਾਬ ਹੋਵੇਗਾ। ਇਸ ਦੌਰਾਨ ਆਮ ਆਦਮੀ ਪਾਰਟੀ ਦੇ 2022 ਦੇ ਚੋਣ ਮਨੋਰਥ ਪੱਤਰ ਦੀਆਂ ਕਾਪੀਆਂ ਫੂਕ ਕੇ ਸਰਕਾਰ ਦੇ ਵਾਅਦਿਆਂ ਅਤੇ ਜ਼ਮੀਨੀ ਹਕੀਕਤ ਵਿਚਲੇ ਫ਼ਰਕ ਨੂੰ ਲੋਕਾਂ ਸਾਹਮਣੇ ਉਜਾਗਰ ਕੀਤਾ ਜਾਵੇਗਾ। ਐਸੋਸੀਏਸ਼ਨ ਨੇ ਦਾਅਵਾ ਕੀਤਾ ਕਿ ਇਸ ਰੋਸ ਐਕਸ਼ਨ ਵਿੱਚ ਕਈ ਭਰਾਤਰੀ ਜਥੇਬੰਦੀਆਂ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੀਆਂ।
ਆਗੂਆਂ ਪ੍ਰਦੀਪ ਕੁਮਾਰ ਮਲੂਕਾ, ਲਖਵਿੰਦਰ ਸਿੰਘ ਸਿਮਕ ਫ਼ਿਰੋਜ਼ਪੁਰ, ਗੁਰਵਿੰਦਰ ਸਿੰਘ, ਜਤਿੰਦਰ ਸਿੰਘ ਸੋਢੀ, ਮਨੀਸ਼ ਮੁੱਦਕੀ, ਮਿੰਟੂ ਥੌਮਸ, ਵਿਕਾਸ ਛਾਬੜਾ, ਮੋਹਨ ਲਾਲ, ਗੁਰਬਖਸ਼ ਸਿੰਘ, ਰਮਿਤ ਨਾਰੰਗ, ਬਲਵਿੰਦਰ ਸਿੰਘ, ਕਮਲਪ੍ਰੀਤ ਸਿੰਘ, ਗੌਰਵ, ਗੁਰਦੀਪ ਸਿੰਘ, ਮਨਦੀਪ ਕੌਰ, ਆਸ਼ਾ, ਸਾਰੀਕਾ, ਗੀਤੂ ਬਾਲਾ, ਮੋਨਿਕਾ, ਯੋਗਿਤਾ, ਲੱਕੀ ਕਥੂਰੀਆ, ਕੁਲਵਿੰਦਰ ਕੌਰ, ਸੋਨੀਆ ਸੇਠੀ, ਕੰਚਨ, ਹਰਦੀਪ ਕੌਰ, ਜੋਤੀ, ਸੁਖਜਿੰਦਰ ਪਾਲ ਕੌਰ, ਵਿਸ਼ਾਲ ਚਲਾਣਾ ਆਦਿ ਨੇ ਕਿਹਾ ਕਿ ਕੰਪਿਊਟਰ ਅਧਿਆਪਕਾਂ ਦੀ ਭਰਤੀ ਨੂੰ 21 ਸਾਲ ਬੀਤ ਚੁੱਕੇ ਹਨ ਅਤੇ 2011 ਵਿੱਚ ਉਨ੍ਹਾਂ ਨੂੰ ਪਿਕਟਸ ਸੁਸਾਇਟੀ ਅਧੀਨ ਰੈਗੂਲਰ ਕੀਤਾ ਗਿਆ ਸੀ। ਇਸ ਦੇ ਬਾਵਜੂਦ ਉਨ੍ਹਾਂ ਨੂੰ ਬਣਦੇ ਵਿੱਤੀ ਅਤੇ ਸੇਵਾਮੁਕਤੀ ਲਾਭਾਂ ਤੋਂ ਵਾਂਝਾ ਰੱਖਣਾ ਗੰਭੀਰ ਬੇਇਨਸਾਫ਼ੀ ਹੈ।
ਆਗੂਆਂ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ‘ਆਪ’ ਪੰਜਾਬ ਪ੍ਰਧਾਨ ਅਮਨ ਅਰੋੜਾ ਸਮੇਤ ਸਰਕਾਰ ਦੇ ਵੱਖ-ਵੱਖ ਨੁਮਾਇੰਦਿਆਂ ਨਾਲ ਦਰਜਨਾਂ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਪਰ ਹਰ ਮੀਟਿੰਗ ਮਗਰੋਂ ਕੰਪਿਊਟਰ ਅਧਿਆਪਕਾਂ ਨੂੰ ਭਰੋਸਿਆਂ ਦੀਆਂ ਪੋਟਲੀਆਂ ਅਤੇ ਲਾਰਿਆਂ ਦੀ ਲੰਮੀ ਸੂਚੀ ਤੋਂ ਇਲਾਵਾ ਕੁਝ ਹਾਸਲ ਨਹੀਂ ਹੋਇਆ।
ਆਗੂਆਂ ਨੇ ਕਿਹਾ ਕਿ ਹੁਣ ਕੰਪਿਊਟਰ ਅਧਿਆਪਕ ਸਰਕਾਰ ਦੇ ਖੋਖਲੇ ਭਰੋਸਿਆਂ ਨਾਲ ਨਹੀਂ, ਲਿਖਤੀ ਫ਼ੈਸਲੇ ਅਤੇ ਹੱਕਾਂ ਦੀ ਬਹਾਲੀ ਨਾਲ ਸੰਤੁਸ਼ਟ ਹੋਣਗੇ। ਉਨ੍ਹਾਂ ਦੀ ਮੁੱਖ ਮੰਗ ਹੈ ਕਿ ਕੰਪਿਊਟਰ ਅਧਿਆਪਕਾਂ ਨੂੰ ਬਿਨਾਂ ਕਿਸੇ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ, ਪੰਜਾਬ ਸਿਵਲ ਸਰਵਿਸ ਨਿਯਮਾਂ ਅਨੁਸਾਰ ਪੂਰੀਆਂ ਤਨਖ਼ਾਹਾਂ ਅਤੇ ਭੱਤੇ ਦਿੱਤੇ ਜਾਣ ਅਤੇ 6ਵਾਂ ਪੇ-ਕਮਿਸ਼ਨ ਤੁਰੰਤ ਲਾਗੂ ਕੀਤਾ ਜਾਵੇ। ਇਸ ਦੇ ਨਾਲ ਸੇਵਾ ਦੌਰਾਨ ਮੌਤ ਦਾ ਸ਼ਿਕਾਰ ਹੋਏ ਕੰਪਿਊਟਰ ਅਧਿਆਪਕਾਂ ਦੇ ਆਸ਼ਰਿਤਾਂ ਨੂੰ ਬਣਦੀ ਵਿੱਤੀ ਸਹਾਇਤਾ ਅਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਕੀਤੀ ਗਈ।
ਐਸੋਸੀਏਸ਼ਨ ਨੇ ਚਿਤਾਵਨੀ ਦਿੱਤੀ ਕਿ 15 ਅਗਸਤ ਦਾ ਫ਼ਿਰੋਜ਼ਪੁਰ ਐਕਸ਼ਨ ਸਿਰਫ਼ ਸ਼ੁਰੂਆਤ ਹੈ ਜੇਕਰ ਪੰਜਾਬ ਸਰਕਾਰ ਨੇ ਹੁਣ ਵੀ ਕੰਪਿਊਟਰ ਅਧਿਆਪਕਾਂ ਦੇ ਹੱਕਾਂ ਨੂੰ ਬਹਾਲ ਕਰਨ ਲਈ ਠੋਸ ਫ਼ੈਸਲਾ ਨਾ ਲਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਜਲਦ ਹੀ ਸੰਗਰੂਰ ਦੀਆਂ ਸੜਕਾਂ ’ਤੇ ਵੱਡਾ ਮੋਰਚਾ ਲਾਇਆ ਜਾਵੇਗਾ। ਆਗੂਆਂ ਨੇ ਕਿਹਾ ਕਿ ਉਸ ਸਮੇਂ ਪੈਦਾ ਹੋਣ ਵਾਲੇ ਹਾਲਾਤ ਲਈ ਸਿੱਧੇ ਤੌਰ ’ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ।
ਉਨ੍ਹਾਂ ਪੰਜਾਬ ਦੇ ਸਮੂਹ ਮੁਲਾਜ਼ਮਾਂ, ਅਧਿਆਪਕਾਂ, ਨੌਜਵਾਨਾਂ ਅਤੇ ਇਨਸਾਫ਼ਪਸੰਦ ਲੋਕਾਂ ਨੂੰ 15 ਅਗਸਤ ਨੂੰ ਫ਼ਿਰੋਜ਼ਪੁਰ ਪਹੁੰਚ ਕੇ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਦੀ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ।

Related Articles

Leave a Reply

Your email address will not be published. Required fields are marked *

Back to top button