Ferozepur News
ਮੈਰੀਟੋਰੀਅਸ ਸਕੂਲ ਵਿੱਚ ਵਿਸ਼ਾਲ ਸਨਮਾਨ ਸਮਾਰੋਹ ਅਤੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
50 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ; ਅਕਾਦਮਿਕ ਪ੍ਰਾਪਤੀਆਂ ਨੇ ਰਾਜ ਪੱਧਰ ’ਤੇ ਚਮਕਾਇਆ ਸਕੂਲ ਦਾ ਨਾਮ

ਮੈਰੀਟੋਰੀਅਸ ਸਕੂਲ ਵਿੱਚ ਵਿਸ਼ਾਲ ਸਨਮਾਨ ਸਮਾਰੋਹ ਅਤੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
50 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ; ਅਕਾਦਮਿਕ ਪ੍ਰਾਪਤੀਆਂ ਨੇ ਰਾਜ ਪੱਧਰ ’ਤੇ ਚਮਕਾਇਆ ਸਕੂਲ ਦਾ ਨਾਮ
ਫਿਰੋਜ਼ਪੁਰ, 8 ਅਗਸਤ, 2026: ਸਰਾਗੜ੍ਹੀ ਮੈਮੋਰੀਅਲ ਮੈਰੀਟੋਰੀਅਸ ਸਕੂਲ, ਹਕੂਮਤ ਸਿੰਘ ਵਾਲਾ, ਫਿਰੋਜ਼ਪੁਰ ਵਿਖੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਅਕਾਦਮਿਕ ਪ੍ਰਾਪਤੀਆਂ ਨੂੰ ਮਾਨਤਾ ਦੇਣ ਲਈ ਵਿਸ਼ਾਲ ਸਨਮਾਨ ਸਮਾਰੋਹ ਅਤੇ ਪੰਜਾਬੀ ਸੱਭਿਆਚਾਰ ਦੀਆਂ ਰਵਾਇਤੀ ਰੰਗਤਾਂ ਨਾਲ ਭਰਪੂਰ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ, ਖੁਸ਼ੀ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਸਿੱਖਿਆ ਦੇ ਖੇਤਰ ਵਿੱਚ ਵਿਲੱਖਣ ਪ੍ਰਾਪਤੀਆਂ ਹਾਸਲ ਕਰਨ ਵਾਲੇ 50 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਸਤਿੰਦਰ ਸਿੰਘ, ਪ੍ਰਿੰਸੀਪਲ-ਕਮ-ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਫਿਰੋਜ਼ਪੁਰ ਨੇ ਸਨਮਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀਆਂ ਨੇ ਅਕਾਦਮਿਕ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਮਾਣ ਵਧਾਉਣ ਦੇ ਨਾਲ-ਨਾਲ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਦਾ ਨਾਮ ਰਾਜ ਪੱਧਰ ’ਤੇ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਫਲਤਾ ਕਿਸੇ ਇੱਕ ਦਿਨ ਦੀ ਮਿਹਨਤ ਦਾ ਨਤੀਜਾ ਨਹੀਂ ਹੁੰਦੀ, ਸਗੋਂ ਸਖ਼ਤ ਮਿਹਨਤ, ਲਗਨ, ਅਨੁਸ਼ਾਸਨ, ਦ੍ਰਿੜ੍ਹ ਇਰਾਦੇ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਦਾ ਸਾਂਝਾ ਨਤੀਜਾ ਹੁੰਦੀ ਹੈ।
ਡਾ. ਸਤਿੰਦਰ ਸਿੰਘ ਨੇ ਮੌਜੂਦਾ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਸਨਮਾਨਿਤ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਤੋਂ ਪ੍ਰੇਰਨਾ ਲੈਣ ਅਤੇ ਆਉਣ ਵਾਲੇ ਵਿਦਿਅਕ ਸੈਸ਼ਨ ਵਿੱਚ ਹੋਰ ਵੱਡੀਆਂ ਮੰਜ਼ਿਲਾਂ ਹਾਸਲ ਕਰਨ ਲਈ ਮਿਹਨਤ ਅਤੇ ਲਗਨ ਨੂੰ ਆਪਣਾ ਮੂਲ ਮੰਤਰ ਬਣਾਉਣ।
ਸਕੂਲ ਇੰਚਾਰਜ ਸੁਕੀਰਤੀ ਸ਼ਰਮਾ ਅਤੇ ਲੈਕਚਰਾਰ ਗਿੰਨੀ ਬਾਂਸਲ ਨੇ ਸਕੂਲ ਦੀਆਂ ਅਕਾਦਮਿਕ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਦੇਸ਼ ਪੱਧਰ ਦੀਆਂ ਵੱਕਾਰੀ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ। ਸਕੂਲ ਦੇ 23 ਵਿਦਿਆਰਥੀਆਂ ਨੇ ਜੇ.ਈ.ਈ. ਮੇਨ, 3 ਵਿਦਿਆਰਥੀਆਂ ਨੇ ਜੇ.ਈ.ਈ. ਐਡਵਾਂਸਡ ਅਤੇ 10 ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਪਾਸ ਕੀਤੀ। ਇਸੇ ਤਰ੍ਹਾਂ ਕਾਮਰਸ ਖੇਤਰ ਦੀ ਵੱਕਾਰੀ ਸੀ.ਐੱਮ.ਏ. ਪ੍ਰੀਖਿਆ ਵਿੱਚ 6 ਵਿਦਿਆਰਥੀਆਂ ਨੇ ਸਫਲਤਾ ਪ੍ਰਾਪਤ ਕੀਤੀ। ਇਸ ਤੋਂ ਇਲਾਵਾ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ 4 ਵਿਦਿਆਰਥੀਆਂ ਨੇ ਰਾਜ ਪੱਧਰੀ ਮੈਰਿਟ ਸੂਚੀ ਵਿੱਚ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ।
ਸਕੂਲ ਦੀ ਅਕਾਦਮਿਕ ਉਪਲਬਧੀ ਦਾ ਇੱਕ ਹੋਰ ਮਹੱਤਵਪੂਰਨ ਪੱਖ ਇਹ ਰਿਹਾ ਕਿ 12ਵੀਂ ਜਮਾਤ ਦੇ ਕੁੱਲ 411 ਵਿਦਿਆਰਥੀਆਂ ਵਿੱਚੋਂ 171 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਵਿਲੱਖਣ ਪ੍ਰਾਪਤੀਆਂ ਲਈ ਸਕੂਲ ਦੇ ਵਿਦਿਆਰਥੀਆਂ ਅਤੇ ਸਕੂਲ ਇੰਚਾਰਜ ਨੂੰ ਇਸ ਸਾਲ ਸਿੱਖਿਆ ਮੰਤਰੀ, ਪੰਜਾਬ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।
ਸਨਮਾਨ ਸਮਾਰੋਹ ਤੋਂ ਬਾਅਦ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਸਾਵਣ ਦੇ ਮਹੀਨੇ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਦੀਆਂ ਰਵਾਇਤੀ ਰੰਗਤਾਂ ਨਾਲ ਮਨਾਇਆ ਗਿਆ। ਵਿਦਿਆਰਥਣਾਂ ਨੇ ਗਿੱਧਾ, ਭੰਗੜਾ, ਲੋਕ ਗੀਤ, ਲੋਕ ਨਾਚ ਅਤੇ ਮਹਿੰਦੀ ਮੁਕਾਬਲਿਆਂ ਵਿੱਚ ਪੂਰੇ ਉਤਸ਼ਾਹ ਨਾਲ ਭਾਗ ਲਿਆ। ਰਵਾਇਤੀ ਪੰਜਾਬੀ ਪਹਿਰਾਵਿਆਂ ਅਤੇ ਲੋਕ ਸੱਭਿਆਚਾਰ ਨਾਲ ਸਬੰਧਤ ਪੇਸ਼ਕਾਰੀਆਂ ਨੇ ਸਮਾਗਮ ਨੂੰ ਹੋਰ ਵੀ ਦਿਲਕਸ਼ ਬਣਾ ਦਿੱਤਾ। ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਿੱਖਿਆ ਵਿਭਾਗ ਵੱਲੋਂ ਮਨਾਏ ਜਾ ਰਹੇ ‘ਕੁਦਰਤ ਸੰਭਾਲ ਸਪਤਾਹ’ ਤਹਿਤ ਵਾਤਾਵਰਣ ਸੰਭਾਲ ਅਤੇ ਜਾਗਰੂਕਤਾ ਦਾ ਸੁਨੇਹਾ ਦਿੰਦਿਆਂ ਸਕੂਲ ਗਰਾਊਂਡ ਵਿੱਚ ਪੌਦੇ ਵੀ ਲਗਾਏ ਗਏ। ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਸਮਾਗਮ ਨੂੰ ਸਫਲ ਬਣਾਉਣ ਵਿੱਚ ਸਕੂਲ ਸਟਾਫ਼ ਦੇ ਮੈਂਬਰਾਂ ਦਲਜੀਤ ਕੌਰ, ਸੀਮਾ ਰਾਣੀ, ਮਿੰਕਲ, ਨਵਜੋਤ ਕੌਰ, ਸਾਕਸ਼ੀ ਸਹਿਗਲ, ਗਗਨਦੀਪ, ਮਨੋਜ ਕੁਮਾਰ, ਅਮਰ ਵਰਮਾ, ਜਸਵਿੰਦਰ ਸਿੰਘ, ਗੁਰਪ੍ਰੀਤ ਕੌਰ, ਸਮੂਹ ਲੈਕਚਰਾਰ, ਮਨੀ ਕੰਬੋਜ ਡੀ.ਪੀ.ਈ. ਅਤੇ ਜਰਨੈਲ ਸਿੰਘ ਵਾਰਡਨ ਨੇ ਵਿਸ਼ੇਸ਼ ਯੋਗਦਾਨ ਪਾਇਆ।
ਇਸ ਮੌਕੇ ਸਕੂਲ ਦਾ ਸਮੂਹ ਸਟਾਫ਼, ਵਿਦਿਆਰਥੀਆਂ ਦੇ ਮਾਪੇ ਅਤੇ ਹੋਰ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਹ ਸਮਾਗਮ ਵਿਦਿਆਰਥੀਆਂ ਦੀਆਂ ਅਕਾਦਮਿਕ ਪ੍ਰਾਪਤੀਆਂ ਨੂੰ ਸਨਮਾਨ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਪੰਜਾਬੀ ਸੱਭਿਆਚਾਰ, ਵਿਰਸੇ ਅਤੇ ਵਾਤਾਵਰਣ ਸੰਭਾਲ ਨਾਲ ਜੋੜਨ ਦਾ ਸੁੰਦਰ ਉਪਰਾਲਾ ਸਾਬਤ ਹੋਇਆ।





