ਕਸਬਾ ਮਮਦੋਟ ਦੇ ਚੱਕ ਸਰਕਾਰ ਦੇ ਆਬਾਦਕਾਰ ਕਿਸਾਨਾਂ ਦਾ ਵਫਦ ਡੀਸੀ ਫਿਰੋਜ਼ਪੁਰ ਨੂੰ ਮਿਲਿਆ, ਦੇਸ਼ ਵੰਡ ਵੇਲੇ ਦੇ ਵੱਸੇ ਪਰਿਵਾਰਾਂ ਨੂੰ ਉਜਾੜਨਾ ਚਾਉਂਦੀ ਸਰਕਾਰ – ਅਵਤਾਰ ਮਹਿਮਾਂ

ਕਸਬਾ ਮਮਦੋਟ ਦੇ ਚੱਕ ਸਰਕਾਰ ਦੇ ਆਬਾਦਕਾਰ ਕਿਸਾਨਾਂ ਦਾ ਵਫਦ ਡੀਸੀ ਫਿਰੋਜ਼ਪੁਰ ਨੂੰ ਮਿਲਿਆ, ਦੇਸ਼ ਵੰਡ ਵੇਲੇ ਦੇ ਵੱਸੇ ਪਰਿਵਾਰਾਂ ਨੂੰ ਉਜਾੜਨਾ ਚਾਉਂਦੀ ਸਰਕਾਰ – ਅਵਤਾਰ ਮਹਿਮਾਂ
ਫਿਰੋਜ਼ਪੁਰ 7 ਅਗਸਤ, 2026: ਕਸਬਾ ਮਮਦੋਟ ਦੇ ਪਿੰਡ ਦੁੱਲੇਕੇ ਉਰਫ ਚੱਕ ਸਰਕਾਰ ਦੇ ਕਿਸਾਨਾਂ ਦਾ ਵਫਦ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਅਗਵਾਈ ਵਿੱਚ ਡੀਸੀ ਫਿਰੋਜ਼ਪੁਰ ਨੂੰ ਮਿਲਿਆ | ਕਿਸਾਨਾਂ ਨੇ ਜੰਗਲਾਤ ਮਹਿਕਮੇ ਵੱਲੋਂ ਸੈਂਟਰ ਗੌਰਮਿੰਟ ਦੀ ਜਮੀਨ ਤੇ ਵੱਸੇ ਆਬਾਦਕਾਰ ਕਿਸਾਨ ਨੂੰ ਪ੍ਰੇਸ਼ਾਨ ਕਰਨ ਦਾ ਮਸਲਾ ਚੁਕਿਆ ਅਤੇ ਮੰਗ ਪੱਤਰ ਵੀ ਦਿੱਤਾ |
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਮਹਿਮਾਂ ਨੇ ਕਿਹਾ ਕਿ ਜਿਸ ਰਕਬੇ ਸਬੰਧੀ ਮੰਗ ਪੱਤਰ ਦਿੱਤਾ ਗਿਆ ਹੈ ਇਸ ਵਿਚ ਆਬਾਦਕਾਰ ਕਿਸਾਨਾਂ ਦੀ ਵਾਹੀਯੋਗ ਜ਼ਮੀਨ ਅਤੇ ਇਸ ਤੋਂ ਇਲਾਵਾ 20 ਰਿਹਾਇਸ਼ੀ ਘਰ ਬਣੇ ਹੋਏ ਹਨ, ਜਿਨ੍ਹਾਂ ਦੀਆਂ ਗਿਰਦਾਵਰੀਆਂ ਕਿਸਾਨਾਂ ਦੇ ਨਾਮ ਉੱਪਰ ਹਨ | ਫਿਰ 2007 ਦੀ ਪਾਲਿਸੀ ਵਿੱਚ ਗਿਰਦਾਵਰੀਆਂ ਮੁੜ ਸੈਂਟਰ ਗੌਰਮਿੰਟ ਦੇ ਨਾਮ ਪਰ ਦਰਜ ਹੋ ਗਈਆਂ ਹਨ। ਇਹ ਰਕਬਾ ਸੈਂਟਰ ਗੌਰਮਿੰਟ ਦਾ ਹੈ ਜੋ ਕਿ ਭਾਰਤ ਪਾਕਿ ਵੰਡ ਤੋਂ ਬਾਅਦ ਇਹਨਾਂ ਕਿਸਾਨਾਂ ਨੇ ਆਬਾਦ ਕੀਤਾ ਅਤੇ ਸ਼ੂਰੂ ਤੋਂ ਕਾਬਜ ਹਨ ਅਤੇ ਫਸਲਾਂ ਦੀ ਕਾਸ਼ਤ ਕਰਦੇ ਆ ਰਹੇ ਹਨ | ਜਿਸ ਵਿੱਚ ਪੱਕੇ ਟਿਊਬਵੈਲ ਲੱਗੇ ਹੋਏ ਅਤੇ ਰਿਹਾਇਸ਼ੀ ਘਰ ਵਿੱਚ ਪੱਕੇ ਬਿਜਲੀ ਮੀਟਰ ਲੱਗੇ ਹੋਏ ਹਨ।
ਓਹਨਾ ਕਿਹਾ ਕਿ ਦੇਸ਼ ਦੀ ਵੰਡ ਵੇਲੇ ਤੋਂ ਵੱਸੇ ਇਹਨਾਂ ਪਰਿਵਾਰਾਂ ਨੂੰ ਹੁਣ ਸਰਕਾਰ ਉਜਾੜਨਾ ਚਾਉਂਦੀ ਹੈ, ਜਿਸ ਕਰਕੇ ਹੁਣ ਰਕਬਾ ਚੱਕ ਸਰਕਾਰ ਦੇ ਜੰਗਲਾਤ ਦੀ ਹੱਕਦਾਰੀ ਕੀਤੀ ਜਾ ਰਹੀ ਹੈ | ਜਿਸ ਵਿੱਚ ਸਾਡੀਆਂ ਵਾਹੀਯੋਗ ਜ਼ਮੀਨ ਨੂੰ ਲਿਆ ਜਾ ਰਿਹਾ ਹੈ ਅਤੇ ਸਾਡੇ ਤੋਂ ਸਾਡੀਆਂ ਜ਼ਮੀਨ ਖੋਹੀਆਂ ਜਾ ਰਹੀਆਂ ਹਨ। ਜੇਕਰ ਇਹ ਜ਼ਮੀਨਾਂ ਸਾਡੇ ਤੋਂ ਖੋਹ ਲਈਆਂ ਗਈਆਂ ਤਾਂ ਸਾਡੇ ਪਾਸ ਕੋਈ ਆਮਦਨ ਦਾ ਜ਼ਰੀਆ ਨਹੀਂ ਰਹੇਗਾ ਅਤੇ ਨਾ ਹੀ ਰਿਹਾਇਸ਼ੀ ਘਰ ਰਹਿਣਗੇ। ਓਹਨਾ ਮੰਗ ਕੀਤੀ ਕਿ ਇਸ ਵਧੀਕੀ ਨੂੰ ਤੁਰੰਤ ਰੋਕਿਆ ਜਾਵੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਮਮਦੋਟ ਦੇ ਪ੍ਰਧਾਨ ਓਮ ਪ੍ਰਕਾਸ਼ ਲੱਖਾਹਾਜੀ ਵਿਕਰਮ ਬਾਰੇਕੇ ਦਵਿੰਦਰ ਸਿੰਘ ਚਿਮਨ ਸਿੰਘ ਅਵਤਾਰ ਸਿੰਘ ਮਿਲਖਾ ਸਿੰਘ ਗੁਰਨਾਮ ਸਿੰਘ ਬੋਹੜ ਸਿੰਘ ਸੁਰਜੀਤ ਸਿੰਘ ਬਿੰਦਰ ਸਿੰਘ ਹਰਜਿੰਦਰ ਸਿੰਘ ਮੁੱਖਾ ਸਿੰਘ ਸੁੱਚਾ ਸਿੰਘ ਪਰਮਜੀਤ ਸਿੰਘ ਮੰਗਲ ਸਿੰਘ ਆਦਿ ਵੱਡੀ ਗਿਣਤੀ ਕਿਸਾਨ ਹਾਜਰ ਸਨ |





