Ferozepur News

ਸਰਕਾਰੀ ਸਕੂਲਾਂ ਵਿੱਚ ਚੱਲਦੇ ਮਿਡ-ਡੇ-ਮੀਲ ਦੀ 3 ਮਹੀਨਿਆਂ ਤੋਂ ਰੁਕੀ ਰਾਸ਼ੀ ਤੁਰੰਤ ਜਾਰੀ ਕਰੇ ਪੰਜਾਬ ਸਰਕਾਰ-ਡੀ.ਟੀ.ਐੱਫ.ਫ਼ਿਰੋਜ਼ਪੁਰ

ਤਿੰਨ ਮਹੀਨਿਆਂ ਤੋਂ ਸਕੂਲ ਮੁਖੀ ਆਪਣੀ ਜੇਬ ਵਿੱਚੋਂ ਬੱਚਿਆਂ ਲਈ ਖਾਣੇ ਦਾ ਕਰ ਰਹੇ ਪ੍ਰਬੰਧ 

ਸਰਕਾਰੀ ਸਕੂਲਾਂ ਵਿੱਚ ਚੱਲਦੇ ਮਿਡ-ਡੇ-ਮੀਲ ਦੀ 3 ਮਹੀਨਿਆਂ ਤੋਂ ਰੁਕੀ ਰਾਸ਼ੀ ਤੁਰੰਤ ਜਾਰੀ ਕਰੇ ਪੰਜਾਬ ਸਰਕਾਰ-ਡੀ.ਟੀ.ਐੱਫ.ਫ਼ਿਰੋਜ਼ਪੁਰ
ਸਰਕਾਰੀ ਸਕੂਲਾਂ ਵਿੱਚ ਚੱਲਦੇ ਮਿਡ-ਡੇ-ਮੀਲ ਦੀ 3 ਮਹੀਨਿਆਂ ਤੋਂ ਰੁਕੀ ਰਾਸ਼ੀ ਤੁਰੰਤ ਜਾਰੀ ਕਰੇ ਪੰਜਾਬ ਸਰਕਾਰ-ਡੀ.ਟੀ.ਐੱਫ.ਫ਼ਿਰੋਜ਼ਪੁਰ
ਤਿੰਨ ਮਹੀਨਿਆਂ ਤੋਂ ਸਕੂਲ ਮੁਖੀ ਆਪਣੀ ਜੇਬ ਵਿੱਚੋਂ ਬੱਚਿਆਂ ਲਈ ਖਾਣੇ ਦਾ ਕਰ ਰਹੇ ਪ੍ਰਬੰਧ
ਸਰਕਾਰ ਦੀ ਆਰਥਿਕ ਬਦਇੰਤਜ਼ਾਮੀ ਬੇਨਕਾਬ-ਹਰਾਜ/ਖੋਸਾ /ਭਾਵੜਾ /ਮਹਿਰੋਕ
ਫ਼ਿਰੋਜ਼ਪੁਰ, 29 ਜੁਲਾਈ, 2026: ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਨੇ ਮਿਡ-ਡੇ-ਮੀਲ ਸਕੀਮ ਤਹਿਤ ਪਿਛਲੇ ਤਿੰਨ ਮਹੀਨਿਆਂ ਤੋਂ ਸਕੂਲਾਂ ਨੂੰ ਰਾਸ਼ੀ ਜਾਰੀ ਨਾ ਕਰਨ ‘ਤੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਰਵੱਈਏ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਜਥੇਬੰਦੀ ਨੇ ਕਿਹਾ ਕਿ ਸਰਕਾਰ ਦੀ ਅਣਗਹਿਲੀ ਕਾਰਨ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਆਪਣੀ ਜੇਬ ਵਿੱਚੋਂ ਪੈਸੇ ਖਰਚ ਕਰਕੇ ਵਿਦਿਆਰਥੀਆਂ ਲਈ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕਰਨਾ ਪੈ ਰਿਹਾ ਹੈ, ਜੋ ਕਿ ਬਿਲਕੁਲ ਅਸਵੀਕਾਰਯੋਗ ਅਤੇ ਅਣਉਚਿਤ ਹੈ।
ਡੀ.ਟੀ.ਐੱਫ. ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਹਰਾਜ, ਜ਼ਿਲ੍ਹਾ ਸਕੱਤਰ ਗੁਰਵਿੰਦਰ ਸਿੰਘ ਖੋਸਾ, ਵਿੱਤ ਸਕੱਤਰ ਅਮਿਤ ਸ਼ਰਮਾ, ਜ਼ਿਲ੍ਹਾ ਆਗੂ ਰਾਜ ਕੁਮਾਰ ਮਹਿਰੋਕ ਗੁਰੂਹਰਸਹਾਏ, ਸੂਬਾ ਕਮੇਟੀ ਮੈਂਬਰ ਸਰਬਜੀਤ ਸਿੰਘ ਭਾਵੜਾ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਮਿਡ-ਡੇ-ਮੀਲ ਯੋਜਨਾ ਕੇਂਦਰ ਅਤੇ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ, ਪਰ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਇਸ ਦਾ ਵਿੱਤੀ ਬੋਝ ਸਕੂਲ ਮੁਖੀਆਂ ਦੇ ਮੱਥੇ ਮੜ੍ਹ ਰਹੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਕੰਮ ਬੱਚਿਆਂ ਨੂੰ ਸਿੱਖਿਆ ਦੇਣਾ ਹੈ, ਨਾ ਕਿ ਸਰਕਾਰ ਦੀ ਵਿੱਤੀ ਨਾਕਾਮੀ ਦਾ ਖ਼ਮਿਆਜ਼ਾ ਆਪਣੀ ਜੇਬ ਵਿੱਚੋਂ ਭਰਨਾ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਆਰਥਿਕ ਮੰਦਹਾਲੀ ਅਤੇ ਵਿੱਤੀ ਬਦਇੰਤਜ਼ਾਮੀ ਹੁਣ ਸਿੱਖਿਆ ਪ੍ਰਣਾਲੀ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਵੱਲੋਂ ਸਕੂਲਾਂ ਵਰਗੀਆਂ ਬੁਨਿਆਦੀ ਸੇਵਾਵਾਂ ਲਈ ਵੀ ਸਮੇਂ ਸਿਰ ਫੰਡ ਮੁਹੱਈਆ ਨਾ ਕਰਵਾਉਣਾ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਵਿੱਤੀ ਪ੍ਰਬੰਧਨ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ।
 ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਇਸ ਦੇ ਸਿਆਸੀ ਨਤੀਜੇ ਵੀ ਸਾਹਮਣੇ ਆ ਸਕਦੇ ਹਨ ਅਤੇ ਲੋਕ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਦਾ ਜਵਾਬ ਦੇਣਗੇ।
ਡੀ.ਟੀ.ਐੱਫ. ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਿਡ-ਡੇ-ਮੀਲ ਦੀ ਸਮੁੱਚੀ ਬਕਾਇਆ ਰਾਸ਼ੀ ਬਿਨਾਂ ਕਿਸੇ ਹੋਰ ਦੇਰੀ ਦੇ ਤੁਰੰਤ ਜਾਰੀ ਕੀਤੀ ਜਾਵੇ, ਤਾਂ ਜੋ ਸਕੂਲ ਮੁਖੀਆਂ ਨੂੰ ਆਪਣੀ ਜੇਬ ਵਿੱਚੋਂ ਖਰਚ ਕਰਨ ਲਈ ਮਜਬੂਰ ਨਾ ਹੋਣਾ ਪਵੇ ਅਤੇ ਵਿਦਿਆਰਥੀਆਂ ਦੇ ਪੋਸ਼ਣ ਅਤੇ ਸਿੱਖਿਆ ਨਾਲ ਜੁੜੀ ਇਸ ਮਹੱਤਵਪੂਰਨ ਯੋਜਨਾ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।
ਆਗੂਆਂ ਨੇ ਕਿਹਾ ਕਿ ਡੀ.ਟੀ.ਐੱਫ. ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿੱਚ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਐਲਾਨ ਕਰੇਗੀ ਅਤੇ ਮਿਡ-ਡੇ-ਮੀਲ ਚਲਾਉਣ ਤੋਂ ਹੱਥ ਖਿੱਚਣ ਲਈ ਮਜਬੂਰ ਹੋਵੇਗੀ। ਇਸ ਸਥਿਤੀ ਲਈ ਪੂਰੀ ਤਰ੍ਹਾਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਜ਼ਿੰਮੇਵਾਰ ਹੋਣਗੇ। ਇਸ ਮੌਕੇ ਦਵਿੰਦਰ ਨਾਥ, ਅਮਿਤ ਕੰਬੋਜ਼,ਹੀਰਾ ਸਿੰਘ ਤੂਤ,ਸਵਰਨ ਸਿੰਘ,ਨਰਿੰਦਰ ਜੰਮੂ, ਰਾਮ ਕੁਮਾਰ ,ਹਰਜਿੰਦਰ ਜਨੇਰ,ਵਿਕਰਮ ਜੀਤ, ਸਵਰਨ ਸਿੰਘ,ਅਨਿਲ ਧਵਨ ,ਗਗਨ ਮਿੱਤਲ , ਜਗਜੀਤ ਸਿੰਘ, ਸੰਦੀਪ ਕੁਮਾਰ ,ਹਰਦੀਪ ਸਿੰਘ, ਬਲਵਿੰਦਰ ਸਿੰਘ, ਜੈਦੇਵ ਪੁੱਗਲ, ਵਿਪਣ ਕੰਬੋਜ, ਗੁਰਦਰਸ਼ਨ ਸਿੰਘ, ਮੁਖਤਿਆਰ ਸਿੰਘ, ਅੰਕੁਸ਼ ਕੰਬੋਜ, ਦਰਸ਼ਨ ਸਿੰਘ, ਅਰਵਿੰਦ ਗਰਗ,ਇੰਦਰ ਸਿੰਘ ਸੰਧੂ,ਵਰਿੰਦਰਪਾਲ ਸਿੰਘ,ਕਿਰਪਾਲ ਸਿੰਘ ,ਹਰਵਿੰਦਰ ਸਿੰਘ ਆਦਿ ਹਾਜ਼ਰ ਸਨ ।

Related Articles

Leave a Reply

Your email address will not be published. Required fields are marked *

Back to top button