ਐੱਸਪੀ ਹੈੱਡਕੁਆਰਟਰ ਓਲੰਪੀਅਨ ਧਰਮਵੀਰ ਸਿੰਘ ਦੀ ਅਗਵਾਈ ਹੇਠ ਐੱਸਪੀਸੀ ਸਕੀਮ ਤਹਿਤ ਪੌਧਾਰੋਪਣ ਮੁਹਿੰਮ ਦਾ ਆਯੋਜਨ
ਵਾਤਾਵਰਣ ਦੀ ਸੰਭਾਲ ਲਈ ਹਰ ਵਿਅਕਤੀ ਘੱਟੋ-ਘੱਟ ਇੱਕ ਪੌਧਾ ਲਗਾ ਕੇ ਉਸ ਦੀ ਦੇਖਭਾਲ ਕਰੇ –ਉਲੰਪੀਅਨ ਧਰਮਵੀਰ ਸਿੰਘ

ਐੱਸਪੀ ਹੈੱਡਕੁਆਰਟਰ ਓਲੰਪੀਅਨ ਧਰਮਵੀਰ ਸਿੰਘ ਦੀ ਅਗਵਾਈ ਹੇਠ ਐੱਸਪੀਸੀ ਸਕੀਮ ਤਹਿਤ ਪੌਧਾਰੋਪਣ ਮੁਹਿੰਮ ਦਾ ਆਯੋਜਨ
ਵਾਤਾਵਰਣ ਦੀ ਸੰਭਾਲ ਲਈ ਹਰ ਵਿਅਕਤੀ ਘੱਟੋ-ਘੱਟ ਇੱਕ ਪੌਧਾ ਲਗਾ ਕੇ ਉਸ ਦੀ ਦੇਖਭਾਲ ਕਰੇ –ਉਲੰਪੀਅਨ ਧਰਮਵੀਰ ਸਿੰਘ
ਫਿਰੋਜ਼ਪੁਰ, 12 ਜੁਲਾਈ, 2026: ਐੱਸਪੀ ਹੈੱਡਕੁਆਰਟਰ ਓਲੰਪੀਅਨ ਸਰਦਾਰ ਧਰਮਵੀਰ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਸਟੂਡੈਂਟ ਪੁਲਿਸ ਕੈਡਿਟ (ਐੱਸਪੀਸੀ) ਸਕੀਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ, ਜ਼ਿਲ੍ਹਾ ਫਿਰੋਜ਼ਪੁਰ ਵਿਖੇ ਵਾਤਾਵਰਣ ਸੰਭਾਲ ਨੂੰ ਸਮਰਪਿਤ ਪੌਧਾਰੋਪਣ ਮੁਹਿੰਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਾਂਝ ਕੇਂਦਰ ਦੇ ਇੰਚਾਰਜ ਏਐੱਸਆਈ ਵਰਿੰਦਰ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਸ਼੍ਰੀ ਸਤਿਆ ਸਾਈ ਸੇਵਾ ਸਮਿਤੀ ਫਿਰੋਜ਼ਪੁਰ ਦੇ ਸਹਿਯੋਗ ਨਾਲ ਸਕੂਲ ਕੈਂਪਸ ਵਿੱਚ ਛਾਂਦਾਰ, ਫਲਦਾਰ ਅਤੇ ਸਜਾਵਟੀ ਕਿਸਮਾਂ ਦੇ ਵੱਖ-ਵੱਖ ਪੌਦੇ ਲਗਾਏ।
ਮੁਹਿੰਮ ਦਾ ਉਦੇਸ਼ ਵਾਤਾਵਰਣ ਦੀ ਸੰਭਾਲ, ਪ੍ਰਦੂਸ਼ਣ ਵਿੱਚ ਕਮੀ ਲਿਆਉਣਾ, ਹਰਿਆਵਲੀ ਨੂੰ ਪ੍ਰੋਤਸਾਹਿਤ ਕਰਨਾ ਅਤੇ ਨਵੀਂ ਪੀੜ੍ਹੀ ਵਿੱਚ ਪ੍ਰਕਿਰਤੀ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਸੀ।
ਇਸ ਮੌਕੇ ਸੰਬੋਧਨ ਕਰਦਿਆਂ ਐੱਸਪੀ ਹੈੱਡਕੁਆਰਟਰ ਧਰਮਵੀਰ ਸਿੰਘ ਨੇ ਕਿਹਾ ਕਿ ਰੁੱਖ ਮਨੁੱਖੀ ਜੀਵਨ ਦਾ ਅਨਮੋਲ ਆਧਾਰ ਹਨ ਅਤੇ ਵਧ ਰਹੇ ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਦੇ ਦੌਰ ਵਿੱਚ ਪੌਧਾਰੋਪਣ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਪੌਧਾ ਜ਼ਰੂਰ ਲਗਾਉਣਾ ਚਾਹੀਦਾ ਹੈ ਅਤੇ ਉਸ ਦੀ ਸੰਭਾਲ ਵੀ ਆਪਣੀ ਜ਼ਿੰਮੇਵਾਰੀ ਸਮਝ ਕੇ ਕਰਨੀ ਚਾਹੀਦੀ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਸਿਹਤਮੰਦ ਵਾਤਾਵਰਣ ਯਕੀਨੀ ਬਣਾਇਆ ਜਾ ਸਕੇ।
ਐੱਸਪੀਸੀ ਇੰਚਾਰਜ ਅਕਸ਼ ਕੁਮਾਰ (ਡੀਐਮ ਸਪੋਰਟਸ) ਨੇ ਵਿਦਿਆਰਥੀਆਂ ਨੂੰ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਜੇਕਰ ਹਰ ਵਿਦਿਆਰਥੀ ਇੱਕ ਪੌਦਾ ਲਗਾ ਕੇ ਉਸ ਦੀ ਨਿਯਮਿਤ ਦੇਖਭਾਲ ਕਰੇ ਤਾਂ ਸਮਾਜ ਵਿੱਚ ਹਰਿਆਵਲੀ ਦਾ ਵਿਸਥਾਰ ਹੋ ਸਕਦਾ ਹੈ। ਵਿਦਿਆਰਥੀਆਂ ਨੇ ਵੀ ਪੂਰੇ ਉਤਸ਼ਾਹ ਅਤੇ ਜ਼ਿੰਮੇਵਾਰੀ ਨਾਲ ਪੌਧੇ ਲਗਾਏ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਕਲਪ ਦੁਹਰਾਇਆ।
ਇਸ ਮੌਕੇ ਸਕੂਲ ਦੇ ਅਧਿਆਪਕ, ਸਟਾਫ ਮੈਂਬਰ, ਸਮਾਜ ਸੇਵੀ ਅਤੇ ਹੋਰ ਪਤਵੰਤੇ ਵਿਅਕਤੀ ਵੀ ਹਾਜ਼ਰ ਰਹੇ। ਸਮਾਗਮ ਦੌਰਾਨ ਵਾਤਾਵਰਣ ਸੰਭਾਲ ਨਾਲ ਜੁੜੇ ਸੰਦੇਸ਼ ਵੀ ਦਿੱਤੇ ਗਏ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਰੱਖਿਆ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਪੌਧਾਰੋਪਣ ਮੁਹਿੰਮ ਰਾਹੀਂ ਸਮਾਜ ਵਿੱਚ ਹਰਿਆਵਲੀ ਵਧਾਉਣ, ਕੁਦਰਤੀ ਸਰੋਤਾਂ ਦੀ ਰੱਖਿਆ ਕਰਨ ਅਤੇ ਵਾਤਾਵਰਣ ਪ੍ਰਤੀ ਸਾਂਝੀ ਜ਼ਿੰਮੇਵਾਰੀ ਨਿਭਾਉਣ ਦਾ ਪ੍ਰਭਾਵਸ਼ਾਲੀ ਸੰਦੇਸ਼ ਦਿੱਤਾ ਗਿਆ।





