ਵਿਸ਼ਵ ਹਾਈਪਰਟੈਂਸ਼ਨ ਦਿਵਸ ਸੰਬਧੀ ਜਾਗਰੂਕਤਾ ਬੈਨਰ ਜਾਰੀ ਕੀਤਾ
ਆਪਣੇ ਬਲੱਡ ਪ੍ਰੈਸ਼ਰ ਨੂੰ ਸਹੀ ਢੰਗ ਨਾਲ ਕੰਟਰੋਲ ਕਰੋ, ਲੰਬੇ ਸਮੇਂ ਤੱਕ ਜੀਓ
ਵਿਸ਼ਵ ਹਾਈਪਰਟੈਂਸ਼ਨ ਦਿਵਸ ਸੰਬਧੀ ਜਾਗਰੂਕਤਾ ਬੈਨਰ ਜਾਰੀ ਕੀਤਾ
– ਆਪਣੇ ਬਲੱਡ ਪ੍ਰੈਸ਼ਰ ਨੂੰ ਸਹੀ ਢੰਗ ਨਾਲ ਕੰਟਰੋਲ ਕਰੋ, ਲੰਬੇ ਸਮੇਂ ਤੱਕ ਜੀਓ

ਫ਼ਿਰੋਜ਼ਪੁਰ, 15 ਮਈ, 2026: ਸਿਵਲ ਸਰਜਨ ਡਾ. ਮੀਨਕਸ਼ੀ ਢੀਂਗਰਾ ਦੀ ਅਗਵਾਈ ਹੇਠ ਵਿਸ਼ਵ ਹਾਈਪਰਟੈਨਸ਼ਨ ਦਿਵਸ ਦੇ ਸੰਬਧ ਵਿੱਚ ਜ਼ਿਲ੍ਹੇ ਅੰਦਰ ਸਾਰੀਆਂ ਸਿਹਤ ਸੰਸਥਾਵਾਂ ਵਿੱਖੇ ਜਾਗਰੂਕਤਾ ਗਤੀਵਿਧੀਆਂ ਕਰਨ ਲਈ ਜਾਗਰੂਕਤਾ ਬੈਨਰ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਿਵੇਕ ਰਜੋਰਾ ਵੀ ਹਾਜ਼ਰ ਸਨ।
ਇਸ ਮੌਕੇ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਮੀਨਾਕਸ਼ੀ ਢੀਂਗਰਾ ਨੇ ਕਿਹਾ ਕਿ ਹਾਈਪਰਟੈਨਸ਼ਨ (ਬੀ.ਪੀ.) ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਮੁੱਖ ਕਾਰਨ ਹੈ ਜਿਵੇਂ ਕਿ ਸਟ੍ਰੋਕ, ਦਿਲ ਦੇ ਦੋਰੇ ਅਤੇ ਗੁਰਦੇ ਦੀ ਬਿਮਾਰੀ, ਅਤੇ ਇਹ ਡਿਮੇਨਸ਼ੀਆ (ਦਿਮਾਗੀ ਕਮਜ਼ੋਰੀ) ਵਿੱਚ ਵੀ ਪ੍ਰਭਾਵ ਪਾ ਸਕਦੀ ਹੈ। ਬਹੁਤ ਸਾਰੇ ਲੋਕ ਜੋ ਹਾਈਪਰਟੈਨਸ਼ਨ ਤੋਂ ਪੀੜਤ ਹੁੰਦੇ ਹਨ, ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਇਸ ਬੀਮਾਰੀ ਨਾਲ ਗ੍ਰਸਤ ਹਨ ਕਿਉਂਕਿ ਇਸਦਾ ਕੋਈ ਵੀ ਲੱਛਣ ਨਹੀਂ ਹੋ ਸਕਦਾ, ਅਕਸਰ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਜਾਂ ਦੌਰਾ ਪੈਣ ਤੋਂ ਬਾਅਦ ਹੀ ਪਤਾ ਲੱਗਦਾ ਹੈ। ਵਿਸ਼ਵ ਹਾਈਪਰਟੈਨਸ਼ਨ ਦਿਵਸ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਵਿੱਚ ਹਾਈਪਰਟੈਨਸ਼ਨ ਬਾਰੇ ਜਾਗਰੂਕਤਾ ਵਧਾਉਣਾ ਹੈ, ਜਿਸ ਨੂੰ ਆਮ ਤੌਰ ‘ਤੇ ਹਾਈ ਬਲੱਡ ਪ੍ਰੈਸ਼ਰ ਵੀ ਕਿਹਾ ਜਾਂਦਾ ਹੈ।
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਿਵੇਕ ਰਜੋਰਾ ਨੇ ਦੱਸਿਆ ਕਿ ਵਿਸ਼ਵ ਦੀ ਆਬਾਦੀ ਦਾ 30 ਪ੍ਰਤੀਸ਼ਤ ਤੋਂ ਵੱਧ, ਭਾਵ ਵਿਸ਼ਵ ਦੀ ਇਕ ਅਰਬ ਤੋਂ ਵੱਧ ਆਬਾਦੀ ਹਾਈਪਰਟੈਨਸ਼ਨ ਤੋਂ ਪ੍ਰਭਾਵਿਤ ਹੈ। ਹਾਈਪਰਟੈਨਸ਼ਨ ਭਾਰਤ ਵਿੱਚ ਇੱਕ ਵਧ ਰਹੀ ਸਮੱਸਿਆ ਹੈ ਅਤੇ ਸਿਹਤ ਪ੍ਰਣਾਲੀ ‘ਤੇ ਮਹੱਤਵਪੂਰਨ ਬੋਝ ਦਾ ਕਾਰਨ ਬਣਦੀ ਜਾ ਰਹੀ ਹੈ। ਬਲੱਡ ਪ੍ਰੈਸ਼ਰ ਆਮ ਆਬਾਦੀ ਲਈ 140/90 ਤੋਂ ਘੱਟ ਹੋਣਾ ਚਾਹੀਦਾ ਹੈ ਅਤੇ ਹਾਈਪਰਟੈਂਸਿਵ ਆਬਾਦੀ ਲਈ ਬਿਨਾਂ ਕਿਸੇ ਹੋਰ ਪੇਚੀਦਗੀਆਂ ਦੇ ਅਤੇ ਸ਼ੂਗਰ ਰੋਗ ਜਾਂ ਗੰਭੀਰ ਗੁਰਦੇ ਦੀ ਬਿਮਾਰੀ ਵਾਲੇ ਲੋਕਾਂ ਲਈ 130/80 ਤੋਂ ਘੱਟ ਹਨ। ਹਾਲਾਂਕਿ ਇਸਦਾ ਕੋਈ ਇਲਾਜ ਨਹੀਂ ਹੈ, ਦਵਾਈਆਂ ਦੀ ਵਰਤੋਂ ਅਤੇ ਜੀਵਨਸ਼ੈਲੀ ਵਿੱਚ ਤਬਦੀਲੀਆਂ ਕਰਨ ਨਾਲ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਹੋ ਸਕਦਾ ਹੈ।
ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ ਨੇ ਦੱਸਿਆ ਕਿ ਜੀਵਨਸ਼ੈਲੀ ਵਿੱਚ ਮਹੱਤਵਪੂਰਨ ਤਬਦੀਲੀਆਂ, ਜਿਵੇਂ ਕਿ ਚੰਗੀ-ਸੰਤੁਲਿਤ ਖੁਰਾਕ , ਲੂਣ ਦੀ ਮਾਤਰਾ ਘੱਟ, ਸ਼ਰਾਬ ਦੀ ਵਰਤੋਂ ਨਾ ਕਰਨਾ, ਨਿਯਮਤ ਸਰੀਰਕ ਗਤੀਵਿਧੀ ਕਰਨਾ, ਤਣਾਅ ਦਾ ਪ੍ਰਬੰਧਨ ਕਰਨਾ, ਸਹੀ ਸ਼ਰੀਰਕ ਭਾਰ ਬਣਾ ਕੇ ਰੱਖਣਾ, ਸਿਗਰਟਨੋਸ਼ੀ ਨਾ ਕਰਨਾ, ਆਪਣੀਆਂ ਦਵਾਈਆਂ ਸਹੀ ਢੰਗ ਨਾਲ ਲ਼ੈਣਾ ਅਤੇ ਆਪਣੇ ਡਾਕਟਰ ਦੀ ਸਲ੍ਹਾਹ ਤੇ ਕੰਮ ਕਰਨਾ ਆਦਿ ਨਾਲ ਕਾਫੀ ਹੱਦ ਤੱਕ ਬਲੱਡ ਪ੍ਰੈਸ਼ਰ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ।





