ਫਿਰੋਜ਼ਪੁਰ ਵਿੱਚ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਵੱਡੀ ਕਾਰਵਾਈ
7.858 ਕਿਲੋ ਹੈਰੋਇਨ ਸਮੇਤ 4 ਨਸ਼ਾ ਤਸਕਰ ਕਾਬੂ, ਔਰਤ ਅਤੇ ਜੂਵੇਨਾਈਲ ਵੀ ਸ਼ਾਮਲ
ਫਿਰੋਜ਼ਪੁਰ ਵਿੱਚ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਵੱਡੀ ਕਾਰਵਾਈ
7.858 ਕਿਲੋ ਹੈਰੋਇਨ ਸਮੇਤ 4 ਨਸ਼ਾ ਤਸਕਰ ਕਾਬੂ, ਔਰਤ ਅਤੇ ਜੂਵੇਨਾਈਲ ਵੀ ਸ਼ਾਮਲ
ਫਿਰੋਜ਼ਪੁਰ, 14 ਮਈ, 2026: ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਫਿਰੋਜ਼ਪੁਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਇੱਕ ਕਥਿਤ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ 7.858 ਕਿਲੋਗ੍ਰਾਮ ਹੈਰੋਇਨ ਅਤੇ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਹਨ।
Bhupinder Singh Sidhu ਅਨੁਸਾਰ ਇਹ ਕਾਰਵਾਈ ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੇ ਅਧੀਨ ਕੀਤੀ ਗਈ।
ਐੱਸ.ਐੱਸ.ਪੀ. ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਜ਼ੀਰਾ ਦੀ ਇੱਕ ਵਿਸ਼ੇਸ਼ ਟੀਮ ਨੇ 12 ਮਈ ਨੂੰ ਬੱਸ ਅੱਡਾ ਘੱਲਖੁਰਦ ਨੇੜੇ ਚੈਕਿੰਗ ਦੌਰਾਨ ਗੁਪਤ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕੀਤੀ। ਸੂਚਨਾ ਮਿਲੀ ਸੀ ਕਿ ਆਕਾਸ਼ਦੀਪ ਉਰਫ ਆਕਾਸ਼ ਵਾਸੀ ਬੇਟੂ ਕਦੀਮ ਅਤੇ ਰੋਬਿਨ ਕੁਮਾਰ ਵਾਸੀ ਪੰਜੇ ਕੇ ਉਤਾਡ ਹੈਰੋਇਨ ਤਸਕਰੀ ਵਿੱਚ ਸ਼ਾਮਲ ਹਨ ਅਤੇ ਬੱਸ ਅੱਡਾ ਫਿਰੋਜ਼ਸ਼ਾਹ ਨੇੜੇ ਗਾਹਕਾਂ ਦੀ ਉਡੀਕ ਕਰ ਰਹੇ ਹਨ।
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵੇਂ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 1.536 ਕਿਲੋ ਹੈਰੋਇਨ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ। ਇਸ ਸਬੰਧੀ ਥਾਣਾ ਘੱਲਖੁਰਦ ਵਿਖੇ ਐਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।
ਪੁੱਛਗਿੱਛ ਦੌਰਾਨ ਦੋਸ਼ੀ ਰੋਬਿਨ ਕੁਮਾਰ ਨੇ ਖੁਲਾਸਾ ਕੀਤਾ ਕਿ ਹੋਰ ਹੈਰੋਇਨ ਉਸ ਦੇ ਘਰ ਵਿੱਚ ਛੁਪਾ ਕੇ ਰੱਖੀ ਹੋਈ ਹੈ ਅਤੇ ਪਿੰਡ ਸੋਢੇ ਵਾਲਾ ਦੀ ਸੰਤੋਸ਼ ਰਾਣੀ ਅਤੇ ਉਸ ਦੇ ਜੂਵੇਨਾਈਲ ਪੁੱਤਰ ਦੇ ਨਾਮ ਵੀ ਸਾਹਮਣੇ ਆਏ। ਇਸ ਤੋਂ ਬਾਅਦ ਕੀਤੀਆਂ ਗਈਆਂ ਛਾਪੇਮਾਰੀਆਂ ਦੌਰਾਨ ਹੋਰ 6.322 ਕਿਲੋ ਹੈਰੋਇਨ ਅਤੇ ਇੱਕ ਹੋਰ ਮੋਬਾਈਲ ਫੋਨ ਬਰਾਮਦ ਕੀਤਾ ਗਿਆ।
ਐੱਸ.ਐੱਸ.ਪੀ. ਭੂਪਿੰਦਰ ਸਿੰਘ ਸਿੱਧੂ ਨੇ ਹੋਰ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸੰਤੋਸ਼ ਰਾਣੀ ਅਤੇ ਉਸ ਦਾ 15 ਸਾਲਾ ਪੁੱਤਰ ਇਸ ਗੱਲ ਦਾ ਫਾਇਦਾ ਚੁੱਕ ਰਹੇ ਸਨ ਕਿ ਇੱਕ ਔਰਤ ਅਤੇ ਨਾਬਾਲਗ ਬੱਚੇ ’ਤੇ ਆਮ ਤੌਰ ’ਤੇ ਪੁਲਿਸ ਚੈਕਿੰਗ ਦੌਰਾਨ ਘੱਟ ਸ਼ੱਕ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮਾਂ-ਪੁੱਤਰ ਦੀ ਇਹ ਜੋੜੀ ਹੋਰ ਸਾਥੀਆਂ ਨਾਲ ਮਿਲ ਕੇ ਪਿਛਲੇ ਕਈ ਮਹੀਨਿਆਂ ਤੋਂ ਹੈਰੋਇਨ ਤਸਕਰੀ ਵਿੱਚ ਸਰਗਰਮ ਸੀ ਅਤੇ ਪਾਕਿਸਤਾਨ ਅਧਾਰਿਤ ਸਮੱਗਲਰ ਸ਼ਾਹ ਪਠਾਣ ਨਾਲ ਸੰਪਰਕ ਵਿੱਚ ਸੀ। ਸ਼ਾਹ ਪਠਾਣ ਵੱਲੋਂ ਹੀ ਕਥਿਤ ਤੌਰ ’ਤੇ ਹੈਰੋਇਨ ਦੀ ਖੇਪ ਪ੍ਰਾਪਤ ਕਰਨ ਅਤੇ ਅੱਗੇ ਸਪੁਰਦ ਕਰਨ ਸਬੰਧੀ ਹਦਾਇਤਾਂ ਦਿੱਤੀਆਂ ਜਾਂਦੀਆਂ ਸਨ। ਦੋਸ਼ੀਆਂ ਨੂੰ ਖੇਪ ਸੰਭਾਲ ਕੇ ਰੱਖਣ ਅਤੇ ਪਹਿਚਾਣ ਹੋਣ ਤੋਂ ਬਾਅਦ ਹੀ ਅੱਗੇ ਸਪੁਰਦ ਕਰਨ ਲਈ ਕਿਹਾ ਜਾਂਦਾ ਸੀ।
ਪੁਲਿਸ ਨੇ ਦੱਸਿਆ ਕਿ ਬਰਾਮਦ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂਚ ਜਾਰੀ ਹੈ ਅਤੇ ਇਸ ਮਾਮਲੇ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜਾਂਚ ਜਾਰੀ ਹੈ।






