ਨਗਰ ਕੌਂਸਲ ਫ਼ਿਰੋਜ਼ਪੁਰ, ਜ਼ੀਰਾ, ਤਲਵੰਡੀ ਤੇ ਨਗਰ ਪੰਚਾਇਤ ਮੁੱਦਕੀ ਲਈ ਹੋਣਗੀਆਂ ਚੋਣਾਂ-ਡੀ.ਸੀ
ਨਗਰ ਕੌਂਸਲ ਫ਼ਿਰੋਜ਼ਪੁਰ, ਜ਼ੀਰਾ, ਤਲਵੰਡੀ ਤੇ ਨਗਰ ਪੰਚਾਇਤ ਮੁੱਦਕੀ ਲਈ ਹੋਣਗੀਆਂ ਚੋਣਾਂ-ਡੀ.ਸੀ
- ਚੋਣਾਂ ਲਈ ਰਿਟਰਨਿੰਗ ਅਫ਼ਸਰ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ
- 13 ਮਈ ਤੋਂ 16 ਮਈ 2026 ਤੱਕ ਨਾਮਜਦਗੀਆਂ
- 26 ਮਈ ਨੂੰ ਪੈਣਗੀਆਂ ਵੋਟਾਂ, 29 ਮਈ ਨੂੰ ਐਲਾਨੇ ਜਾਣਗੇ ਨਤੀਜੇ
ਫ਼ਿਰੋਜ਼ਪੁਰ, 12 ਮਈ, 2026: ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਜਾਰੀ ਚੋਣ ਸ਼ਡਿਊਲ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਅਧੀਨ ਆਉਂਦੀਆਂ ਫ਼ਿਰੋਜ਼ਪੁਰ, ਜ਼ੀਰਾ, ਤਲਵੰਡੀ, ਮੁੱਦਕੀ ਨਗਰ ਕੌਂਸਲ/ਪੰਚਾਇਤ ਦੀਆਂ ਚੋਣਾਂ ਮਿਤੀ 26 ਮਈ 2026 ਨੂੰ ਕਰਵਾਈਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਚੋਣਾਂ ਨੂੰ ਸੁਚੱਜੇ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਰਾਜ ਚੋਣ ਕਮਿਸ਼ਨ ਪੰਜਾਬ ਚੰਡੀਗੜ੍ਹ ਵੱਲੋਂ ਰਿਟਰਨਿੰਗ ਅਫਸਰ ਅਤੇ ਸਹਾਇਕ ਰਿਟਰਨਿੰਗ ਅਫਸਰ ਨਾਮਜ਼ਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਫ਼ਿਰੋਜ਼ਪੁਰ ਲਈ ਅਭਿਸ਼ੇਕ ਸ਼ਰਮਾ ਐਸ.ਡੀ.ਐਮ. ਫ਼ਿਰੋਜ਼ਪੁਰ ਨੂੰ ਰਿਟਰਨਿੰਗ ਅਫਸਰ ਅਤੇ ਪ੍ਰੀਆ ਰਾਣੀ ਨਾਇਬ ਤਹਿਸੀਲਦਾਰ ਫ਼ਿਰੋਜ਼ਪੁਰ ਨੂੰ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਨਗਰ ਕੌਂਸਲ ਜ਼ੀਰਾ ਲਈ ਐਸ.ਡੀ.ਐਮ. ਜ਼ੀਰਾ ਲਛਮਣ ਸਿੰਘ ਨੂੰ ਰਿਟਰਨਿੰਗ ਅਫਸਰ ਅਤੇ ਵਿਨੋਦ ਕੁਮਾਰ ਨਾਇਬ ਤਹਿਸੀਲਦਾਰ ਜ਼ੀਰਾ ਨੂੰ ਸਹਾਇਕ ਰਿਟਰਨਿੰਗ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਨਗਰ ਕੌਂਸਲ ਤਲਵੰਡੀ ਭਾਈ ਲਈ ਨਵਦੀਪ ਸਿੰਗਲਾ ਐਕਸੀਅਨ ਪੀ.ਡਬਲਿਊ.ਡੀ. ਨੂੰ ਰਿਟਰਨਿੰਗ ਅਫਸਰ ਅਤੇ ਨਰਿੰਦਰ ਮੋਹਨ ਕੱਕੜ ਐਸ.ਡੀ.ਓ. ਪੀ.ਡਬਲਿਊ.ਡੀ. ਨੂੰ ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਨਗਰ ਪੰਚਾਇਤ ਮੁੱਦਕੀ ਲਈ ਜੋਨੀ ਖੰਨਾ ਐਕਸੀਅਨ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਨੂੰ ਰਿਟਰਨਿੰਗ ਅਫ਼ਸਰ ਅਤੇ ਪਰਮਪਾਲ ਸਿੰਘ ਨਾਇਬ ਤਹਿਸੀਲਦਾਰ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
ਜ਼ਿਲ੍ਹਾ ਚੋਣ ਅਫਸਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ 13 ਮਈ ਤੋਂ 16 ਮਈ 2026 ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ। 18 ਮਈ 2026 ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ। 19 ਮਈ ਨੂੰ ਉਮੀਦਵਾਰ ਨਾਮਜਦਗੀ ਪੱਤਰ ਵਾਪਿਸ ਲੈ ਸਕਦੇ ਹਨ। 26 ਮਈ ਨੂੰ ਸਵੇਰੇ 08:00 ਵਜੇ ਤੋਂ ਸ਼ਾਮ 05:00 ਵਜੇ ਤੱਕ ਵੋਟਾਂ ਪੈਣਗੀਆਂ ਅਤੇ 29 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ।





