ਮਰਦਮਸ਼ੁਮਾਰੀ 2027 ਲਈ ਸਕੂਲ ਆਫ ਐਮੀਨਸ ਫ਼ਿਰੋਜ਼ਪੁਰ ਵਿੱਚ 3 ਰੋਜ਼ਾ ਟ੍ਰੇਨਿੰਗ ਦਾ ਚੌਥਾ ਬੈਚ ਮੁਕੰਮਲ
ਮਕਾਨਸੂਚੀਕਰਣ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਦਿੱਤੀ ਗਈ ਸਿਖਲਾਈ

ਮਰਦਮਸ਼ੁਮਾਰੀ 2027 ਲਈ ਸਕੂਲ ਆਫ ਐਮੀਨਸ ਫ਼ਿਰੋਜ਼ਪੁਰ ਵਿੱਚ 3 ਰੋਜ਼ਾ ਟ੍ਰੇਨਿੰਗ ਦਾ ਚੌਥਾ ਬੈਚ ਮੁਕੰਮਲ
ਮਕਾਨਸੂਚੀਕਰਣ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਦਿੱਤੀ ਗਈ ਸਿਖਲਾਈ
ਫ਼ਿਰੋਜ਼ਪੁਰ, 9 ਮਈ, 2026: ਭਾਰਤ ਦੀ ਮਰਦਮਸ਼ੁਮਾਰੀ 2027 ਨੂੰ ਸੁਚਾਰੂ, ਸਹੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿੱਚ ਲਿਆਉਣ ਲਈ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਨਗਰ ਕੌਂਸਲ/ਨਗਰ ਪੰਚਾਇਤ ਦਫ਼ਤਰ ਜ਼ੀਰਾ, ਮੱਖੂ, ਮੱਲਾਂਵਾਲਾ, ਮਮਦੋਟ ਅਤੇ ਮੁੱਦਕੀ, ਕੰਟੋਨਮੈਂਟ ਬੋਰਡ ਫ਼ਿਰੋਜ਼ਪੁਰ, ਤਹਿਸੀਲ ਦਫ਼ਤਰ ਫ਼ਿਰੋਜ਼ਪੁਰ ਵਿਖੇ ਮਕਾਨਸੂਚੀਕਰਣ ਅਤੇ ਮਕਾਨਾਂ ਦੀ ਗਿਣਤੀ ਸਬੰਧੀ ਅੱਜ ਚੌਥੇ ਬੈਚ ਦੀ 3 ਰੋਜ਼ਾ ਟ੍ਰੇਨਿੰਗ ਮੁਕੰਮਲ ਹੋਈ।
ਇਸ ਟ੍ਰੇਨਿੰਗ ਬਾਰੇ ਸਕੂਲ ਆਫ ਐਮੀਨਸ ਫਿਰੋਜ਼ਪੁਰ ਵਿੱਚ ਟ੍ਰੇਨਿੰਗ ਦੇ ਰਹੇ ਫੀਲਡ ਟ੍ਰੇਨਰ ਅੰਕੁਸ਼ ਵਡੇਰਾ, ਰਾਮਾਨੰਦ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਮਰਦਮਸ਼ੁਮਾਰੀ ਦੇ ਪਹਿਲੇ ਪੜਾਅ ਨੂੰ ਪੂਰੀ ਤਰ੍ਹਾਂ ਵਿਗਿਆਨਕ ਅਤੇ ਡਿਜੀਟਲ ਢੰਗ ਨਾਲ ਪੂਰਾ ਕਰਨਾ ਹੈ, ਤਾਂ ਜੋ ਅਗਲੇ ਪੜਾਅ ਦੀ ਯੋਜਨਾ ਸਹੀ ਅਧਾਰ ‘ਤੇ ਬਣ ਸਕੇ। ਇਸ ਟ੍ਰੇਨਿੰਗ ਵਿੱਚ ਮਰਦਮਸ਼ੁਮਾਰੀ ਨਾਲ ਜੁੜੇ ਹਰੇਕ ਮਹੱਤਵਪੂਰਨ ਪੱਖ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਉਹਨਾਂ ਦੱਸਿਆ ਕਿ ਸ਼੍ਰੀ ਆਰ.ਪੀ. ਸਿੰਘ ਜਾਇੰਟ ਡਾਇਰੈਕਟਰ ਜਨਗਣਨਾ ਵਿਭਾਗ ਚੰਡੀਗੜ੍ਹ,ਸ. ਗੁਰਿੰਦਰ ਸਿੰਘ ਜ਼ਿਲ੍ਹਾ ਖੋਜ ਅਫ਼ਸਰ, ਸ਼੍ਰੀ ਕਾਰਤਿਕ ਕੋਆਰਡੀਨੇਟਰ, ਸ਼੍ਰੀ ਤਰਸੇਮ ਲਾਲ ਸਹਾਇਕ ਰਿਸਰਚ ਅਫ਼ਸਰ ਇਹ ਟ੍ਰੇਨਿੰਗਾਂ ਵੱਲੋਂ ਵਿਜ਼ਿਟ ਕੀਤੀ ਗਈ ਅਤੇ ਇਸ ਟ੍ਰੇਨਿੰਗ ਵਿੱਚ ਵੱਖ-ਵੱਖ ਵਿਭਾਗਾਂ ਤੋਂ ਭਾਗ ਲੈਣ ਵਾਲੇ ਗਿਣਤੀਕਾਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਅਤੇ ਪੁੱਛੇ ਗਏ ਪ੍ਰਸ਼ਨਾਂ ਦੇ ਬਹੁਤ ਹੀ ਵਧੀਆ ਢੰਗ ਨਾਲ ਉੱਤਰ ਦਿੱਤੇ ਗਏ। ਉਹਨਾਂ ਦੱਸਿਆ ਕਿ ਮਕਾਨਸੂਚੀਕਰਣ ਦੇ ਤਰੀਕਿਆਂ, ਮਕਾਨਾਂ ਦੀ ਸਹੀ ਪਛਾਣ, ਪਰਿਵਾਰਕ ਇਕਾਈਆਂ ਦੀ ਗਿਣਤੀ, ਡਾਟਾ ਇਕੱਠਾ ਕਰਨ ਦੀ ਵਿਧੀ ਅਤੇ ਰਿਕਾਰਡ ਭਰਨ ਦੀ ਪ੍ਰਕਿਰਿਆ ਬਾਰੇ ਸਪਸ਼ਟ ਅਤੇ ਆਸਾਨ ਢੰਗ ਨਾਲ ਸਮਝਾਇਆ ਗਿਆ। ਉਨ੍ਹਾਂ ਕਿਹਾ ਕਿ ਮਕਾਨਸੂਚੀਕਰਣ ਮਰਦਮਸ਼ੁਮਾਰੀ ਦਾ ਸਭ ਤੋਂ ਮਹੱਤਵਪੂਰਨ ਪੜਾਅ ਹੁੰਦਾ ਹੈ, ਜਿਸ ਦੇ ਆਧਾਰ ‘ਤੇ ਆਗਾਮੀ ਕਾਰਵਾਈ ਨਿਰਭਰ ਕਰਦੀ ਹੈ। ਇਸ ਲਈ ਹਰ ਕਰਮਚਾਰੀ ਵੱਲੋਂ ਪੂਰੀ ਇਮਾਨਦਾਰੀ, ਜ਼ਿੰਮੇਵਾਰੀ ਅਤੇ ਚੌਕਸੀ ਨਾਲ ਆਪਣੀ ਡਿਊਟੀ ਨਿਭਾਉਣਾ ਬਹੁਤ ਜ਼ਰੂਰੀ ਹੈ।
ਟ੍ਰੇਨਿੰਗ ਦੌਰਾਨ ਮੈਦਾਨੀ ਪੱਧਰ ‘ਤੇ ਆ ਸਕਣ ਵਾਲੀਆਂ ਸੰਭਾਵਿਤ ਸਮੱਸਿਆਵਾਂ ਜਿਵੇਂ ਕਿ ਡਾਟਾ ਇਕੱਠਾ ਕਰਨ ਵਿੱਚ ਆਉਣ ਵਾਲੀਆਂ ਰੁਕਾਵਟਾਂ, ਲੋਕਾਂ ਨਾਲ ਸੰਚਾਰ ਦੀਆਂ ਚੁਣੌਤੀਆਂ ਅਤੇ ਤਕਨੀਕੀ ਦਿੱਕਤਾਂ ਬਾਰੇ ਵੀ ਚਰਚਾ ਕੀਤੀ ਗਈ ਅਤੇ ਉਨ੍ਹਾਂ ਦੇ ਹੱਲ ਵੀ ਸਾਂਝੇ ਕੀਤੇ ਗਏ। ਇਸ ਤੋਂ ਇਲਾਵਾ ਨਵੇਂ ਡਿਜ਼ੀਟਲ ਸਾਧਨਾਂ ਦੀ ਵਰਤੋਂ ਰਾਹੀਂ ਡਾਟਾ ਇਕੱਠਾ ਕਰਨ ਦੀ ਪ੍ਰਕਿਰਿਆ ਨੂੰ ਹੋਰ ਵੀ ਆਸਾਨ, ਤੇਜ਼ ਅਤੇ ਪਾਰਦਰਸ਼ੀ ਬਣਾਉਣ ‘ਤੇ ਖਾਸ ਧਿਆਨ ਦਿੱਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਮਰਦਮਸ਼ੁਮਾਰੀ ਦੇ ਸਹੀ ਅਤੇ ਭਰੋਸੇਯੋਗ ਅੰਕੜੇ ਹੀ ਸਰਕਾਰ ਦੀਆਂ ਭਵਿੱਖੀ ਨੀਤੀਆਂ, ਯੋਜਨਾਵਾਂ ਅਤੇ ਵਿਕਾਸ ਕਾਰਜਾਂ ਲਈ ਮਜ਼ਬੂਤ ਅਧਾਰ ਸਾਬਤ ਹੁੰਦੇ ਹਨ। ਅੰਤ ਵਿੱਚ ਟ੍ਰੇਨਿੰਗ ਵਿੱਚ ਸ਼ਾਮਲ ਕਰਮਚਾਰੀਆਂ ਨੂੰ ਟੀਮ ਵਰਕ ਦੇ ਨਾਲ ਇਸ ਮਹੱਤਵਪੂਰਨ ਕੰਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਲਈ ਕਿਹਾ ਗਿਆ, ਤਾਂ ਜੋ ਮਰਦਮਸ਼ੁਮਾਰੀ 2027 ਬਿਨਾਂ ਕਿਸੇ ਰੁਕਾਵਟ ਦੇ ਸਫਲਤਾਪੂਰਵਕ ਪੂਰੀ ਕੀਤੀ ਜਾ ਸਕੇ।





