ਮਿੱਟੀ ਪਰਖ ਦੇ ਆਧਾਰ ’ਤੇ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਕਿਸਾਨ – ਕੇ.ਵੀ.ਕੇ. ਫਿਰੋਜ਼ਪੁਰ

ਮਿੱਟੀ ਪਰਖ ਦੇ ਆਧਾਰ ’ਤੇ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਕਿਸਾਨ – ਕੇ.ਵੀ.ਕੇ. ਫਿਰੋਜ਼ਪੁਰ
ਫ਼ਿਰੋਜ਼ਪੁਰ, 06 ਮਈ, 2026: ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ ਦੀ ਟੀਮ ਵੱਲੋਂ ਡਾ. ਗੁਰਮੇਲ ਸਿੰਘ, ਡਿਪਟੀ ਡਾਇਰੈਕਟਰ ਦੀ ਅਗਵਾਈ ਹੇਠ ਰਸਾਇਣਕ ਖਾਦਾਂ ਦੀ ਸੰਤੁਲਿਤ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਪਿੰਡ ਫਿਰੋਜ਼ਸ਼ਾਹ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਡਾ ਭੱਲਣ ਸਿੰਘ ਸੇਖੋਂ, ਸਹਾਇਕ ਪ੍ਰੋਫੈਸਰ, ਸਬਜ਼ੀ ਵਿਗਿਆਨ ਨੇ ਕਿਸਾਨਾਂ ਨੂੰ ਮਿੱਟੀ ਦੀ ਪਰਖ ਦੇ ਅਧਾਰ ‘ਤੇ ਮੁੱਖ ਫ਼ਸਲਾਂ, ਸਬਜ਼ੀਆਂ ਅਤੇ ਫਲਾਂ ਵਿੱਚ ਖਾਦਾਂ ਦੀ ਵਰਤੋਂ ਕਰਨ ਲਈ ਕਿਹਾ। ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਬਣੀ ਮਿੱਟੀ ਅਤੇ ਪਾਣੀ ਪਰਖ ਲੈਬ ਬਾਰੇ ਦਸਦਿਆਂ ਕਿਹਾ ਕਿ ਸਾਉਣੀ ਦੀ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਮਿੱਟੀ ਪਰਖ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ।
ਉਨ੍ਹਾਂ ਨੇ ਕਿਸਾਨਾਂ ਨੂੰ ਮਿੱਟੀ ਦੇ ਨਮੂਨੇ ਲੈਣ ਦੀ ਸਹੀ ਵਿਧੀ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਜੇਕਰ ਕਣਕ ਦੀ ਫ਼ਸਲ ਨੂੰ ਸਿਫਾਰਸ਼ ਡੀ.ਏ.ਪੀ. ਦੀ ਖਾਦ ਪਾਈ ਹੋਵੇ ਤਾਂ ਝੋਨੇ ਨੂੰ ਖ਼ਾਦ ਪਾਉਣ ਦੀ ਲੋੜ ਨਹੀਂ। ਇਸ ਦੇ ਨਾਲ ਹੀ ਓਹਨਾਂ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਪੀ.ਏ.ਯੂ. ਵੱਲੋਂ ਸਿਫਾਰਸ਼ ਕੀਤੀਆਂ ਝੋਨੇ ਦੀਆਂ ਕਿਸਮਾਂ ਜਿਵੇਂ ਪੀ.ਆਰ.-131, ਪੀ.ਆਰ.-132, ਪੀ.ਆਰ.-126 ਅਤੇ ਨਵੀਂ ਕਿਸਮ ਪੀ.ਆਰ.-133 ਦੇ ਬੀਜ ਕਿਸਾਨ ਵੀਰ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਬਾਸਮਤੀ ਦੀ ਫ਼ਸਲ ਵਿੱਚ ਬੀਜ ਦੀ ਸੋਧ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਵੀ ਚਰਚਾ ਕੀਤੀ ਗਈ।
ਡਾ ਦਿਵਿਆ ਜੈਨ, ਸਹਾਇਕ ਪ੍ਰੋਫੈਸਰ, ਗ੍ਰਹਿ ਵਿਗਿਆਨ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਘਰੇਲੂ ਸੁਆਣੀਆਂ ਲਈ ਲਗਾਏ ਜਾਂਦੇ ਕਿੱਤਾ ਮੁਖੀ ਸਿਖਲਾਈ ਕੋਰਸਾਂ ਅਤੇ ਜਿਨਸਾਂ ਦੇ ਮੁੱਲ ਵਾਧੇ ਸਬੰਧੀ ਜਾਣਕਾਰੀ ਸਾਂਝੀ ਕੀਤੀ। ਕੈਂਪ ਦੇ ਅਖੀਰ ਵਿਚ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਤਸੱਲੀਬਖਸ਼ ਢੰਗ ਨਾਲ ਦਿੱਤੇ ਗਏ।





